ਚੰਗੇ ਲੋਕ ਬੁਰੇ ਲੋਕ

ਗੁਰਦੀਪ ਕੌਰੇਆਣਾ
ਗੁਰਦੀਪ ਕੌਰੇਆਣਾ
(ਸਮਾਜ ਵੀਕਲੀ) ਨਾਮ ਉਹਦਾ ਵੌਂਗ ਸੀ। ਚੀਨੀ ਸੀ ਉਹ। ਚੀਨ ਦੀ ਇੱਕ ਵੱਡੀ ਕੰਪਨੀ ਕੋਲ ਓਸੇ ਪ੍ਰੋਜੈਕਟ ਵਿੱਚ ਨੌਕਰੀ ਕਰਦਾ ਸੀ ਜਿੱਥੇ ਕਿ ਮੈਂ ਇੱਕ ਛੋਟੀ ਜਿਹੀ ਭਾਰਤੀ ਕੰਪਨੀ ਵਿੱਚ ਨੌਕਰੀ ਕਰਦਾ ਸੀ। । ਚੰਗਾ ਬੰਦਾ ਸੀ, ਮਿਲਣਸਾਰ ਸੀ, ਹਸਮੁਖ ਸੀ। ਜਦੋਂ ਵੀ ਮਿਲਦਾ ਅਕਸਰ ਗੱਲਾਂ ਕਰਨ ਲੱਗ ਪੈਂਦਾ। ਉਸਨੂੰ ਹਿੰਦੀ, ਪੰਜਾਬੀ ਸਮਝ ਨਹੀਂ ਆਉਂਦੀ ਸੀ। ਸਾਡੇ ਵਿੱਚ ਗੱਲਾਂ ਕਰਨ ਦਾ ਇੱਕੋ ਇੱਕ ਮਾਧਿਅਮ ਅੰਗਰੇਜ਼ੀ ਸੀ। ਜੋ ਕਿ ਉਹਨੂੰ ਵੀ ਮੇਰੇ ਵਾਂਗੂੰ ਟੁੱਟੀ ਫੁੱਟੀ ਜਿਹੀ ਆਉਂਦੀ ਸੀ। ਬਸ ਡੰਗ ਲਾਹ ਲੈਂਦੇ ਸਾਂ। ਮੈਂ ਅਕਸਰ ਉਹਨੂੰ ਪੁੱਛਦਾ ਰਹਿੰਦਾ ਚੀਨ ਬਾਰੇ। ਉੱਥੋਂ ਦੇ ਲੋਕ ਕੀ ਕੁਝ ਖਾਂਦੇ ਨੇ, ਇਹ ਲੋਕ ਐਨੇ  ਚਿੱਟੇ ਕਿਉਂ ਹੁੰਦੇ ਨੇ, ਸਭ ਦੀਆਂ ਸ਼ਕਲਾਂ ਇੱਕੋ ਜਿਹੀਆਂ ਕਿਉਂ ਹੁੰਦੀਆਂ ਨੇ।  ਉਹ ਹੱਸਦਾ ਹੱਸਦਾ ਜਵਾਬ ਦਿੰਦਾ ਰਹਿੰਦਾ, ਬਸ ਉਹੀ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ। ਇਕ ਦਿਨ ਪੁੱਛ ਲਿਆ
 “ਕਿੰਨੇ ਭੈਣ ਭਰਾ  ਹੋ ਤੁਸੀਂ।”
ਕਹਿਣ ਲੱਗਾ  ” ਤਿੰਨ।”
ਮੈਂ ਅੱਗਿਓਂ ਸਵਾਲ ਕੀਤਾ
“ਇਹ ਕਿਵੇਂ ਹੋ ਸਕਦਾ ਹੈ। ਚੀਨ ਵਿੱਚ ਤਾਂ ਦੋ ਬੱਚਿਆਂ ਤੋਂ ਵੱਧ ਪੈਦਾ ਨਹੀਂ ਕਰ ਸਕਦਾ ਕੋਈ।”
ਉਹਨੇ ਜਵਾਬ ਦਿੱਤਾ
” ਇਹ ਕਾਨੂੰਨ ਬਣਨ ਤੋਂ ਪਹਿਲਾਂ ਸਾਡੇ ਪਿਓ ਨੇ ਸਾਡੀ ਤਿੰਨਾਂ ਦੀ ਤਿਕੜੀ ਬਣਾ ਦਿੱਤੀ ਸੀ।”
          ਅੱਜ ਕਈ ਦਿਨਾਂ ਬਾਅਦ ਮਿਲਿਆ ਯਾਰਡ ਦੇ ਇਕ ਕਿਨਾਰੇ  ਪਿੱਲਰ ਤੇ ਬੈਠਾ ਉਦਾਸ ਤੇ ਗੁੰਮਸੁੰਮ ਨਜ਼ਰ ਆ ਰਿਹਾ ਸੀ।  ਮੈਂ ਪੁੱਛ ਲਿਆ
  “ਵਾਏ ਆਰ ਯੂ ਲੁਕਿੰਗ ਸੈਡ।”
 ” ਨਥਿੰਗ।”
 ਫਿਰ ਕੁਝ ਚਿਰ ਬਾਅਦ ਆਪਣੇ ਆਪ ਆ ਕੇ ਪੁੱਛਣ ਲੱਗਾ “ਅਮਿਤ ਕਿੱਥੇ ਐ। ਨਜ਼ਰ ਨਹੀਂ ਆ ਰਿਹਾ।”
ਅਮਿਤ ਉੱਥੇ ਕੰਮ ਕਰਨ ਵਾਲੀ ਦੂਸਰੀ ਇੰਡੀਅਨ ਕੰਪਨੀ ਦਾ ਇੰਜੀਨੀਅਰ ਸੀ।
ਮੈਂ ਜਵਾਬ ਦਿੱਤਾ “ਪਤਾ ਨ੍ਹੀਂ, ਦੇਖਿਆ ਨਹੀਂ ਦੋ ਤਿੰਨ ਦਿਨਾਂ ਦਾ।”
ਫਿਰ ਥੋੜ੍ਹੇ ਚਿਰ ਬਾਅਦ ਉਸ ਨੇ ਦੱਸਿਆ
” ਉਹ ਮੇਰਾ ਏਟੀਐਮ ਕਾਰਡ ਲੈ ਗਿਆ।”
” ਕਿਉਂ।”
“ਉਹਨੂੰ ਲੋੜ ਸੀ, ਉਹਨੇ ਮੰਗੇ ਪੈਸੇ ਮੰਗੇ ਸੀ। ਉਸ ਦਾ ਬੱਚਾ ਬੀਮਾਰ ਸੀ।”
“ਪਰ ਤੂੰ ਆਵਦਾ ਏਟੀਐਮ ਕਾਰਡ ਕਿਉਂ ਦਿੱਤਾ। ਉਹ ਆਵਦੀ ਕੰਪਨੀ ਨਾਲ ਗੱਲ ਕਰਦਾ। ਆਵਦੇ ਮੈਨੇਜਰ ਤੋਂ ਪੈਸੇ ਮੰਗਦਾ।”
“ਪਤਾ ਨਹੀਂ ਪਰ ਮੈਥੋਂ ਜਵਾਬ ਨਹੀਂ ਦਿੱਤਾ ਗਿਆ।”
“ਕਿੰਨੇ ਪੈਸੇ ਸੀ ਉਹਦੇ ਵਿਚ।”
“ਪੰਦਰਾਂ ਹਜਾਰ।”
“ਫੇਰ  ਹੁਣ।”
“ਸਾਰੇ ਕਢਾ ਲਏ ਉਹਨੇ। ਮੈਸੇਜ ਆ ਗਿਆ ਹੈ ਮੇਰੇ ਕੋਲ।” ਮੈਂ ਸੋਚਾਂ ਵਿੱਚ ਪੈ ਗਿਆ। ਆਖ਼ਰ ਅਮਿਤ ਨੇ ਇਹ ਕਿਉਂ ਕੀਤਾ ਇਹਦੇ ਨਾਲ। ਇਕ ਹੋਰ ਗੱਲ ਦਾ ਵੀ ਫ਼ਿਕਰ ਮੈਨੂੰ ਲੱਗਿਆ, ਜੋ ਵੌਂਗ ਨੇ ਮੈਨੂੰ ਦੱਸੀ। ਉਹ ਇਹ ਸੀ ਕਿ ਜੇਕਰ ਉਹ ਅਮਿਤ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਲੈ ਕੇ ਜਾਂਦਾ ਸੀ  ਤਾਂ ਉਹਦੀ ਖ਼ੁਦ ਦੀ ਝਾੜਝੰਬ ਬਹੁਤ ਹੋਣੀ ਸੀ।  ਅਤੇ ਇਸਦੇ ਨਾਲ ਹੀ ਅਮਿਤ ਦੀ ਕੰਪਨੀ ਦੇ ਮੈਨੇਜਰ ਨਾਲ ਵੀ ਕੁੱਝ ਬੁਰਾ ਹੋ ਸਕਦਾ ਸੀ। ਕਿਉਂਕਿ ਇਹ ਮਸਲਾ ਧੋਖਾਧੜੀ ਦਾ ਬਣਦਾ ਸੀ। “ਕੀ ਕੀਤਾ ਜਾਏ! “ਮੈਂ ਸੋਚਣ ਲੱਗਾ।
ਏਨੇ ਵਿੱਚ ਸੌਰਵ ਆਉਂਦਾ ਦਿਖਾਈ ਦਿੱਤਾ।  ਸੌਰਭ ਵੌਂਗ ਦੀ ਕੰਪਨੀ ਵਿੱਚ ਇੰਜਨੀਅਰ ਸੀ।  ਮੈਂ ਸਾਰੀ ਗੱਲ ਉਸ ਨੂੰ ਦੱਸੀ  ਉਹ ਅੱਗੋਂ ਹਿੰਦੀ ਵਿੱਚ ਵੌਂਗ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਭਾਵੇਂ ਵੌਂਗ ਨੂੰ ਹਿੰਦੀ ਸਮਝ ਨਹੀਂ ਆਉਂਦੀ ਸੀ ਪਰ ਮੈਨੂੰ ਪੂਰੀ ਸਮਝ ਆ ਰਹੀ ਸੀ। ਮੈਂ ਸੌਰਭ ਨੂੰ ਚੁੱਪ ਕਰਵਾਇਆ ਅਤੇ ਉਸ ਦਾ ਅਸਲੀ ਸਮੱਸਿਆ ਵੱਲ ਧਿਆਨ ਦਿਵਾਇਆ।  ਅਸਲ ਵਿੱਚ ਮੇਰੇ ਦਿਮਾਗ ਵਿਚ ਜੋ ਚੱਲ ਰਿਹਾ ਸੀ ਉਹ ਇਹ ਸੀ ਕਿ ਇਸ ਗੱਲ ਨਾਲ ਸਿੱਧੇ ਤੌਰ ਤੇ ਸਾਡੀ ਭਾਰਤੀਆਂ ਦੀ ਬਦਨਾਮੀ ਹੋਵੇਗੀ। ਅਤੇ ਚੀਨੀ ਅਫਸਰ ਇਹ ਸਮਝਣਗੇ ਕਿ ਇੰਡੀਆ ਦੇ ਲੋਕ ਧੋਖਾਧੜੀ ਕਰਨ ਵਾਲੇ ਹਨ। ਸੌਰਭ ਨੂੰ ਨਾਲ ਲੈ ਕੇ ਮੈਂ ਅਮਿਤ ਦੀ  ਕੰਪਨੀ ਦੇ ਦਫ਼ਤਰ ਗਿਆ। ਮੈਨੇਜਰ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਅਮਿਤ ਤਿੰਨ ਚਾਰ ਦਿਨ ਪਹਿਲਾਂ ਹੀ ਨੌਕਰੀ ਛੱਡ ਕੇ ਆਪਣੀ ਫਾਈਨਲ ਪੇਮੈਂਟ ਲੈ ਕੇ ਜਾ ਚੁੱਕਾ ਸੀ। ਇਸਦੇ ਨਾਲ ਹੀ ਮੈਨੇਜਰ ਨੇ ਸਾਫ ਤੌਰ ਤੇ ਇਹ ਕਹਿ ਦਿੱਤਾ ਕਿ ਉਹ ਇਸ ਚੀਜ਼ ਲਈ ਜ਼ਿੰਮੇਵਾਰ ਨਹੀਂ ਹੈ। ਦਫ਼ਤਰ ਤੋਂ ਬਾਹਰ ਆ ਕੇ ਉੱਥੇ ਮੌਜੂਦ ਕਾਮਿਆਂ ਨਾਲ ਗੱਲ ਕਰਨ ਤੋਂ ਪਤਾ ਚੱਲਿਆ ਕਿ ਅਮਿਤ ਦੇ ਪਿੰਡ ਦਾ ਇੱਕ ਕਾਮਾ ਉਥੇ ਮੌਜੂਦ ਸੀ। ਉਸ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਅਮਿਤ ਦਾ ਕੋਈ ਨੰਬਰ ਤਾਂ  ਨਹੀਂ ਹੈ  ਪਰ ਕੋਸ਼ਿਸ਼ ਕਰ ਸਕਦਾ ਹੈ ਅਮਿਤ ਦੇ ਪਰਿਵਾਰ ਚੋਂ ਕਿਸੇ ਦਾ ਮੋਬਾਇਲ ਨੰਬਰ ਲੈਣ ਦੀ।  ਅਸੀਂ ਉਸ ਨੂੰ ਮਦਦ ਕਰਨ ਲਈ ਬੇਨਤੀ ਕੀਤੀ  ਜੋ ਉਸ ਨੇ ਸਵੀਕਾਰ ਕਰ ਲਈ।  ਦੂਸਰੇ ਦਿਨ ਉਸ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਅਮਿਤ ਦੇ ਪਿਤਾ ਦਾ ਮੋਬਾਇਲ ਨੰਬਰ ਲੈ ਕੇ ਸਾਨੂੰ ਦਿੱਤਾ।  ਸੌਰਭ ਨੇ ਅਮਿਤ ਦੇ ਪਿਤਾ ਨਾਲ ਗੱਲ ਕੀਤੀ ਤੇ ਉਸ ਨੂੰ ਸਾਰੀ ਘਟਨਾ ਬਾਰੇ ਦੱਸਿਆ।ਸਾਰੀ ਗੱਲ ਨੂੰ ਸੁਣਨ ਤੋਂ ਬਾਅਦ ਅਮਿਤ ਦੇ ਪਿਤਾ ਨੇ ਆਪਣੇ ਪੁੱਤਰ ਦੀ ਇਸ ਹਰਕਤ ਉੱਪਰ ਕਾਫ਼ੀ ਨਮੋਸ਼ੀ ਜ਼ਾਹਰ ਕੀਤੀ।  ਲਗਪਗ ਇਕ ਹਫਤੇ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਅਮਿਤ ਦੇ ਪਿਤਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਹ ਵਾਂਗ ਦੇ ਖਾਤੇ ਵਿੱਚ ਪੰਦਰਾਂ ਹਜ਼ਾਰ ਰੁਪਏ ਜਮ੍ਹਾ ਕਰਵਾ ਦੇਵੇਗਾ।
            ਬੇਸ਼ੱਕ ਵੌਂਗ ਦੇ ਖਾਤੇ ਵਿਚ ਉਸਦੇ ਪੈਸੇ ਵਾਪਿਸ ਆ ਚੁੱਕੇ ਸਨ ਪਰ ਉਸ ਦੇ ਚਿਹਰੇ ਤੋਂ ਉਹ ਤਸੱਲੀ ਗਾਇਬ ਸੀ ਜੋ ਕਿਸੇ ਲੋੜਵੰਦ ਦੀ ਮਦਦ ਕਰਨ ਤੋਂ ਬਾਅਦ ਉਸ ਦੇ ਚਿਹਰੇ ਤੇ ਹੋਣੀ ਚਾਹੀਦੀ ਸੀ।
ਕੁਝ ਹਫ਼ਤਿਆਂ ਬਾਅਦ ਵੌਂਗ ਦਾ ਟਰਾਂਸਫਰ ਦੂਸਰੀ ਜਗ੍ਹਾ ਹੋ ਚੁੱਕਾ ਸੀ। ਸਾਨੂੰ ਨਹੀਂ ਪਤਾ ਕਿ ਵੌਂਗ ਨੇ ਇਸ ਘਟਨਾ ਬਾਰੇ ਕਿਸੇ ਹੋਰ ਨੂੰ ਦੱਸਿਆ ਸੀ ਜਾਂ ਨਹੀਂ।  ਪਰ ਮੇਰੇ ਦਿਮਾਗ ਵਿੱਚ ਅਜੇ ਵੀ ਕਾਫ਼ੀ ਕੁਝ ਚੱਲ ਰਿਹਾ ਸੀ। ਬਸ ਸੋਚਦਾ ਸੀ ਕਿ ਇਸ ਘਟਨਾ ਤੋਂ ਬਾਅਦ   ਵੌਂਗ ਆਪਣੀ ਸਾਰੀ ਜ਼ਿੰਦਗੀ ਵਿੱਚ ਦੁਬਾਰਾ ਕਿਸੇ ਦੀ ਮਦਦ ਨਹੀਂ ਕਰ ਸਕੇਗਾ।
         ਆਖਿਰ ਕਿਉਂ ਅਮਿਤ ਵਰਗੇ ਬੇਵਕੂਫ ਲੋਕ  ਵੌਂਗ ਵਰਗੇ ਸਿੱਧੇ ਸਾਦੇ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਵਿਸ਼ਵਾਸ ਨੂੰ ਕਤਲ ਕਰ ਦਿੰਦੇ ਹਨ।
ਗੁਰਦੀਪ ਕੌਰੇਆਣਾ
9915013953
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੁੱਜੇ ’ਚ ਰੱਬ
Next articleਆਟੋ ਨਾਲ ਕਾਰ ਦੀ ਟੱਕਰ, ਲਾੜਾ-ਲਾੜੀ ਸਮੇਤ ਪਰਿਵਾਰ ਦੇ 7 ਮੈਂਬਰਾਂ ਦੀ ਮੌਤ