ਆਖਰੀ ਭਾਗ
ਚਿੜੀ ਵਿਚਾਰੀ ਕੀ ਕਰੇ ?
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਮਨੁੱਖ ਨੇ ਮਰਨਾ ਤਾਂ ਇੱਕ ਦਿਨ ਅਵੱਸ਼ ਹੀ ਹੈ, ਫਿਰ ਮਰਨ ਦੇ ‘ਡਰ’ ਨਾਲ਼ ਮਰਨਹਾਰੇ ਹੋਏ ਕਿਉਂ ਹਾਂ ? ਅਸੀਂ ਆਪੋ ਆਪਣੀ ‘ਲਾਸ਼’ ਮੋਢਿਆਂ ਤੇ ਚੁੱਕੀ ਫਿਰਦੇ ਹਾਂ? ਲਾਸ਼ਾਂ ਦਾ ਤਾਂ ਅੰਤਿਮ ਸਸਕਾਰ ਹੁੰਦਾ ਹੈ, ਪਰ ਜਿਊਦੀਆਂ ‘ਲਾਸ਼ਾਂ’ ਦਾ ਸਸਕਾਰ ਕੌਣ ਕਰੇਗਾ? ਇਹ ਬਹੁਤ ਹੀ ਗੰਭੀਰ ਸਵਾਲ ਹੈ, ਜਿਸ ਦੇ ਜਵਾਬ ਲਈ ਸਾਨੂੰ ਹੁਣ ਵਿਚਾਰਾਂ ਦੀ ਜੰਗ ਲੜਨੀ ਪਵੇਗੀ। ਸਿਰ ਜੋੜ ਕੇ ਮੰਥਨ ਕਰਨਾ ਪਵੇਗਾ । ਸ਼ਬਦ ਗੁਰੂ ਨਾਲ਼ ਜੁੜਨਾ ਪਵੇਗਾ। ਓਥੋਂ ਹਦਾਇਤਾਂ ਲੈਣੀਆਂ ਪੈਣਗੀਆਂ। ਸ਼ਬਦ ਨਾਲ ਜੁੜਨ ਲਈ ਚੰਗੀਆਂ ਕਿਤਾਬਾਂ ਪੜ੍ਹਨੀਆਂ ਪੈਣਗੀਆਂ । ਗਿਆਨ ਹਾਸਲ ਕਰਨਾ ਪਵੇਗਾ । ਗਿਆਨ ਹੀ ਉਹ ਰਸਤਾ ਹੈ ਜਿਸਤੇ ਤੁਰ ਕੇ ਮਨੁੱਖ ਚਿੰਤਨ ਰਾਹੀਂ ਸੱਚ ਤੇ ਝੂਠ ਦਾ ਨਿਤਾਰਾ ਕਰਦਾ ਹੈ। ਚੰਗੀਆਂ ਕਿਤਾਬਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ‘ਨਿਰਮਲ ਵਿਚਾਰਧਾਰਾ’ ਵੱਲ ਤੁਰਨ ਲਈ ਪ੍ਰੇਰਦੀਆ। ਅਸੀਂ ਬਾਜਾਂ ਨਾਲ਼ ਚਿੜੀਆਂ ਲੜਾਉਣ ਵਾਲ਼ੀ ਸ਼ਕਤੀ ਨੂੰ ਕਿਉਂ ਭੁੱਲ ਗਏ ਹਾਂ? ਜਿਸ ਨੇ ਆਪਣੀ ਜਿੱਤ ਦਾ ਪਰਚਮ ‘ਸਰਬੰਸ’ ਵਾਰ ਕੇ ਝੁਲਾਇਆ ਸੀ, ਜਿਸ ਨੇ ਦੱਬੀਆਂ ਕੁਚਲੀਆਂ ਕੌਮਾਂ ਲਈ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ ਸੀ ਪਰ ਅਸੀਂ ਤਾਂ ਆਪਣਾ ‘ਸਰਬੰਸ’ ਬਚਾਉਣ ਤੇ ਵਧਾਉਣ ਲਈ ਆਪਣੇ ਹੱਥੀਂ ਆਪਣੀ ‘ਔਲਾਦ’ ਦੀ ਸੌਦੇਬਾਜ਼ੀ ਕਰਨ ਤੱਕ ਨਿੱਘਰ ਗਏ ਹਾਂ। ਜਿਹੜੀਆਂ ‘ਚਿੜੀਆਂ’ ਬਚ ਗਈਆਂ ਹਨ ਉਹ ਵਿਦੇਸ਼ਾਂ ਨੂੰ ਉਡ ਰਹੀਆਂ ਹਨ ਤੇ ਪਿੱਛੇ ਰਹਿ ਗਈਆਂ ਢਿੱਡ ਝੁਲਕਣ ਲਈ “ਜੰਗਲ਼ ਦੀ ਅੱਗ” ਬੁਝਾਉਣ ਦੀ ਜੰਗ ਲੜ ਰਹੀਆਂ ਹਨ… ਕਦੇ ਤੀਜਾ ਨੇਤਰ ਖੋਲ੍ਹ ਕੇ ਤਾਂ ਦੇਖੋ… ਭੁੱਖ ਨੰਗ ਨੇ ਲੋਕਾਂ ਦੀ ਅਣਖ ਤੇ ਜ਼ਮੀਰ ਕਿਵੇਂ ਮਾਰ ਦਿੱਤੀ ਹੈ। ਅਸੀਂ ਤਾਂ ਅਜੇ ਢਿੱਡ ਦੀ ਭੁੱਖ ਦੀ ਜੰਗ ਨਹੀਂ ਜਿੱਤ ਸਕੇ, ਕਿਉਂਕਿ ਸਾਨੂੰ ਸੱਤਾ ਨੇ ਬੇਬਸ ਤੇ ਲਾਚਾਰ ਬਣਾ ਦਿੱਤਾ ਹੈ ਜਾਂ ਅਸੀਂ ਅਪਣੀ ਸਵੈ ਰੱਖਿਆ ਕਰਨ ਦੀ ਤਾਕਤ ਭੁੱਲ ਗਏ ਹਾਂ…
ਸਾਡੇ ਪੁਰਖੇ ਤੇ ਕਿਤਾਬਾਂ, ਸ਼ਬਦ ਗੁਰੂ ਆਵਾਜ਼ਾਂ ਮਾਰ ਰਹੇ ਹਨ, ਤੱਤੇ ਰਣ ਜੂਝਣ ਲਈ। ਆਓ ਚਮਕੌਰ ਦੀ ਗੜ੍ਹੀ ਵਿੱਚ ਜੰਗ ਲੜੀਏ। ਹੁਣ ਰੁੱਖ, ਮਨੁੱਖ ਤੇ ਕੁੱਖ, ਤਿੰਨੇਂ ਹੀ ਖਤਰੇ ਵਿਚ ਹਨ। ਹੁਣ ਤਾਂ ਪਲ ਪਲ ਖਤਰਾ ਵਧ੍ਹ ਰਿਹਾ ਹੈ। ਚਿੜੀਆਂ ਹੀ ਨਹੀਂ ਸਗੋਂ ਚਿੜੇ ਵੀ ਪਰੇਸ਼ਾਨ ਹਨ । ਪਤਾ ਨਹੀਂ ਹੁਣ ਇਸ ਧਰਤੀ, ਚਿੜੀਆਂ ਤੇ ਧੀਆਂ ਨੂੰ ਕੌਣ ਬਚਾਏਗਾ? ਸੋਚੋ ਤੇ ਵਿਚਾਰੋ ।
ਜੰਗ ਦਾ ਬਿਗੁਲ ਵੱਜ ਗਿਆ ਹੈ,
ਭੁੱਖ ਦਾ ਮੈਦਾਨ ਸੱਜ ਗਿਆ ਹੈ,
ਬਘਿਆੜ ਸ਼ਹਿਰ ਵੱਲ ਵਧ੍ਹ ਰਿਹਾ ਹੈ,
…. ਹੁਣ ਮਿੱਤਰੋ !
ਡਰ ਦੀ ਬੁੱਕਲ਼ ਨੂੰ ਉਤਾਰ ਦਿਓ,
ਆਪਣੀ “ਮੈਂ” ਨੂੰ ਅੰਦਰੋਂ ਮਾਰ ਦਿਓ,
ਮੂੰਹ ਤੋਂ ਵੰਨ-ਸੁਵੰਨੇ ਮਖੌਟੇ ਉਤਾਰ ਦਿਓ…
ਕੌਣ ਉਤਾਰੇਗਾ ਡਰ ਦਾ ਭਾਰ ?
ਕਿਤੇ ਚਿੜੀਆਂ ਨੇ
ਬਾਜ ਤਾਂ ਨਹੀਂ ਦਿੱਤਾ ਮਾਰ ?
ਹੁਣ ਭਾਂਵੇਂ ਚਿੜੀ ਵਿਚਾਰੀ ਨਹੀਂ ਰਹੀ… ਪਰ… ਉਹ ਮਾਈ ਭਾਗੋ ਨਾ ਬਣ ਸਕੀ… ਲੋੜ ਹੈ ਚਮਕੌਰ ਵਰਗੀ ਜੰਗ ਮਚਾਉਣ ਦੀ… ਪਛਾਣ ਕਰੋ… ਉਹਨਾਂ ਪਹਾੜੀ ਰਾਜਿਆਂ ਦੇ ਵਾਰਸਾਂ ਦੀ ਜੋ ਹੁਣ ਭੇਸ ਵਟਾ ਕੇ… ਗੁੱਝੀ ਮਾਰ ਮਾਰ ਰਹੇ ਹਨ… ਤੁਹਾਨੂੰ ਘਰ ਛੱਡਕੇ ਭੱਜਣ ਲਈ ਮਜਬੂਰ ਕਰ ਰਹੇ ਹਨ… ਸਾਡਾ ਤਾਂ ਡਾਂਗ ਉਤੇ ਡੇਰਾ ਹੁੰਦਾ ਸੀ… ਕਦੇ ਸਰ੍ਹਾਣੇ ਹੇਠ ਬਾਂਹ ਰੱਖ ਕੇ ਨਹੀਂ ਸੀ ਸੁੱਤੇ… ਐ ਪੰਜਾਬੀਆ, ਤੇਰੀ ਕਿਵੇਂ ਅੱਖ ਲੱਗ ਗਈ… ਤੇਰਾ ਖੇਤ ਤੇ ਘਰ ਲੁਟੇਰਿਆਂ ਨੇ ਲੁੱਟ ਲਿਆ। ਘਰ ਦੇ ਭੇਤੀ ਨੇ ਤੇਰੀ ਵੀ ਲੰਕਾ ਉਜਾੜ ਦਿੱਤੀ!
ਹੁਣ ਇਹ ਨਾ ਕਹੋ ਕਿ ਚਿੜੀ ਵਿਚਾਰੀ ਕੀ ਕਰੇ, ਸਗੋਂ ਇਹ ਕਹੋ, ਐ ਚਿੜੀਓ, ਬਾਜ਼ ਬਣ ਜਾਓ । ਐ ਚਿੜੀਓ, ਰੱਤ ਪੀਣੇ ਬਾਜਾਂ ਨੂੰ ਉਡਾਰੀ ਨਾ ਭਰਨ ਦਿਓ!
ਬੁੱਧ ਸਿੰਘ ਨੀਲੋਂ
94643-70823
[email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly