ਫਲੇਲ ਸਿੰਘ ਸਿੱਧੂ
(ਸਮਾਜ ਵੀਕਲੀ) ਮਾਪੇ ਬੱਚਿਆਂ ਨੂੰ ਪਾਲ-ਪੋਸ ਕੇ,ਪੜ੍ਹਾ- ਲਿਖਾ ਕੇ ਨਾ ਚਾਹੁੰਦੇ ਹੋਏ ਵੀ ਜ਼ਹਾਜ਼ ਚੜਾਉਣ ਲੱਗੇ ਅੱਖਾਂ ਚ ਆਏ ਹੋਏ ਹੰਝੂਆਂ ਨੂੰ ਛੁਪਾਉਂਦੇ ਹੋਏ ਅਕਸਰ ਹੀ ਕਹਿੰਦੇ ਹਨ,ਪੁੱਤਰਾ !! ਜੀ ਤਾਂ ਨੀ ਕਰਦਾ ,ਅੱਖਾਂ ਤੋਂ ਓਹਲੇ ਕਰੀਏ ਪਰ ਮਜ਼ਬੂਰੀ ਆ।ਤੂੰ ਜਾ ਪੁੱਤਰਾ ਤੈਨੂੰ ਕਿੰਝ ਰੋਕੀਏ ?
ਲੱਖਾਂ ਰੁਪਏ ਫੀਸ ਭਰਨ ਲਈ ,ਅਸੀਂ ਢਿੱਡ ਨੂੰ ਗੰਢਾਂ ਦਿੰਦੇ ਰਹੇ।ਫੂਈ-ਫੂਈ ਜੋੜ ਕੇ , ਮਹਿੰਗੀਆਂ ਫੀਸਾਂ ਭਰ ਕੇ ਮਿਲੀ ਡਿਗਰੀ ,ਇੱਕ ਅਹਿਸਾਸ ਤੋਂ ਵੱਧ ਕੁੱਝ ਨਹੀਂ। ਬਸ ਇੱਕ ਧਰਵਾਸ ਐ ਵੀ ਪੁੱਤਰ ਪੜ੍ਹਿਆ – ਲਿਖਿਆ ਹੈ।ਤੇਰਾ ਇਹ ਕਾਗਜ਼ ਦਾ ਟੁਕੜਾ ਤੈਨੂੰ ਰੁਜ਼ਗਾਰ ਦੀ ਸਾਅਦੀ ਨਹੀਂ ਭਰਦਾ।ਸਗੋਂ ਬੇਰੁਜ਼ਗਾਰਾਂ ਦੀ ਕਤਾਰ ਹੀ ਲੰਮੀ ਕਰਦਾ ਹੈ।ਤੇਰੇ ਵਰਗਿਆਂ ਨੇ ਸਿੱਖਿਆ ਵਪਾਰੀਆਂ ਦੀ ਜੇਬ ਗਰਮ ਤਾਂ ਕੀਤੀ ਆ ਪਰ ਤੁਹਾਨੂੰ ਬੇਭਰੋਸਗੀ ਦੇ ਆਲਮ ਚ ਧੱਕਾ ਦੇਣ ਲੱਗਿਆਂ ਨੇ; ਰੱਤੀ ਭਰ ਤਰਸ ਨੀ ਕੀਤਾ।ਸੋ ਇਸ ਕਰਕੇ ਬੇਰੁਜ਼ਗਾਰੀ ਦੀ ਚੱਕੀ ਚ ਪਿਸਦੇ ਨੂੰ ,ਤੈਨੂੰ ਕਿੰਝ ਰੋਕੀਏ ?
ਜਿੱਥੇ ਹੱਕ ਮੰਗਣ ਦੇ ਇਵਜ਼ ਚ ਡਾਂਗ ਫਿਰੇ,ਧੀਆਂ-ਭੈਣਾਂ ਦੀਆਂ ਚੁੰਨੀਆਂ ਲੱਥਣ।ਰੁਜ਼ਗਾਰ ਮੰਗਣ ਲਈ ਤੇਰੇ ਹਾਣੀ ਸੜਕਾਂ ਰੋਕਣ, ਮੀਂਹ-ਹਨੇਰੀ,ਗਰਮੀ-ਸਰਦੀ ਚ ਪਾਣੀ ਵਾਲੀਆਂ ਟੈਕੀਆਂ ਤੇ ਚੜਨ।ਕਿਸਾਨ-ਮਜ਼ਦੂਰ ਦੇ ਸਿਰ ਦਾ ਤਾਜ ,ਪੱਗ ਹੀ ,ਗਲ ਦਾ ਫੰਦਾ ਬਣ ਜਾਵੇ। ਫੇਰ ਅਜਿਹੇ ਮਹੌਲ ਚ ਪੁੱਤਰਾ!! ਤੈਨੂੰ ਕਿੰਝ ਰੋਕੀਏ??
ਪੁੱਤਰਾ!! ਜਦੋਂ ਤੂੰ ਘਰੋਂ ਜਾਨੈ ਤਾਂ ਘਰ ਮੁੜਨ ਤੱਕ ਜਾਨ ਮੁੱਠੀ ਚ ਆਈ ਰਹਿੰਦੀ ਆ।ਥਾਂ-ਥਾਂ ਹੁੰਦਾ ਅਨਿਆ,ਲਹੂ ਪੀਣੀਆਂ ਸੜਕਾਂ,ਡਾਢਿਆਂ ਦਾ ਧੱਕਾ, ਬੇਇਨਸਾਫੀ, ਆਸੁਰੱਖਿਆ ਦਾ ਅਹਿਸਾਸ ਅੱਖਾਂ ਦੀ ਨੀਂਦ ਖੋ ਲੈਂਦਾ ਆ।ਜਿੱਥੇ ਐਨੀ ਬੇਗਾਨਗੀ ਦੀ ਭਾਵਨਾ ਹੋਵੇ।ਦਸ ਤੈਨੂੰ ਕਿਹੜੇ ਖੰਭਾਂ ਹੇਠ ਛੁਪਾ ਕੇ ਰੱਖੀਏ?ਸੋ ਇਸੇ ਕਰਕੇ ਪੁੱਤਰਾ!!ਦਿਲ ਤੇ ਪੱਥਰ ਹੀ ਰੱਖ ਸਕਦੇ ਆ।ਦਸ ਤੈਨੂੰ ਕਿੰਝ ਰੋਕੀਏ ??
ਥਾਂ-ਥਾਂ ਫੈਲਿਆ ਭਰਿਸ਼ਟਾਚਾਰ ਤੇਰੀ ਲਿਆਕਤ ਨੂੰ ਨੁੱਕਰੇ ਲਾ ਕੇ ਜਦੋਂ ਅਯੋਗ ਦੀ ਚੋਣ ਕਰਦੈ ਤਾਂ ਤੇਰੀਆਂ ਅੱਖਾਂ ਚ ਬਲਦੀ ਜਵਾਲਾਮੁਖੀ ਦਾ ਸੇਕ ਤਨ -ਮਨ ਨੂੰ ਸਾੜਦਾ ਹੈ।ਪਰ ਕੀ ਕਰੀਏ ?ਜਿੱਥੇ ਲਿਆਕਤ,ਗੁਣ,ਯੋਗਤਾ ਦੀ ਕਦਰ ਨਾ ਹੋਵੇ,ਤੂੰ ਵਿਹਲੜਾਂ,ਨਿਕੰਮਿਆਂ,ਅਯੋਗ,ਗੈਰਹੁਨਰਾਂ ਦੀ ਭੀੜ ਚ ਦਮ ਘੁੱਟ ਕੇ ਰਹਿ ਜਾਵੇਗਾ,ਇਹ ਮੈਨੂੰ ਪਤੈ।ਸੋ ਜਦੋਂ ਕਿਸੇ ਨੂੰ ਯੋਗਤਾ ਦੀ ਪ੍ਰਵਾਹ ਹੀ ਨਹੀਂ।ਬਸ ਇੰਨੀ ਕੁ ਧਰਵਾਸ ਆ ਕਿ ਤੂੰ ਠੱਗਾਂ ਦੀ ਭੀੜ ਦਾ ਹਿੱਸਾ ਨਹੀਂ।ਜਾ ਪੁੱਤਰ!! ਤੈਨੂੰ ਕਿੰਝ ਰੋਕੀਏ।
ਸਾਡੇ ਗੁਰੂਆਂ ਨੇ ਫਰਮਾਇਆ ਸੀ-ਪਾਣੀ ਪਿਤਾ,ਧਰਤ ਮਾਤਾ।ਜੇ ਪਿਤਾ ਸਮਾਨ ਪਾਣੀ ਤੇ ਮਾਤਾ ਸਮਾਨ ਧਰਤੀ ਨੂੰ, ਅਸੀਂ ਦੂਸ਼ਿਤ ਹੋਣ ਤੋਂ ਨਹੀਂ ਬਚਾ ਸਕਦੇ।