ਕਵਿਤਾਵਾਂ

(ਸਮਾਜ ਵੀਕਲੀ)
ਮਾੜੀ ਮੌਤ ਤੋਂ 
————–
ਜੇਕਰ ਮਾਨਣੇਂ ਸੁੱਖ ਅਨੇਕ ਚਾਹੁੰਦੇ ,
ਲਾਈਏ ਵੱਧ ਤੋਂ ਵੱਧ ਫ਼ਿਰ ਰੁੱਖ ਲੋਕੋ ।
ਕਤਲ ਕਰਨ ਲਈ ਧੀ ਧਿਆਣੀਆਂ ਦੇ,
ਕਬਰਾਂ ਜਿਹੀ ਬਣਾਈ ਕਿਉਂ ਕੁੱਖ ਲੋਕੋ ।
ਧੀਆਂ ਨਾ ਹੋਈਆਂ ਮਾਵਾਂ ਨਾ ਹੋਈਆਂ ,
ਪੈਦਾ  ਹੋਣਗੇ  ਕਿੱਥੋਂ  ਮਨੁੱਖ  ਲੋਕੋ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮਾੜੀ  ਮੌਤ ਤੋਂ ਹੁੰਦੀ  ਹੈ ਭੁੱਖ  ਲੋਕੋ ।
ਸੱਪ ਨੂੰ ਦੁੱਧ 
————-
ਰੀਝ ਨਾਲ਼ ਉਹ ਜ਼ਿੰਦਗੀ ਮਾਣਦੇ ਨੇ ,
 ਜਿਹੜੇ ਬੰਦੇ ਸੁਭਾਅ ਦੇ ਸੀਤ ਹੁੰਦੇ ।
ਖ਼ੁਸ਼ ਰਹਿੰਦੇ ਤੇ ਹੋਰਾਂ ਨੂੰ ਖ਼ੁਸ਼ ਰਖਦੇ ,
ਸ਼ੌਕ ਜਿਹਨਾਂ ਦੇ ਗੀਤ ਸੰਗੀਤ ਹੁੰਦੇ ।
ਵਰਤਮਾਨ  ਭਵਿੱਖ  ਵੀ  ਹੋਣ  ਚੰਗੇ   ,
ਜਿਹੜੇ ਲੋਕਾਂ ਦੇ ਚੰਗੇ ਅਤੀਤ ਹੁੰਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਦੁੱਧ ਪੀ ਕੇ ਵੀ ਸੱਪ ਨਾ ਮੀਤ ਹੁੰਦੇ ।
ਜੱਟ ਜੱਟਾਂ ਦੇ 
————-
ਕੋਈ  ਮੰਨੇਂ  ਤੇ  ਭਾਵੇਂ  ਕੋਈ  ਨਾ  ਮੰਨੇਂ ,
ਫਰਜ਼ ਹੁੰਦਾ ਸਿਆਣਿਆਂ ਦਾ ਕਹਿਣ ਦਾ ਜੀ।
ਆਟੇ  ਨਾਲ਼  ਪਲੇਥਣ  ਹੈ  ਲੱਗ  ਜਾਂਦਾ ,
ਚਸਕਾ ਲੱਗ ‘ਜੇ ਮਾੜੇ ਨਾਲ਼ ਬਹਿਣ ਦਾ ਜੀ।
ਕੋਈ ਕੰਮ ਨਾ  ਦੁਨੀਆਂ  ਦੇ ਵਿੱਚ ਹੁੰਦਾ  ,
ਤਕੜੇ ਬੰਦੇ ਦਾ ਮਾੜੇ ਨਾਲ਼ ਖਹਿਣ ਦਾ ਜੀ।
ਸੱਚ  ਕਿਹਾ  ਸਿਆਣਿਆਂ  ਬੰਦਿਆਂ  ਨੇ ,
ਜੱਟ  ਜੱਟਾਂ  ਦੇ  ਭੋਲੂ਼  ਨਰਾਇਣ  ਦਾ  ਜੀ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਮੇਰੀਆਂ ਚਾਰ ਕਿਤਾਬਾਂ ਗ਼ਦਰੀ ਬਾਬਿਆਂ ਦੇ ਮੇਲੇ (7 ਤੋਂ 9 ਨਵੰਬਰ ਤੱਕ) ਵਿੱਚੋਂ ਖਰੀਦ ਸਕਦੇ ਹੋ
Next articleअंबेडकर भवन में एनआरआई दौलता बाली का स्वागत किया गया