ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਜਿਉਂ ਹੀ ਸਵੇਰੇ ਸੋਸ਼ਲ ਮੀਡੀਆ ਦਾ ਅਕਾਊਂਟ ਰਨਅੱਪ ਕੀਤਾ ਤਾਂ ਬੜੇ ਹੀ ਸੂਝਵਾਨ ਲੇਖਕ ਸੁਰਿੰਦਰ ਸੇਠੀ ਲੁਧਿਆਣਾ ਵਲੋਂ ਬਹੁਤ ਹੀ ਪਿਆਰੇ ਨੇਕ ਦਿਲ ਸੱਜਣ ਕਲਾਕਾਰ ਜਸਬੀਰ ਜੱਸੀ ਨੂੰ ਉਨਾਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹੋਏ ਸਨ, ਜਿਸ ਨੂੰ ਪੜ੍ਹ ਕੇ ਮਨ ਉਦਾਸ ਹੋ ਗਿਆ। ਸੁਰਿੰਦਰ ਸੇਠੀ ਹੁਰਾਂ ਜਾਣਕਾਰੀ ਪ੍ਰਦਾਨ ਕਰਦਿਆਂ ਦੱਸਿਆ ਕਿ ਬੀਤੇ ਸਾਲ 2023 ਨੂੰ ਪੰਜਾਬੀ ਸੰਗੀਤ ਜਗਤ ਦਾ ਸੁਰੀਲਾ ਗਾਇਕ ਜਸਵੀਰ ਜੱਸੀ ( ਦੋਗਾਣਾ ਜੋੜੀ ਜਸਵੀਰ ਜੱਸੀ ਤੇ ਬੀਬਾ ਹੁਸਨਪ੍ਰੀਤ ਹੰਸ ਮਿਊਜਿਕਲ ਗਰੁੱਪ ਦਾ ਮੁੱਖ ਗਾਇਕ ) ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਇਸ ਹਰਮਨ ਪਿਆਰੇ ਫਨਕਾਰ ਦੀ ਮਿੱਠੀ ਯਾਦ ਅੱਜ ਵੀ ਫਿਜ਼ਾ ਵਿੱਚ ਮਿਸ਼ਰੀ ਘੋਲਦੀ ਹੈ । ਇਹ ਅਦਬੀ ਗਾਇਕ ਨੇ ਆਪਣੀ ਮਾਣਮੱਤੀ ਕਲਾ ਨਾਲ ਸੰਗੀਤ ਜਗਤ ਵਿੱਚ ਹੋਂਦ ਸਥਾਪਿਤ ਕਰ ਲਈ ਸੀ । ਇਸ ਹਰਦਿਲ ਅਜ਼ੀਜ਼ ਗਾਇਕ ਜੋੜੀ ਨੂੰ ਅਜਿਹੀ ਕਿਸੇ ਦੀ ਕੁਲੱਖਣੀ ਨਜ਼ਰ ਲੱਗ ਗਈ ਕਿ ਹੱਸਦੀ ਖੇਡਦੀ ਪ੍ਰੀਵਾਰਕ ਫੁੱਲਵਾੜੀ ਵਿੱਚ ਭੰਗਣਾ ਪੈ ਗਿਆ । ਅੱਜ ਉਸ ਫਨਕਾਰ ਗਾਇਕ ਜੋੜੀ ਦੀ ਸਹਿ-ਗਾਇਕਾ ਬੀਬਾ ਹੁਸਨਪ੍ਰੀਤ ਹੰਸ ਇਕ ਵਿਰਹਾ ਦੇ ਸਲ ਅੰਦਰ ਝੁਲਸਣ ਜੋਗੀ ਰਹਿ ਗਈ ਹੈ । ਅੱਜ ਭਾਵੇਂ ਇਹ ਹਰਦਿਲ ਅਜ਼ੀਜ਼ ਗਾਇਕਾ ਪ੍ਰੀਵਾਰਕ ਪਰਵਰਿਸ਼ ਲਈ ਸਟੇਜਾਂ ਤੇ ਮੁਸਕਰਾ ਲੈਂਦੀ ਹੈ । ਪਰ ਵਿਲਕਦੀ ਹੋਈ ਕੂੰਜ ਵਾਂਗ ਵਲੂੰਦਰੇ ਹਿਰਦੇ ਨਾਲ ਆਪਣਾ ਜੀਵਨ ਬਤੀਤ ਕਰਦੀ ਹੈ । ਅੱਜ ਅਸੀਂ ਇਸ ਗਾਇਕ ਦੀ ਯਾਦ ਆਂਉਂਦੇ ਹੀ ਮਨ ਉਦਾਸ ਹੈ । ਅੱਜ ਮੈਨੂੰ ਇਸ ਹਰਮਨ ਪਿਆਰੇ ਗਾਇਕ ਨੂੰ ਚੇਤੇ ਕਰਦਿਆਂ ਨਮ ਅਤੇ ਸੇਜ਼ਲ ਅੱਖਾਂ ਨਾਲ ਗਮਗੀਨ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਪ੍ਰਮਾਤਮਾ ਪਾਸ ਦੁਆ ਕਰਦਾ ਕਿ ਇਸ ਗਾਇਕ ਦੇ ਪ੍ਰੀਵਾਰ ਨੂੰ ਹਮੇਸ਼ਾ ਤੰਦਰੁਸਤ , ਸਿਹਤਮੰਦ ਰਾਜ਼ੀ ਖੁਸ਼ੀ ਰੱਖੇ । ਰੱਬ ਰਾਖਾ । ਇਸ ਗਮਗੀਨ ਮਾਹੌਲ ਵਿੱਚ ਮੈਨੂੰ ਇੱਕ ਸ਼ਾਇਰ ਦੀਆਂ ਸਤਰਾਂ ਯਾਦ ਆ ਗਈਆਂ…..।
ਦਿਨ ਰਾਤ ਸੋਚਦਾ ਹਾਂ, ਪੁੱਛਾਂ ਮੈਂ ਵਕਤ ਕੋਲੋਂ
ਗੁੰਮਨਾਮੀਆਂ ਨੇ ਖਾ ਲਏ, ਕਿੰਨੇ ਅਦੀਬ ਸਾਡੇ ।
– ਕਸ਼ਿਸ਼ ਹੁਸ਼ਿਆਰਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly