(ਸਮਾਜ ਵੀਕਲੀ)
ਰੱਬੀ ਨਾਂ
———-
ਕੁੱਝ ਲੋਕ ਹੁੰਦੇ ਸਾਊ ਘੁੱਗੀ ਵਰਗੇ ,
ਕੁੱਝ ਹੁੰਦੇ ਚਲਾਕ ਨੇ ਕਾਂ ਵਰਗੇ ।
ਕਈ ਵਾਰ ਤਾਂ ਸੋਹਣਿਆਂ ਸੱਜਣਾਂ ਦੇ ,
ਨਾਂਹ ਦੇ ਬੋਲ ਵੀ ਹੁੰਦੇ ਨੇ ਹਾਂ ਵਰਗੇ ।
ਕੁੱਝ ਲੋਕ ਕੜਕਦੀ ਧੁੱਪ ਵਰਗੇ ,
ਕੁੱਝ ਪਿੱਪਲ ਬਰੋਟੇ ਦੀ ਛਾਂ ਵਰਗੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਕੁੱਝ ਬੰਦੇ ਹੁੰਦੇ ਰੱਬੀ ਨਾਂ ਵਰਗੇ ।
ਸਕੇ ਭਾਈ
————
ਚਾਅ ਤਾਂ ਸਭ ਨੂੰ ਹੁੰਦੇ ਨੇ ਬੱਚਿਆਂ ਦੇ ,
ਕੋਈ ਸ਼ਗਨ ਮਨਾਵੇ ਨਾ ਮਾਂ ਵਰਗੇ ।
ਕੁੱਝ ਤਾਂ ਆਪ ਹੀ ਹੋਣ ਅਧੂਰੇ ਬੰਦੇ ,
ਕੁੱਝ ਲਗਦੇ ਨੇ ਕੁੱਲ ਜਹਾਂ ਵਰਗੇ ।
ਕੁੱਝ ਘਰ ਤਾਂ ਜਰਗ ਦਾ ਲੱਗਣ ਮੇਲਾ ,
ਕੁੱਝ ਉੱਜੜੀ ਹੋਈ ਸਰਾਂ ਵਰਗੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਸਕੇ ਭਾਈ ਹੁੰਦੇ ਸੱਜੀ ਬਾਂਹ ਵਰਗੇ ।
ਰੱਬ ਦਾ ਰੂਪ
————-
ਬੰਦੇ ਅੱਕ ਦਾ ਬੀਜ ਨੇ ਬੀਜਦੇ ਜੋ ,
ਅੰਬ ਉਹਨਾਂ ਤੋਂ ਕਦੇ ਨਾ ਚੂਪ ਹੁੰਦੇ ।
ਭੀਖ ਮੰਗਦੇ ਪੁੱਤ ਭਿਖਾਰੀਆਂ ਦੇ ,
ਰਾਜ – ਗੱਦੀ ‘ਤੇ ਬੈਠਦੇ ਭੂਪ ਹੁੰਦੇ ।
ਕਈ ਬੰਦੇ ਗੁਣਾਂ ਨਾਲ਼ ਪਾਉਂਣ ਰੁਤਬੇ ,
ਚੇਹਰੇ ਮੋਹਰੇ ਤੋਂ ਭਾਵੇਂ ਕਰੂਪ ਹੁੰਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਮਾਪੇ ਬੱਚਿਆਂ ਲਈ ਰੱਬ ਦਾ ਰੂਪ ਹੁੰਦੇ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037