ਤਿਉਹਾਰ, ਤੂੰ ਤੇ ਮੈਂ

ਪ੍ਰੋ.(ਡਾ.) ਮੇਹਰ ਮਾਣਕ 
(ਸਮਾਜ ਵੀਕਲੀ) 
ਕੰਮ ਨਾ ਆਈਆਂ ਡਿਗਰੀਆਂ
ਅਣਸੁਲਝੇ ਪਏ ਸਵਾਲ
ਉਜੜ ਰਹੇ ਇਸ ਚਮਨ ਦਾ
ਕਿਉਂ ਚਿਹਰੇ ਨਹੀਂ ਮਲਾਲ?
ਤਿੱਥ ਤਿਉਹਾਰਾਂ ਸੋਕ ਲਈ
ਮਾੜੀ ਮੋਟੀ ਗਿੱਲ
ਬੰਦੇ ਪੱਥਰ ਹੋ ਗਏ
ਨਾ ਸੀਨੇ ਧੜਕੇ ਦਿਲ
ਦਿਮਾਗੋਂ ਸਭ ਪੈਦਲ ਹੋ ਗਏ
ਚਲਦੇ ਨੇ ਭੇਡ ਚਾਲ।
ਅਗਨਬਾਣ ਵਾਂਗੂੰ ਚੱਲਦੇ
ਰੋਜ਼ ਤਿਉਹਾਰਾਂ ਦੇ ਤੀਰ
ਨਿੱਤ ਅੱਗਾ ਨੰਗਾ ਹੋਂਵਦਾ
ਦਾਮਨ ਹੋਇਆ ਲੀਰੋ ਲੀਰ
ਕਿਹੜੀ ਗੱਲ ਦਾ ਜਸ਼ਨ ਮਨਾਂਵਦੇ
ਜਿਥੇ ਜ਼ਿੰਦਗੀ ਬਣ ਗਈ ਗਾਲ਼।
ਇਸ ਟੂਣੇਹਾਰੀ ਰੁੱਤ ਨੇ
ਸਭ ਬਦਲ ਧਰੇ ਮਿਜ਼ਾਜ
ਗਵਾਚੀ ਨਜ਼ਰ ਦੇ ਭਰਮ ਦਾ
ਨਾ ਕਿਧਰੇ ਕੋਈ ਇਲਾਜ਼
ਦੋਸ਼ ਕਿਸ ਨੂੰ ਦੱਸ ਦੇਵਣਾ
ਜਿਥੇ ਰੰਗ ਬਦਲ ਗਈ ਦਾਲ਼।
ਜਿਹੜੇ ਘੁੱਗੂ ਨੂੰ ਸੁਣਦਿਆਂ
ਮੂਧੇ ਮੂੰਹ ਜਾਂਦੇ ਲਿਟ
ਉਹ ਚਲਾ ਕੇ ਆਤਸ਼ਬਾਜ਼ੀਆਂ
ਕਿਹੜੀਆਂ ਜੰਗਾਂ ਜਾਣਗੇ ਜਿੱਤ
ਖ਼ਾਲੀ ਖੂਹ ਪਏ ਬੋਲਦੇ
ਅਕਲਾਂ ਦੇ  ਪੈ ਗਏ ਕਾਲ਼।
ਬਜ਼ਾਰ ਦੀ ਚਕਾਚੌਂਧ ਦਾ
ਤੁਸਾਂ ਪਾਇਆ ਨਾ ਕਦੇ ਭੇਤ
ਚੁਲ੍ਹਿਆਂ ਤੋਂ ਅੱਗ ਗੁੰਮ ਰਹੀ
ਹੱਥੋਂ ਨਿਕਲ਼ ਰਹੇ ਨੇ ਖੇਤ
ਤਰੱਕੀ ਦੀਆਂ ਤਿੱਖੀਆਂ ਨਹੁੰਦਰਾਂ
ਰੋਮ ਰੋਮ ਚੋਂ ਚੁੱਗਤੇ ਵਾਲ਼।
ਸੁਣ ਦਾਤਾ ਦੇਵਣ ਹਾਰਿਆ
ਜ਼ਰਾ ਅਕਲਾਂ ਵੱਲ ਨੂੰ ਬਹੁੜ
ਤਿਉਹਾਰਾਂ ਦੀ ਤਪਦੀ ਤੇਹ ਨੇ
ਕਰ ਦਿੱਤਾ ਚੁੱਘਾ ਚੌੜ
ਨਹੀਂ ਦਿਸਦਾ ਨਜ਼ਰ ਵਿਹੂਣਿਆਂ
ਭਾਵੇਂ ਲੱਖਾਂ ਦੀਵੇ ਬਾਲ਼।
ਪ੍ਰੋ.(ਡਾ.) ਮੇਹਰ ਮਾਣਕ 
Previous articleਲਾਜਵੰਤੀ ਦੇ ਫਾਇਦੇ
Next articleਬੁੱਧ ਚਿੰਤਨ