(ਸਮਾਜ ਵੀਕਲੀ)
ਬੜਾ ਸ਼ਰਾਰਤੀ ਬਾਂਦਰ ਸੀ ਬੱਚਿਓ,
ਵਿੱਚ ਜੰਗਲ ਦੇ ਰਹਿੰਦਾ।
ਜਾਨਵਰਾਂ ਤਾਂਈ ਤੰਗ ਸੀ ਕਰਦਾ,
ਪੁੱਠੇ ਪੰਗੇ ਲੈਂਦਾ।
ਕਈ ਵਾਰ ਸਮਝਾਇਆ ਉਸ ਨੂੰ,
ਪੇਸ਼ ਕੋਈ ਨਾ ਜਾਵੇ।
ਜਾਨਵਰ ਨਿੱਤ ਸਲਾਹਾਂ ਕਰਦੇ,
ਹਰ ਕੋਈ ਮਤੇ ਪਕਾਵੇ।
ਦੇਈਏ ਉਲਾਂਮਾ ਮਾਂ ਨੂੰ ਜਾ ਕੇ,
ਆਖਣ ਕੱਠੇ ਹੋ ਕੇ।
ਜੇ ਇਹ ਨਾ ਆਪਣੀ ਫਿਰ ਮੰਨੇ,
ਕੁੱਟੀਏ ਰਾਹ ਖਲੋ ਕੇ।
ਇੱਕ ਦਿਨ ਸਾਰੇ ਗਏ ਘਰ ਉਸ ਦੇ,
ਅੱਗੋਂ ਮਾਂ ਵੀ ਅੱਥਰੀ।
ਨਾਂ ਗੁਲਾਬੋ ਸੀ ਰੱਖਿਆ ਉਸ ਦਾ,
ਫਿਰਦੀ ਪਾ ਕੇ ਘੱਗਰੀ।
ਵੇਖ ਬਾਂਦਰੀ ਦੇ ਉਹ ਲੱਛਣ ਭੈੜੇ,
ਮੁੜ ਆਏ ਫਿਰ ਸਾਰੇ।
ਕੀ ਸਮਝਾਈਏ ਫਿਰ ਦੱਸੋ ਇਸ ਨੂੰ ,
ਕਰਦੇ ਉਹ ਇਸ਼ਾਰੇ।
ਇਹਨਾਂ ਦਾ ਤਾਂ ਆਵਾ ਈ ਊਤਿਆ,
ਹੁਣ ਦੱਸੋ ਕੀ ਕਰਨਾ।
ਡੰਡਾ ਪੀਰ ਵਿਗੜਿਆ ਦਾ,ਪੱਤੋ,
ਇਹੀ ਹੱਲ ਪਊਗਾ ਕਰਨਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417