ਅਮਰਗੜ-(ਸਮਾਜ ਵੀਕਲੀ) ( ਗੁਰਜੰਟ ਸਿੰਘ ਢਢੋਗਲ ) ਸਿੱਖ ਧਰਮ ਦੇ ਬਾਨੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੂਰਬ ਨੂੰ ਸਮਰਪਤ ਪੂਰੀ ਦੁਨੀਆਂ ਵਿੱਚ ਉਨ੍ਹਾਂ ਦੇ ਪੈਰੋਕਾਰ ਉਨ੍ਹਾਂ ਦੇ ਗੁਰਪੂਰਬ ਸੰਬੰਧੀ ਥਾ-ਥਾਂ ਤੇ ਧਾਰਮਿਕ ਸਮਾਗਮ ਕਰਵਾ ਰਹੇ ਹਨ ਇਸੇ ਲੜੀ ਦੇ ਤਹਿਤ ਜਿਲਾ ਮਾਲੇਰਕੋਟਲਾ ਦੇ ਕਸਬਾ ਅਮਰਗਡ਼੍ਹ ਦੇ ਨੇੜਲੇ ਪਿੰਡ ਮੁਹਾਲੀ ਵਿਖੇ ਵੀ ਪਿੰਡ ਦੇ ਗੁਰਦੁਆਰਾ ਸਹਿਬ ਸ਼ਹੀਦਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਧਾਰਮਿਕ ਸਮਾਗਮ ਕਰਵਾਇਆ ਗਿਆ।ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਭੋਗ ਉਪਰੰਤ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਬੈੰਡ-ਵਾਜਿਆਂ ਨਾਲ ਇੱਕ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਪਿੰਡ ਮੋਹਾਲੀ ਦੀ ਪਰਿਕਰਮਾ ਕਰਕੇ ਕਾਲੋਨੀਆਂ ਵਿੱਚੋੰ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ।ਰਸਤੇ ਵਿਚ ਪਿੰਡ ਦੀਆਂ ਸੰਗਤਾਂ ਵੱਲੋਂ ਥਾਂ ਥਾਂ ਤੇ ਲੰਗਰ ਲਗਾਏ ਗਏ ਅਤੇ ਗੁਰੂ ਕੇ ਪੰਜ ਪਿਆਰਿਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਾਨਦਾਰ ਤੇ ਭਰਵਾਂ ਸਵਾਗਤ ਕੀਤਾ ਗਿਆ।ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਮੁਹਾਲੀ ਦੇ ਮੁੱਖ ਗ੍ਰੰਥੀ ਭਾਈ ਭਾਈ ਰਾਜਿੰਦਰ ਸਿੰਘ ਰਾਜੂ ਜੀ ਅਤੇ ਗ੍ਰੰਥੀ ਸਿੰਘ ਭਾਈ ਹਰਮਨ ਸਿੰਘ ਜੀ ਦੇ ਜੱਥੇ ਵੱਲੋਂ ਨਗਰ ਕੀਰਤਨ ਦੌਰਾਨ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ।ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸੰਗਤਾਂ ਨੂੰ ਦਿੰਦਿਆਂ ਕਿਹਾ ਕਿ ਸਿੱਖ ਧਰਮ ਦੇ ਬਾਨੀ, ਸਿੱਖ ਧਰਮ ਦੇ ਪਹਿਲੇ ਗੁਰੂ,ਮੁਸਲਮਾਨਾਂ ਦੇ ਪੀਰ ਅਖਵਾਉਣ ਵਾਲੇ, ਮਨੁੱਖਤਾ ਨੂੰ ਜੀਵਨ ਜਿਉਣ ਲਈ (ਕਿਰਤ ਕਰੋ-ਨਾਮ ਜਪੋ-ਵੰਡ ਕੇ ਛਕੋ) ਦੇ ਸਿਧਾਂਤ ਦਾ ਉਪਦੇਸ਼ ਦੇਣ ਵਾਲੇ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਅੱਜ15 ਨਵੰਬਰ ਨੂੰ ਪੂਰੀ ਦੁਨੀਆਂ ਚ ਵਸਦੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਪੂਰੀ ਸਰਧਾ ਤੇ ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਜੀ ਵੱਲੋਂ ਦਿੱਤੇ ਉਪਦੇਸ਼ ਅਨੁਸਾਰ ਹੀ ਆਪਣਾ ਜੀਵਨ ਜਿਉਣ ਦਾ ਯਤਨ ਕਰਨਾ ਚਾਹੀਦਾ ਹੈ।ਸਾਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਕੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ।ਸਮਾਗਮ ਦੌਰਾਨ ਨਗਰ ਨਿਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਕੇ ਆਪਣੀ ਹਾਜ਼ਰੀ ਲਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly