“1971 ਦੀ ਭਾਰਤ ਪਾਕਿ ਜੰਗ ਦੇ ਨਾਇਕ ਕੁਲਦੀਪ ਸਿੰਘ ਚਾਂਦਪੁਰੀ “

ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ)  ਕਿਸੇ ਨੇ ਦੁਨੀਆਂ ਜਿੱਤਣ ਵਾਲੇ ਮਹਾਨ ਸਿਕੰਦਰ ਨੂੰ ਪੁੱਛਿਆ ਕਿ ਤੁਸੀਂ ਘੱਟ ਫੌਜ ਹੋਣ ਦੇ ਬਾਵਜੂਦ ਵੀ ਜੰਗ ਕਿਵੇਂ ਜਿੱਤ ਲੈਂਦੇ ਹੋ ਤਾਂ ਸਿਕੰਦਰ ਨੇ ਬੜਾ ਸੋਹਣਾ ਜਵਾਬ ਦਿੰਦਿਆ ਕਿਹਾ ਕਿ ਜੰਗ ਕੋਈ ਵੀ ਹੋਵੇ ਉਸ ਨੂੰ ਜਿੱਤਣ ਲਈ ਹੌਸਲਾ, ਜਜ਼ਬਾ, ਅਤੇ ਕੁਟ ਰਣਨੀਤੀ ਦੀ ਜ਼ਰੂਰਤ ਹੈ ਇਕੱਲੀ ਫੌਜ ਅਤੇ ਹਥਿਆਰਾਂ ਨਾਲ ਜੰਗ ਨਹੀਂ ਜਿੱਤੀ ਜਾਦੀ ਅਤੇ ਇਸ ਕਥਨ ਨੂੰ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਜੋਂ ਭਾਰਤ ਪਾਕਿਸਤਾਨ ਵਿਚਾਲੇ 1971 ਵਿਚ ਹੋਈ ਲੋਂਗੇਵਾਲਾ ਦੀ ਲੜਾਈ ਦੇ ਭਾਰਤੀ ‘ਹੀਰੋ’ ਵਜੋਂ ਜਾਣੇ ਜਾਂਦੇ ਹਨ ਨੇ ਸਹੀ ਸਿੱਧ ਕਰਕੇ ਦਿਖਾਇਆ। ਕੁਲਦੀਪ ਸਿੰਘ ਚਾਂਦਪੁਰੀ ਦਾ ਜਨਮ 22 ਨਵੰਬਰ 1940 ਨੂੰ ਮੌਟਗੁਮਰੀ ਪੰਜਾਬ, ਬ੍ਰਿਟਿਸ਼ ਇੰਡੀਆ (ਹੁਣ ਪੰਜਾਬ, ਪਾਕਿਸਤਾਨ ਵਿੱਚ) ਵਿੱਚ ਇੱਕ ਜ਼ਿਮੀਂਦਾਰ ਗੁੱਜਰ ਪਰਿਵਾਰ ਵਿੱਚ ਹੋਇਆ ਸੀ। ਫਿਰ 1947 ਵਿੱਚ ਹੋਈ ਭਾਰਤ-ਪਾਕ ਵੰਡ ਮਗਰੋਂ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਕਸਬੇ ਬਲਾਚੌਰ ਦੇ ਪਿੰਡ ਚਾਂਦਪੁਰ ਵਿੱਚ ਆ ਕੇ ਵੱਸ ਗਿਆ। ਸਕੂਲ ਦੀ ਪੜ੍ਹਾਈ ਦੌਰਾਨ ਉਹ ਐਨ ਸੀ ਸੀ ਦੇ ਸਰਗਰਮ ਮੈਂਬਰ ਵੀ ਰਹੇ ਅਤੇ ਉਨ੍ਹਾਂ ਨੇ 1962 ਵਿੱਚ ਸਰਕਾਰੀ ਕਾਲਜ, ਹੁਸ਼ਿਆਰਪੁਰ ਤੋਂ ਗ੍ਰੈਜੂਏਸ਼ਨ ਹੋਣ ਤੇ ਐਨਸੀਸੀ ਦੀ ਪ੍ਰੀਖਿਆ ਪਾਸ ਕਰ ਲਈ ਸੀ। 1963 ਵਿੱਚ ਚਾਂਦਪੁਰੀ ਨੇ ਆਫਿਸਰ ਟ੍ਰੇਨਿੰਗ ਅਕੈਡਮੀ ਤੋਂ ਕਮਿਸ਼ਨ ਪ੍ਰਾਪਤ ਕੀਤਾ ਅਤੇ ਉਨ੍ਹਾਂ ਨੇ 23 ਰੈਜੀਮੈਂਟ ਪੰਜਾਬ ਵਿੱਚ ਇੱਕ ਫੌਜੀ ਅਫਸਰ ਦੇ ਤੌਰ ਤੇ ਆਪਣੀਆ ਸੇਵਾਵਾਂ ਸ਼ੁਰੂ ਕੀਤੀਆਂ ਜੋ ਕਿ ਭਾਰਤੀ ਸੈਨਾ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਸਜਾਵਟੀ ਰੈਜੀਮੈਂਟ ਹੈ। ਉਨ੍ਹਾਂ ਨੇ ਪੱਛਮੀ ਸੈਕਟਰ ਵਿੱਚ 1965 ਦੀ ਭਾਰਤ-ਪਾਕਿ ਜੰਗ ਵਿੱਚ ਵੀ ਹਿੱਸਾ ਲਿਆ ਸੀ। ਯੁੱਧ ਤੋਂ ਬਾਅਦ, ਉਨ੍ਹਾਂ ਨੇ ਇੱਕ ਸਾਲ ਲਈ ਗਾਜ਼ਾ (ਮਿਸਰ) ਵਿੱਚ ਸੰਯੁਕਤ ਰਾਸ਼ਟਰ ਦੀ ਐਮਰਜੈਂਸੀ ਫੋਰਸ (ਯੂ.ਐੱਨ.ਈ.ਐੱਫ.) ਵਿੱਚ ਵੀ ਸੇਵਾ ਨਿਭਾਈ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਮੂਹੋਂ ਵਿਖੇ ਇੱਕ ਵੱਕਾਰੀ ਇਨਫੈਂਟਰੀ ਸਕੂਲ ਵਿੱਚ ਦੋ ਵਾਰ ਇੰਸਟ੍ਰਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ। ਜਦੋਂ 1971 ਦੀ ਭਾਰਤ ਪਾਕਿ ਦੀ ਲੜਾਈ ਛਿੜੀ ਉਸ ਵੇਲੇ ਉਹ ਬਤੌਰ ਮੇਜਰ ਪੰਜਾਬ ਦੀ ਲੋਂਗੇਵਾਲਾ ਦੀ ਪੋਸਟ ਉੱਪਰ ਤਾਇਨਾਤ ਸਨ । ਉਹ ਆਪਣੀ ਇੱਕ ਇੰਟਰਵਿਊ ਵਿੱਚ ਦੱਸਦੇ ਹਨ ਕਿ  ਭਾਰਤ ਅਤੇ ਪਾਕਿਸਤਾਨ ਦੀ 1971 ਦੀ ਜੰਗ 3 ਦਸੰਬਰ ਸ਼ਾਮ ਨੂੰ ਸ਼ੁਰੂ ਹੋਈ ਸੀ। ਉਸ ਸਮੇਂ 60 ਦੇ ਕਰੀਬ ਪਾਕਿਸਤਾਨੀ ਟੈਂਕ ਜਿਨ੍ਹਾਂ ਨਾਲ ਕਰੀਬ 3200 ਪਾਕਿਸਤਾਨ ਫੌਜੀ ਸਨ ਨੇ ਤਕਰੀਬਨ ਅੱਧੀ ਰਾਤ ਤੋਂ ਪਹਿਲਾਂ ਲੋਂਗੇਵਾਲਾ ਚੌਕੀ ਨੂੰ ਘੇਰਾ ਪਾ ਲਿਆ ਸੀ। ਉਨ੍ਹਾਂ ਦੀ ਰੈਜੀਮੈਂਟ ਪੰਜਾਬ ਰੈਜੀਮੈਂਟ ਸੀ ਜਿਸ ਵਿੱਚ ਸਾਰੇ ਦੇ ਸਾਰੇ ਸਿੱਖ ਫੌਜੀ ਹੀ ਹੁੰਦੇ ਹਨ। ਉਸ ਸਮੇਂ ਉਨ੍ਹਾਂ ਕੋਲ ਕੁਝ ਡੋਗਰੇ ਫੌਜੀ ਵੀ ਸਨ। ਉਹ ਦਸਦੇ ਹਨ ਕਿ ਮੌਤ ਤਾਂ ਸਾਨੂੰ ਯਕੀਨੀ ਨਜ਼ਰ ਆ ਰਹੀ ਸੀ। ਜਦੋਂ ਹਥਿਆਰਾਂ ਨਾਲ ਲੈਸ ਟੈਂਕ ਤੁਹਾਨੂੰ ਆ ਕੇ ਘੇਰ ਲੈਣ, ਹਰ ਟੈਂਕ ਵਿੱਚ ਮਸ਼ੀਨ ਗੰਨ ਲੱਗੀ ਹੁੰਦੀ ਹੈ ਜੋ ਤਕਰੀਬਨ ਦੋ ਕਿਲੋਮੀਟਰ ਤੱਕ  ਮਾਰ ਕਰ ਸਕਦੀ ਸੀ। ਉਨ੍ਹਾਂ ਦੇ ਦਾਇਰੇ ਚੋਂ ਬਚ ਕੇ ਨਿਕਲਣਾ ਬੜਾ ਮੁਸ਼ਕਲ ਕੰਮ ਸੀ। ਉਹ ਅੱਗੇ ਦਸਦੇ ਹਨ ਕਿ ਉਸ ਵੇਲੇ ਮੇਰੇ ਲਈ ਫੈਸਲਾ ਕਰਨਾ ਬੜਾ ਮੁਸ਼ਕਲ ਸੀ ਨਾ ਹੀ ਸਾਨੂੰ ਕੋਈ ਇਦਾ ਦਾ ਟਾਸਕ ਮਿਲਿਆ ਸੀ, ਕਿ ਜਦੋਂ ਪਾਕਿਸਤਾਨੀ ਫੌਜ ਆਵੇ ਤੁਸੀਂ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਘਰ ਨੂੰ ਤੁਰ ਜਾਣਾ ਹੈ ਉਸ ਵੇਲੇ ਸਾਡੇ ਕੋਲ ਦੂਸਰਾ ਰਾਹ ਇਹ ਸੀ ਕਿ ਉੱਥੇ ਲੜਨਾ ਹੈ। ਲੜਨ ਲਈ ਮੈਂ ਤਾਂ ਬਿਲਕੁਲ ਤਿਆਰ ਸੀ। ਮੇਰੇ ਜਵਾਨ ਵੀ ਬਿਲਕੁਲ ਤਿਆਰ ਸਨ। ਪਰ ਉਨ੍ਹਾਂ ਵਿੱਚ ਲੜਨ ਲਈ ਜਜ਼ਬਾ ਭਰਨਾ ਮੇਰੀ ਜ਼ਿਮੇਵਾਰੀ ਸੀ, ਉਹ ਵੀ ਦੇਖ ਰਹੇ ਸਨ ਕਿ ਅਸੀਂ ਟੈਂਕਾਂ ਨਾਲ ਘਿਰ ਗਏ ਹਾਂ। ਉਹ ਅੱਗੇ ਦਸਦੇ ਹਨ ਕਿ ਮੈਂ ਆਪਣੇ ਜਵਾਨਾਂ ਨੂੰ ਸਾਫ ਸਾਫ ਕਹਿ ਦਿੱਤਾ ਸੀ ਕਿ ਜੇ ਮੈਂ ਪੋਸਟ ਤੋਂ ਪੈਰ ਚੱਕਿਆ ਤਾਂ ਤੁਸੀਂ 120 ਜਵਾਨ ਮੇਰੇ ਗੋਲੀਆਂ ਮਾਰ ਦਿਓ, ਕਿ ਸਾਡਾ ਕੰਪਨੀ ਕਮਾਂਡਰ ਸਾਨੂੰ ਧੋਖਾ ਦੇ ਗਿਆ ਅਤੇ ਸਾਨੂੰ ਛੱਡ ਕੇ ਜਾ ਰਿਹਾ ਹੈ ਅਤੇ ਜੇ ਮੈਂ ਕਿਸੇ ਨੂੰ ਪੋਸਟ ਤੋਂ ਪੈਰ ਚੁੱਕਦਿਆਂ ਦੇਖਿਆ ਤਾਂ ਮੈਂ ਗੋਲੀ ਮਾਰ ਦੇਵਾਂਗਾ।”  ਇਸੇ ਹੌਸਲੇ ਅਤੇ ਜਜ਼ਬੇ ਨੇ ਜਵਾਨਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਜਿਸ ਕਰਕੇ ਉਨ੍ਹਾਂ ਨੇ ਪਾਕਿਸਤਾਨ ਫੌਜ ਨਾਲ ਡੱਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਿਸ ਕਰਕੇ ਪਾਕਿਸਤਾਨ ਹਕੂਮਤ ਦਾ ਦਿੱਲੀ ਤੇ ਕਾਬਜ਼ ਹੋਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ ਸੀ। ਉਨ੍ਹਾਂ ਦੇ ਬੁਲੰਦ ਹੌਸਲੇ ਕਰਕੇ ਸਿਰਫ 120 ਫੌਜੀਆਂ ਦੀ ਟੁਕੜੀ ਨੇ 50 ਦੇ ਕਰੀਬ ਟੈਂਕ ਅਤੇ 3200 ਦੇ ਕਰੀਬ ਪਾਕਿਸਤਾਨ ਫੌਜੀਆਂ ਨੂੰ ਲੋਂਗੇਵਾਲਾ ਚੌਕੀ ਤੋਂ ਅੱਗੇ ਨਹੀਂ ਵਧਣ ਦਿੱਤਾ। ਕੁਲਦੀਪ ਸਿੰਘ  1996 ਵਿੱਚ  ਭਾਰਤੀ ਥਲ ਸੈਨਾ ਚੋ ਬ੍ਰਿਗੇਡੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਸਨ । ਉਨ੍ਹਾਂ ਦੀ ਇਸ ਬਹਾਦਰੀ ਉਤੇ ਬਾਰਡਰ ਫਿਲਮ ਵੀ ਬਣੀ ਸੀ ਜੋ ਕਿ ਲੋਕਾਂ ਵਲੋਂ ਬਹੁਤ ਪਸੰਦ ਕੀਤੀ ਗਈ। ਭਾਰਤੀ ਫੌਜ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਉਨ੍ਹਾਂ ਨੂੰ ਮਹਾਵੀਰ ਚੱਕਰ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ ਸੀ। । ਕੁਲਦੀਪ ਸਿੰਘ ਚਾਂਦਪੁਰੀ ਦਾ 78 ਸਾਲ ਦੀ ਉਮਰ ਵਿੱਚ 17 ਨਵੰਬਰ 2018 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਹਰ ਸਾਲ ਬਰਸੀ ਮੌਕੇ ਦੇਸ਼ ਵਾਸੀਆਂ ਵੱਲੋਂ ਯਾਦ ਕੀਤਾ ਜਾਂਦਾ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰਦੀਪ ਸੈਣੀ ਦੇ ਗ਼ਜ਼ਲ ਸੰਗ੍ਰਹਿ ਔੜ ਤੇ ਬਰਸਾਤ ਦਾ ਦੂਜਾ ਸੰਸਕਰਣ ਲੋਕ ਅਰਪਣ
Next articleਨਗਰ ਕੀਰਤਨ ਉਤੇ ਬੰਬ ਪਟਾਕੇ ਕਿਉਂ