ਉਹ ਦੇਸ ਜਿੱਥੇ ਬਿਮਾਰੀਆਂ ਦੇ ਨਾਂ ਤੇ ਟਰੇਨ ਚਲਦੀ ਹੋਵੇ ।ਜਿਸ ਦੇਸ ਦੇ ਰੱਬ ਰੂਪ ਡਾਕਟਰ ਵਿਵਾਦਾਂ ਚ ਘਿਰੇ ਰਹਿਣ।ਜਿੱਥੇ ਮਾਂ ਦਾ ਦੁੱਧ ਹੀ ਦੂਸਿ਼ਤ ਹੋਵੇ।,ਫੇਰ ਦੁਧਾਰੂ ਪਸੂ਼ਆਂ ਤੋਂ ਪ੍ਰਾਪਤ ਦੁੱਧ ਦਾ ਤਾਂ ਰੱਬ ਹੀ ਰਾਖਾ ਐ। ਕੀ-ਕੀ ਕਹਾਂ ?ਖਾਣ-ਪੀਣ ਸਮੇਂ ਸੌ ਵਾਰ ਸੋਚਣਾ ਪਵੇ।ਫੇਰ ਤੈਨੂੰ ਰੋਕਣ ਦਾ ਸਵਾਲ ਮਨ ਚੋਂ ਮਨਫੀ ਕਰਨਾ ਹੀ ਬਿਹਤਰ ਆ।ਮਨ ਤਾਂ ਦੁਖੀ ਆ ,ਲੱਖਾਂ ਮਾਂ -ਬਾਪ ਦੀਆਂ ਡੰਗੋਰੀਆਂ ਹੱਥੋਂ ਛੁੱਟ ਰਹੀਆਂ ਹਨ।ਪਰ ਜਾ ਪੁੱਤਰਾ!!! ਤੈਨੂੰ ਕਿੰਝ ਰੋਕੀਏ??
ਦੁਨੀਆਂ ਦਾ ਖੂਨ ਸਫੈਦ ਹੋ ਗਿਆ।ਭਾਈ-ਭਾਈ ਦਾ ਸਕਾ ਨਹੀਂ।ਚਾਰ ਛਿੱਲੜਾਂ ਪਿੱਛੇ ਬੰਦੇ ਦਾ ਈਮਾਨ ਡੋਲ ਜਾਂਦਾ ਆ।ਤੂੰ ਪੜਿਆ-ਸੁਣਿਆ ਹੀ ਆ ,ਮਹਿਜ ਦਸ ਰੁਪਿਆ ਦੇ ਨੋਟ ਪਿੱਛੇ ਵੀ ਬੰਦਾ,ਬੰਦੇ ਨੂੰ ਮਾਰ ਰਿਹਾ ਆ।ਰਿਸ਼ਤਿਆਂ ਦੇ ਹੁੰਦੇ ਘਾਣ ਤੋਂ ਬਚ ਸਕਦਾ ਆ ,ਤਾਂ ਜਾਂ ਪੁੱਤਰਾ!!ਤੈਨੂੰ ਕਿੰਝ ਰੋਕੀਏ??
ਜੇ ਇੰਝ ਬਿਆਨ ਕਰਾਂ ਤਾਂ ਲੜੀ ਬਹੁਤ ਲੰਬੀ ਆ।ਦੇਸ ਦੇ ਹੁਨਰਮੰਦ ਨੌਜਵਾਨ ਜ਼ਹਾਜ਼ ਚੜਦੇ ਦੇਖ ਕੇ ਮਨ ਦਾ ਉਦਾਸ ਹੋਣਾ ਦੁਖਦਾਇਕ ਤਾਂ ਹੈ ਪਰ ਰੁਜ਼ਗਾਰ ਦੀ ਭਾਲ ਚ ਪਰਵਾਸ ਕਰਦੇ , ਪੁੱਤਰਾ ਦਸ!!! ਤੈਨੂੰ ਕਿੰਝ ਰੋਕੀਏ????
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly