ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੇ ਸਮਾਗਮਾਂ ਦੀ ਲੜੀ ਦੇ ਦੂਜੇ ਸਮਾਗਮ ਵਿੱਚ ਸਾਹਿਤ ਸਿਰਜਣ ਦੀ ਪਹਿਲਾਂ ਹੀ ਜਗਦੀ ਜੋਤ ਨੂੰ ਹੋਰ ਪ੍ਰਚੰਡ ਕਰਨ ਵਿੱਚ ਮਿਲੀ ਸਫ਼ਲਤਾ

ਬਰਨਾਲਾ (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਨਿਰੋਲ ਪੇਂਡੂ ਪਿੱਠ ਭੂਮੀ ਵਾਲੇ ਸਰਕਾਰੀ ਸਕੈਡੰਰੀ ਸਕੂਲ ਕਰਮਗੜ੍ਹ ਵਿੱਚ, ਆਲੇ ਦੁਆਲੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਦੇ, ਲਗਭਗ 300 ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਾਹਿਤ ਸਿਰਜਨ ਵਰਗ ਦੀ ਵਾਗਡੋਰ, ਸਾਹਿਤਕ ਖ਼ੇਤਰ ਵਿੱਚ ਆਪਣੀਆਂ ਪੈੜਾਂ ਪੱਕੀਆਂ ਕਰ ਚੁੱਕੀ ਅਧਿਆਪਕਾ ਅੰਜਨਾ ਮੈਨਨ ਦੇ ਹੱਥ ਹੈ।
ਜਮਾਤ ਵਿੱਚ ਉਹਨਾਂ ਦਾ ਪਹਿਲਾ ਕੰਮ ਬੱਚਿਆਂ ਨੂੰ ਕਵਿਤਾ, ਕਹਾਣੀ ਅਤੇ ਲੇਖ ਲਿਖਣ ਲਈ ਪ੍ਰੇਰਿਤ ਕਰਨਾ ਹੁੰਦਾ ਹੈ। ਉਹ ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਦਾ ਅਭਿਆਸ ਵੀ ਖ਼ੂਬ ਕਰਵਾਉਂਦੇ ਹਨ। ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਪੱਕਾ ਕਰਨ ਲਈ, ਦੂਰ ਦੂਰ ਹੁੰਦੇ ਮੁਕਾਬਲਿਆਂ ਵਿੱਚ ਉਹਨਾਂ ਨੂੰ ਸ਼ਾਮਿਲ ਕਰਵਾਉਣ ਲਈ ਆਪ ਲੈਕੇ  ਜਾਂਦੇ ਹਨ। ਬੱਚਿਆਂ ਦੀਆਂ ਰਚਨਾਵਾਂ ਨੂੰ ਪੁਸਤਕ ਰੂਪ ਦਿੰਦੇ ਹਨ। ਹੁਣ ਤੱਕ ਉਹ ਬੱਚਿਆਂ ਦੀਆਂ ਦੋ ਪੁਸਤਕਾਂ ‘ਤਾਰਿਆਂ ਦਾ ਰੁਮਾਲ’ ਅਤੇ ‘ਪੈੜਾਂ ਦੇ ਪੈਂਡੇ’ ਪ੍ਰਕਾਸ਼ਤ ਕਰ ਚੁੱਕੇ ਹਨ। ਆਪਣਾ ਕਾਵਿ-ਸੰਗ੍ਰਹਿ ‘ਕੱਕੀਆਂ  ਕਣੀਆਂ’ ਵੀ ਮਾਂ ਬੋਲੀ ਪੰਜਾਬੀ ਦੀ ਝੋਲੀ ਪਾ ਚੁੱਕੇ ਹਨ।
ਅੰਜਨਾ ਮੈਨਨ ਵੱਲੋਂ ਬੱਚਿਆਂ ਵਿੱਚ ਸਾਹਿਤ ਸਿਰਜਣ ਦੀ ਜਗਾਈ ਇਸ ਜੋਤ ਨੂੰ ਹੋਰ ਪ੍ਰਚੰਡ ਕਰਨ ਲਈ, ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ,13 ਨਵੰਬਰ ਨੂੰ ਸਕੂਲ ਜਾ ਕੇ ਅਲਖ ਜਗਾਈ ਗਈ।
ਭਾਈਚਾਰੇ ਦੀ ਬੇਨਤੀ ਤੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਪਹਿਲਾਂ ਹੀ ਸਾਹਿਤ ਸਿਰਜਣ, ਸ਼ੁੱਧ ਉਚਾਰਨ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾ ਲਏ ਗਏ ਸਨ। ਸਹੂਲਤ ਲਈ ਵਿਦਿਆਰਥੀਆਂ ਨੂੰ ਮਿਡਲ ਅਤੇ ਸੈਕੰਡਰੀ ਦੋ ਸ਼੍ਰੇਣੀਆਂ ਵਿੱਚ ਵੰਡ ਲਿਆ ਗਿਆ ਸੀ।
ਕਵਿਤਾ ਸਿਰਜਣ ਮੁਕਾਬਲੇ ਵਿੱਚ ਸਿਮਰਨਜੀਤ ਕੌਰ (ਮਿਡਲ ਵਰਗ) ਅਤੇ ਸੁਨੀਤਾ ਰਾਣੀ (ਸਕੈਡੰਰੀ ਵਰਗ),
ਸੁੰਦਰ ਲਿਖਾਈ ਮੁਕਾਬਲੇ ਵਿਚ ਪੁਨੀਤ ਕੌਰ (ਮਿਡਲ ਵਰਗ) ਅਤੇ ਖੁਸ਼ਪ੍ਰੀਤ ਕੌਰ(ਸਕੈਡੰਰੀ ਵਰਗ) ਅਤੇ
ਪੋਸਟਰ ਮੁਕਾਬਲੇ ਵਿਚ ਖੁਸ਼ਦੀਪ ਕੌਰ (ਮਿਡਲ ਵਰਗ) ਅਤੇ ਸਿਮਰਨਦੀਪ ਕੌਰ (ਸਕੈਡੰਰੀ ਵਰਗ) ਵਿੱਚ ਪਹਿਲੇ ਨੰਬਰ ਤੇ ਰਹੇ ਸਨ।
ਭਾਈਚਾਰੇ ਵੱਲੋਂ ਪਹਿਲਾਂ ਕੀਤੇ ਫੈਸਲੇ ਅਨੁਸਾਰ ਪੁਰਸਕਾਰ ਪਹਿਲੇ ਨੰਬਰ ਤੇ ਆਉਣ ਵਾਲੇ ਇਨ੍ਹਾਂ ਛੇ ਬੱਚਿਆਂ ਨੂੰ ਹੀ ਦਿੱਤੇ ਜਾਣੇ ਸਨ। ਪਰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਬੱਚੇ ਇੱਕ ਦੂਜੇ ਤੋਂ ਚੜਦੇ ਸਨ। ਇਸ ਲਈ ਭਾਈਚਾਰੇ ਵੱਲੋਂ ਫੈਸਲਾ ਕੀਤਾ ਗਿਆ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹਰ ਬੱਚੇ ਨੂੰ ਹੀ ਕਿਵੇਂ ਨਾ ਕਿਵੇਂ ਉਤਸ਼ਾਹਿਤ ਕੀਤਾ ਜਾਵੇ। ਇੰਜ ਹੀ ਕੀਤਾ ਗਿਆ।
ਪੰਜਾਬੀ ਭਾਸ਼ਾ ਦੇ ਇਸ ਉਜਲ ਭਵਿੱਖ ਨੂੰ ਉੱਤਮ ਸਾਹਿਤਕ ਪੁਸਤਕਾਂ, ਪੈਂਤੀ ਅੱਖਰਾਂ ਵਾਲੇ ਇਮਤਿਹਾਨ ਫ਼ੱਟੇ ਅਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕਰਕੇ ਭਾਈਚਾਰੇ ਦੇ ਕਾਰਕੁਨਾਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਆਪਣਾ ਆਪ ਸਨਮਾਨਿਤ ਹੋਇਆ ਮਹਿਸੂਸ ਹੋਇਆ।
ਸਮੁੱਚੇ ਅਧਿਆਪਕ ਵਰਗ ਨੇ (ਹਰਪ੍ਰੀਤ ਕੌਰ, ਅੰਜਨਾ ਮੈਨਨ, ਹਰਮਨਦੀਪ ਕੌਰ, ਕੰਚਨ ਮਿੱਤਲ, ਹਰਕਮਲ ਕੌਰ,  ਸਿਮਰਜੀਤ ਕੌਰ, ਰੀਤੀ ਗੋਇਲ ਸੁਦੇਸ਼ ਰਾਣੀ, ਪੂਜਾ ਗਰੋਵਰ, ਹਰਪ੍ਰੀਤ ਕੌਰ, ਵਤਨਦੀਪ ਕੌਰ, ਸਵਰਨਜੀਤ ਕੌਰ) ਸਾਰਾ ਸਮਾਂ ਸਮਾਗਮ ਵਿੱਚ ਹਾਜ਼ਰ ਰਹਿ ਕੇ, ਪੰਜਾਬੀ ਭਾਸ਼ਾ ਪ੍ਰਤੀ ਆਪਣੀ ਸਮਰਪਣ ਭਾਵਨਾ ਦਾ ਪ੍ਰਗਟਾਵਾ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਹਿਮ ਭਰਮ
Next articleਯੂਨੀਅਨ ਦੀ ਮਾਨਤਾ ਲਈ ਚੋਣ ਵਿੱਚ ਇੰਜੀਨੀਅਰਿੰਗ ਐਸੋਸੀਏਸ਼ਨ ਵੱਲੋਂ ਮੈਂਨਸ ਯੂਨੀਅਨ ਨੂੰ ਪੂਰਨ ਸਹਿਯੋਗ