” ਦਬਾਅ ਹੇਠ ਹੈ ਦੇਸ਼ ਵਿੱਚ ਵਿਗਿਆਨਕ ਸੋਚ”
ਕੁਲਦੀਪ ਸਿੰਘ ਸਾਹਿਲ
(ਸਮਾਜ ਵੀਕਲੀ) ਹਰ ਸਾਲ ਸ਼ਾਂਤੀ ਅਤੇ ਵਿਕਾਸ ਲਈ 10 ਨਵੰਬਰ ਨੂੰ ਵਿਸ਼ਵ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ ਜਿਸਦਾ ਉਦੇਸ਼ ਸਮਾਜ ਵਿੱਚ ਵਿਗਿਆਨ ਦੀ ਭੂਮਿਕਾ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਜਿਸ ਦੇ ਜ਼ਰੀਏ, ਆਮ ਆਦਮੀ ਦੀ ਜ਼ਿੰਦਗੀ ਵਿੱਚ ਵਿਗਿਆਨ ਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕਰਨਾ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣਾ ਹੈ। ਵਿਗਿਆਨ ਵਿੱਚ ਅੱਜ ਬਹੁਤ ਪ੍ਰਾਪਤੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਪੱਛਮੀ ਵਿਗਿਆਨੀਆਂ ਦੁਆਰਾ ਪਾਏ ਗਏ ਵੱਡੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਵਿਗਿਆਨ ਦਾ ਇਤਿਹਾਸ ਦੱਸਦਾ ਹੈ ਕਿ ਅੱਜ ਅਸੀਂ ਜੋ ਵੀ ਸੂਈ ਤੋਂ ਲੈਕੇ ਜਹਾਜ਼ ਤੱਕ ਦਾ ਅਨੰਦ ਮਾਣ ਰਹੇ ਹਾਂ ਇਹ ਸਭ ਵਿਗਿਆਨ ਦੀ ਹੀ ਦੇਣ ਹੈ ਪਰ ਅਫਸੋਸ ਕਿ ਸਾਡੇ ਭਾਰਤ ਦੇਸ਼ ਦੇ ਕੁਝ ਹਾਸ਼ੀਏ ਤੇ ਬੈਠੇ ਅਰਧ-ਬੁੱਧੀਜੀਵੀ ਪੁਰਾਤਨ ਭਾਰਤ ਦੀਆਂ ਪ੍ਰਮਾਣ-ਰਹਿਤ, ਬੇਹਿਸਾਬ ਕਾਲਪਨਿਕ ਪ੍ਰਾਪਤੀਆਂ ਦੀ ਬੀਨ ਵਜਾਉਂਦੇ ਰਹਿੰਦੇ ਹਨ। ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਵਿਗਿਆਨ ਦੀ ਹਾਲਤ ਬਹੁਤ ਪਤਲੀ ਹੋ ਚੁੱਕੀ ਹੈ ਦੇਸ਼ ਵਿੱਚ ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਵਿਗਿਆਨਕ ਸੋਚ ਤੇ ਭਾਰੁ ਹੋ ਚੁੱਕੀ ਹੈ। ਵਿਦਿਆਰਥੀਆ ਨੂੰ ਵਿਗਿਆਨ ਪ੍ਰਤੀ ਜਾਗਰੂਕ ਕਰਨ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾ ਰਹੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਮਿਥਿਹਾਸਕ ਕਹਾਣੀਆਂ ਪੜਾਈਆਂ ਅਤੇ ਸੁਣਾਈਆਂ ਜਾਂਦੀਆਂ ਹਨ ਜਦੋਂ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਸ਼ੁਰੂ ਤੋਂ ਹੀ ਬੱਚਿਆਂ ਨੂੰ ਵਿਗਿਆਨ ਅਤੇ ਤਰਕਵਾਦੀ ਸੋਚ ਨਾਲ ਜੋੜਨ ਤੇ ਜ਼ੋਰ ਦਿੱਤਾ ਜਾਂਦਾ ਹੈ ਸਾਡੇ ਦੇਸ਼ ਦੇ ਕਈ ਲੋਕ ਅਜੇ ਵੀ ਇਸ ਵਿਚਾਰ ਨਾਲ ਸਹਿਮਤ ਹਨ ਕਿ ਧਰਤੀ ਬਲਦ ਦੇ ਸਿੰਗਾਂ ਤੇ ਖੜੀ ਹੈ ਸੂਰਜ, ਚੰਨ ਤਾਰੇ, ਅੱਗ ਪਾਣੀ ਸਭ ਦੇਵਤੇ ਹਨ। ਅਸੀਂ ਅਜੇ ਵੀ 84 ਲੱਖ ਜੂਨ ਦੀ ਮਿਥ ਤੋਂ ਬਾਹਰ ਨਹੀਂ ਨਿਕਲ ਸਕੇ ਸਵਰਗ ਅਤੇ ਨਰਕ ਦੇ ਚੱਕਰ ਤੋਂ ਬਾਹਰ ਨਹੀਂ ਨਿਕਲ ਸਕੇ। ਅਨਪੜ ਲੋਕਾਂ ਦਾ ਅੰਧਵਿਸ਼ਵਾਸ ਵਿਚ ਫਸੇ ਰਹਿਣਾ ਤਾਂ ਮੰਨਿਆ ਪਰ ਇਥੇ ਕੁਝ ਵਿਗਿਆਨ ਪੜਾਉਣ ਵਾਲੇ ਅਧਿਆਪਕਾਂ ਨੂੰ ਵੀ ਇਸ ਚੱਕਰਵਿਊ ਵਿੱਚ ਫਸਿਆ ਦੇਖ ਦੁੱਖ ਲੱਗਦਾ ਹੈ। ਕੁਝ ਕੁ ਵਿਗਿਆਨੀਆਂ ਨੂੰ ਛੱਡ ਕੇ ਦੇਸ਼ ਵਿੱਚ ਵਿਗਿਆਨਕ ਖੋਜਾਂ ਲਈ ਕੋਈ ਬਹੁਤੀ ਵੱਡੀ ਉਪਲਬਧੀ ਨਹੀਂ ਹੋ ਸਕੀ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਵਿਗਿਆਨ ਨੂੰ ਕੋਈ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਸਿਰਫ ਸੱਤਾ ਹਾਸਿਲ ਕਰਨ ਲਈ
ਅੰਧਵਿਸ਼ਵਾਸ ਅਤੇ ਧਾਰਮਿਕ ਭਾਵਨਾਵਾਂ ਦਾ ਸਹਾਰਾ ਲਿਆ ਜਾਂਦਾ ਰਿਹਾ ਹੈ। ਅੱਜ ਸਾਡੇ ਹਲਾਤ ਇਹ ਹਨ ਕਿ ਹਜ਼ਾਰਾਂ ਹੀ ਧਾਰਮਿਕ ਸਥਾਨਾਂ ਦੇ ਮੁਕਾਬਲੇ ਵਿਗਿਆਨ ਭਵਨਾ ਦੀ ਉਸਾਰੀ ਨਾ ਦੇ ਬਰਾਬਰ ਹੈ। ਸਾਡੇ ਦੇਸ਼ ਦੇ ਵੱਡੇ ਵੱਡੇ ਚੈਨਲ ਸਵੇਰ ਦੀ ਸ਼ੁਰੂਆਤ ਕਿਸਮਤ ਦੇ ਸਿਤਾਰਿਆਂ ਤੋਂ ਕਰਦੇ ਹਨ ਅਤੇ ਵਿਗਿਆਨ ਅਤੇ ਤਰਕ ਦਾ ਕੋਈ ਪ੍ਰੋਗਰਾਮ ਦੇਖਣ ਨੂੰ ਨਹੀਂ ਮਿਲਦਾ। ਅਜੇ ਵੀ ਸਾਡੇ ਦੇਸ਼ ਦੇ ਬਹੁਤ ਸਾਰੇ ਪੜੇ ਲਿਖੇ ਲੋਕ ਛਿੱਕ ਆਉਣ ਤੋਂ ਰੁਕ ਜਾਂਦੇ ਹਨ, ਬਿੱਲੀ ਲੰਘਣ ਤੋਂ ਰਸਤਾ ਬਦਲ ਲੈਦੇ ਹਨ ਅਤੇ ਹੋਰ ਬਹੁਤ ਕੁੱਝ ਇਸੇ ਤਰ੍ਹਾਂ ਚਲਦਾ ਹੈ। ਵਿਗਿਆਨਕ ਨਜ਼ਰੀਏ ਦੀ ਅਣਹੋਂਦ ਕਾਰਨ ਅੰਧ-ਵਿਸ਼ਵਾਸ ਵੀ ਭਲੀ ਪ੍ਰਕਾਰ ਪਨਪ ਰਹੇ ਹਨ। ਸਾਡਾ ਹਾਲ ਹੈ ਕਿ ਅਸੀਂ ਹਰ ਇਕ ਖੇਤਰ ’ਚ ਅੰਧਵਿਸ਼ਵਾਸ ਪਾਲ ਰੱਖੇ ਹਨ ਅਤੇ ਜੀਵਨ ਨਾਲ ਜੁੜੀ ਹਰ ਇਕ ਪਰਿਸਥਿਤੀ ਨੂੰ ਅਸੀਂ ਇਨ੍ਹਾਂ ਦੇ ਹੀ ਝਰੋਖੇ ਚੋਂ ਜਾਚਣ ਦੇ ਆਦੀ ਹੋ ਚੁੱਕੇ ਹਾਂ। ਇਸ ਦੇ ਬਾਵਜੂਦ ਵੀ ਕਿ ਗ੍ਰਹਿਆਂ ਬਾਰੇ ਸਭ ਜਾਣਦੇ ਹਨ ਕਿ ਇਹ ਕੀ ਹਨ ਅਤੇ ਅਕਾਸ਼ ਵਿਖੇ ਇਹ ਕਿਉਂ ਭਟਕ ਰਹੇ ਹਨ, ਤਾਂ ਵੀ ਅਸੀਂ ਧਾਰ ਰੱਖਿਆ ਹੈ ਕਿ ਪ੍ਰਿਥਵੀ ਉਪਰ ਰਹਿ ਰਹੇ ਅਰਬਾਂ ਵਿਅਕਤੀਆਂ ਦੀ ਤਕਦੀਰ ਗ੍ਰਹਿਆਂ ਦੇ ਹੱਥ ਹੈ, ਜਿਹੜੇ ਸਾਡਾ ਭਵਿਖ ਨਿਰਧਾਰਿਤ ਕਰਨ ਲਈ ਭਟਕ ਰਹੇ ਹਨ ਅਤੇ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਜ਼ਰਾ ਸੋਚੋ, ਕੀ ਅਜਿਹਾ ਸੰਭਵ ਹੈ ? ਗ੍ਰਹਿਆਂ ਦੀ ਉਮਰ 4 ਅਰਬ ਵਰ੍ਹਿਆਂ ਤੋਂ ਵੀ ਉਪਰ ਹੈ ਅਤੇ ਸਭਿਆਚਾਰਕ ਮਨੁੱਖ ਦੀ ਉਮਰ ਕੁਝ ਹਜ਼ਾਰਾਂ ਵਰ੍ਹਿਆਂ ਦੀ ਹੈ। ਅਰਬਾਂ ਵਰ੍ਹੇ ਜੋ ਵੀ ਗ੍ਰਹਿ ਕਰਦੇ ਰਹੇ ਸਨ, ਉਹੋ ਹੀ ਉਹ ਅੱਜ ਵੀ ਕਰ ਰਹੇ ਹੋਣਗੇ। ਮਨੁੱਖ ਦੀ ਤਕਦੀਰ ਨਾਲ ਉਨ੍ਹਾਂ ਦਾ ਕੀ ਸਬੰਧ ਹੋ ਸਕਦਾ ਹੈ ? ਗੈਬੀ ਹਸਤੀਆਂ ਨੂੰ ਭਰਮਾਉਣ ਲਈ ਵੀ ਅਸੀਂ ਰੀਤਾਂ-ਰਿਵਾਜਾਂ ’ਚ ਉਲਝਿਆ ਜੀਵਨ ਭੋਗ ਰਹੇ ਹਾਂ ਅਤੇ ਮੰਨ ਕੇ ਚੱਲ ਰਹੇ ਹਾਂ ਕਿ ਇਨ੍ਹਾਂ ਦੀ ਪੈਰਵੀ ਕਰਨਾ ਸਾਡੇ ਸੁੱਖ ਦਾ ਸਾਧਨ ਸਿੱਧ ਹੋ ਸਕਦਾ ਹੈ। ਜੀਵਨ ਦੀ ਦਿਲਚਸਪੀ ’ਚ ਵਾਧਾ ਕਰਨ ਲਈ ਰੀਤਾਂ-ਰਿਵਾਜਾਂ ਦੀ ਪੈਰਵੀ ਕਰਨਾ ਤਾਂ ਭਾਵੇਂ ਉਚਿਤ ਹੈ, ਪਰ ਇਨ੍ਹਾਂ ਨੂੰ ਜੀਵਨ ਦਾ ਮੰਤਵ ਬਣਾ ਕੇ ਸੁਖੀ ਜੀਵਨ ਦੇ ਸੁਪਨੇ ਤੱਕਣਾ ਫਜ਼ੂਲ ਹੈ। ਦੁਖਾਂਤ ਇਹੋ ਹੈ ਕਿ ਜਿਸ ਪਰਖ ਆਧਾਰਿਤ ਗਿਆਨ ਨੇ ਸਾਡੇ ਜੀਵਨ ਨੂੰ ਸੁਖਾਲਾ ਬਣਾਇਆ ਅਤੇ ਸਾਡੇ ਜੀਵਨ ਨੂੰ ਜਿਉਣਯੋਗ ਬਣਾਇਆ, ਉਸੇ ਪਰਖ ਆਧਾਰਿਤ ਗਿਆਨ ਦਾ ਤ੍ਰਿਸਕਾਰ ਕਰਦੇ ਹੋਏ ਅਸੀਂ ਅੰਧਵਿਸ਼ਵਾਸਾਂ ਦਾ ਆਸਰਾ ਲੈ ਰੱਖਿਆ ਹੈ ਅਤੇ ਅਜਿਹਾ ਕਰਕੇ ਅਸੀਂ ਆਪਣੀਆਂ ਉਲਝਣਾਂ ’ਚ ਵਾਧਾ ਹੀ ਕਰੀ ਜਾ ਰਹੇ ਹਾਂ। ਫਿਲਾਸਫੀ ਮਰਨ ਕਿਨਾਰੇ ਆ ਰਹੀ ਹੈ ਅਤੇ ਵਿਗਿਆਨ ਦੇ ਸੁਝਾਏ ਰਾਹ ਅਣਡਿੱਠ ਹੋ ਰਹੇ ਹਨ। ਫਲਸਰੂਪ ਰੋਗ ਵੱਧ ਰਹੇ ਹਨ, ਵਾਤਾਵਰਨ ਬਦਲਦਾ ਜਾ ਰਿਹਾ, ਤਾਪਮਾਨ ਉਧਲ ਰਿਹਾ ਹੈ, ਰੁੱਤਾਂ ਬਦਲ ਰਹੀਆਂ ਹਨ ਅਤੇ ਨਾ ਪਾਣੀ ਪੀਣ ਯੋਗ ਰਿਹਾ ਹੈ ਅਤੇ ਨਾ ਹਵਾ ਸਾਹ ਲੈਣ ਯੋਗ। ਅਸੀਂ ਇਹ ਵੀ ਭਰਮ ਪਾਲ਼ ਰੱਖਿਆ ਹੈ ਕਿ ਵਿਗਿਆਨਕ ਸੂਝ ਸਾਨੂੰ ਰੂਹਾਨੀਅਤ ਤੋਂ ਪਰੇ ਲਿਜਾ ਰਹੀ ਹੈ ਪਰ ਸਥਿਤੀ ਸਗੋਂ ਇਸ ਦੇ ਉਲਟ ਹੈ ਇਹ ਤਾਂ ਸਾਡੀ ਰੂਹਾਨੀਅਤ ਨਾਲ ਪਛਾਣ ਕਰਵਾ ਰਹੀ ਹੈ। ਜੀਵਨ ਅਤੇ ਕੁਦਰਤ ਦੇ ਰਹੱਸਾਂ ਨੂੰ ਪ੍ਰਤੱਖ ਕਰਦਾ ਹੋਇਆ ਵਿਗਿਆਨ ਸਾਨੂੰ ਅਰੋਗ ਅਤੇ ਸੰਤੁਸ਼ਟ ਜੀਵਨ ਭੋਗਣ ਲਈ ਇਹ ਸਲਾਹ ਦੇਕੇ ਪ੍ਰੇਰ ਵੀ ਰਿਹਾ ਹੈ ਕਿ ਸੰਜਮ ਨਾਲ ਖਾਓ, ਸੰਜਮ ਨਾਲ ਵਿਚਰੋ ਅਤੇ ਅਖੀਰਲੇ ਸਾਹ ਤੱਕ ਮਾਨਸਿਕ ਅਤੇ ਸਰੀਰਕ ਸਰਗਰਮੀਆਂ ’ਚ ਰੁੱਝੇ ਰਹੋ। ਸੱਚ ਮੁੱਚ ਵਿਗਿਆਨ ਅਤੇ ਇਸ ਦੇ ਨਜ਼ਰੀਏ ਨੂੰ ਅਣਡਿੱਠ ਕਰਕੇ ਅਸੀਂ ਆਪਣੇ ਆਪ ਨਾਲ ਧ੍ਰੋਹ ਕਮਾ ਰਹੇ ਹਾਂ। ਜੇਕਰ ਅਸੀਂ ਅੱਜ ਵਿਕਾਸਸ਼ੀਲ ਦੇਸ਼ਾਂ ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇਸ਼ਾਂ ਨੇ ਵਿਗਿਆਨ ਨੂੰ ਕਿੰਨੀ ਅਹਿਮੀਅਤ ਦਿੱਤੀ ਹੈ ਇਹ ਸ਼ੁਰੂ ਤੋਂ ਹੀ ਬੱਚਿਆਂ ਨੂੰ ਸਾਇੰਸ ਅਤੇ ਖੋਜਕਾਰੀ ਵਾਰੇ ਜਾਗਰੂਕ ਕਰਦੇ ਹਨ ਸ਼ਾਇਦ ਇਹੋ ਕਾਰਨ ਹੈ ਕਿ ਇਨ੍ਹਾਂ ਦੇਸ਼ਾਂ ਨੇ ਦੁਨੀਆ ਨੂੰ ਬਹੁਤ ਸਾਰੇ ਖੋਜਕਾਰੀ ਦਿੱਤੇ ਹਨ। ਜ਼ਰਾ ਸੋਚ ਕੇ ਦੇਖੋ ਜੇਕਰ ਖੋਜਕਾਰਾਂ ਨੇ ਰੇਲ ਗੱਡੀ, ਜਹਾਜ਼, ਕਾਰਾਂ, ਟੈਲੀਫੋਨ ,ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਸੁੱਖ ਸਹੂਲਤਾਂ ਵਾਲੀਆ ਚੀਜਾ ਨਾ ਬਣਾਈਆ ਹੁੰਦੀਆਂ ਤਾਂ ਦੁਨੀਆਂ ਕਿਹੋ ਜਿਹੀ ਹੁੰਦੀ ? ਪਰ ਅਫਸੋਸ ਸਾਡੇ ਦੇਸ਼ ਵਿੱਚ ਖੋਜਕਾਰਾਂ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ ਅਤੇ ਖੋਜਕਾਰਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਇਸ ਤੋਂ ਵੀ ਵੱਡਾ ਦੁਖਾਂਤ ਹੈ ਕਿ ਰੱਬ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਢੋਂਗੀ ਬਾਬੇ ਕਾਰ ਅਤੇ ਜਹਾਜ਼ ਵਿੱਚ ਬੈਠ ਕੇ ਵਿਗਿਆਨ ਨੂੰ ਨਿੰਦਦੇ ਹਨ। ਕੁਲ ਮਿਲਾ ਕੇ ਵਿਗਿਆਨ ਨੂੰ ਵਿਕਾਸਸ਼ੀਲ ਦੇਸ਼ਾਂ ਦੀ ਤਰੱਕੀ ਦਾ ਰਾਜ ਕਹਿਣਾ ਗਲਤ ਨਹੀਂ ਹੋਵੇਗਾ। ਅੱਜ ਸਾਡੇ ਦੇਸ਼ ਦੀ ਕਰੀਮ ਡਾਕਟਰ, ਇੰਜੀਨੀਅਰ, ਅਤੇ ਹੋਰ ਬਹੁਤ ਸਾਰੇ ਨੌਜਵਾਨ ਵਿਕਾਸਸ਼ੀਲ ਦੇਸ਼ਾਂ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਹਨ ਅੱਜ ਦੇਸ਼ ਵਿੱਚੋ ਬ੍ਰੇਨ ਡ੍ਰੇਨ ਰੋਕਣ ਲਈ ਚੰਗੇ ਸਿਸਟਮ ਅਤੇ ਨੀਤੀਆਂ ਦੀ ਲੋੜ ਹੈ। ਸਾਡੇ ਮੁਲਕ ਵਿੱਚ ਵੀ ਲੋਕ ਬਹੁਤ ਮਿਹਨਤੀ ਅਤੇ ਤੇਜ਼ ਦਿਮਾਗ ਹਨ ਬਸ ਇਹ ਸਰਕਾਰਾਂ ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕਿਸ ਦਿਸ਼ਾ ਵੱਲ ਲੈਕੇ ਜਾਣਾ ਹੈ। ਆਪਣੇ ਬਲਬੂਤੇ ਤੇ ਸੀ. ਵੀ ਰਮਨ ਅਤੇ ਅਬਦੁਲ ਕਲਾਮ ਨੇ ਵੀ ਵਿਗਿਆਨ ਦੇ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਦੇਸ਼ ਦੀ ਨਵੀਂ ਪੀੜ੍ਹੀ ਨੂੰ ਅੰਧਵਿਸ਼ਵਾਸ ਅਤੇ ਮਿਥਿਹਾਸਕ ਗੇੜ ਚੋ ਕੱਢ ਕੇ ਵਿਗਿਆਨਕ ਸੋਚ ਨਾਲ ਜੋੜਨ ਦੀ ਲੋੜ ਹੈ ਤਾਂ ਹੀ ਦੇਸ਼ ਬਦਲੇਗਾ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly