ਪ੍ਰਭ ਆਸਰਾ ਦੇ ਬੱਚਿਆਂ ਨੇ ਸਾਫ਼ ਕੀਤਾ ਪਟਾਖਿਆਂ ਦੀਆਂ ਸਟਾਲਾਂ ਦੁਆਰਾ ਖਿਲਾਰਿਆ ਕੂੜ-ਕਬਾੜ

ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਵੱਖੋ-ਵੱਖ ਵਿਸ਼ੇਸ਼ਤਾਵਾਂ ਕਾਰਨ ਜਾਣੇ ਜਾਂਦੇ ਸ਼ਹਿਰਾਂ ਵਿੱਚ ਕੁਰਾਲ਼ੀ ਸ਼ਹਿਰ ਦਾ ਨਾਮ ਅਕਸਰ ਹੀ ਦੀਵਾਲੀ ਮੌਕੇ ਥੋਕ ਵਿੱਚ ਵਿਕਦੇ ਪਟਾਖਿਆਂ ਨਾਲ਼ ਜੋੜ ਕੇ ਲਿਆ ਜਾਂਦਾ ਹੈ। ਵੱਡੀ ਗਿਣਤੀ ਵਿੱਚ ਖਰੀਦਦਾਰੀ ਕਰਨ ਆਏ ਲੋਕਾਂ ਖਾਸਕਰ ਬੱਚਿਆਂ ਨਾਲ਼ ਇੱਥੇ ਖੂਬ ਰੌਣਕਾਂ ਲੱਗੀਆਂ ਰਹਿੰਦੀਆਂ ਹਨ ਪਰ ਇਹੋ ਜਿਹੀਆਂ ਰੌਣਕਾਂ ਦਾ ਨਾਂਹ-ਪੱਖੀ ਪ੍ਰਭਾਵ ਇਹਨਾਂ ਦੀਆਂ ਸਮਾਪਤੀਆਂ ਮਗਰੋਂ ਖਿੱਲਰੇ ਕੂੜੇ-ਕਬਾੜ ਦੇ ਰੂਪ ਵਿੱਚ ਆਮ ਹੀ ਵੇਖਣ ਨੂੰ ਮਿਲ ਜਾਂਦਾ ਹੈ। ਜੋ ਕਿ ਇੱਥੇ ਬਾਈਪਾਸ ‘ਤੇ ਵੀ ਵੇਖਣ ਨੂੰ ਮਿਲਿਆ। ਜਿਸ ਨੂੰ ਵੇਖ ਕੇ ਇੱਕ ਸਮਾਜ ਦਰਦੀ ਸੱਜਣ ਨੇ ਪ੍ਰਭ ਆਸਰਾ ਦਿਆਂ ਪ੍ਰਬੰਧਕਾਂ ਕੋਲ਼ ਇਸ ਨੂੰ ਸਮੇਟਣ ਤੇ ਸਾਫ਼ ਕਰਵਾਉਣ ਲਈ ਪਹੁੰਚ ਕੀਤੀ। ਜਿਸ ਤੋਂ ਬਾਅਦ ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਕੁੱਝ ਸੇਵਾਦਾਰਾਂ ਅਤੇ ਵੱਡੇ ਬੱਚਿਆਂ ਨਾਲ਼ ਇਸ ਸੇਵਾ ਬਾਬਤ ਗੱਲ ਕੀਤੀ। ਜੋ ਤੁਰੰਤ ਹੀ ਲੋੜੀਂਦਾ ਸਾਮਾਨ ਤੇ ਗੱਡੀ ਲੈ ਕੇ ਇਸ ਸਫ਼ਾਈ ਕਾਰਜ ਵਿੱਚ ਜੁਟ ਗਏ। ਇਸ ਦੌਰਾਨ ਉਨ੍ਹਾਂ ਪਿੰਡ ਪਡਿਆਲਾ ਤੋਂ ਸਿੰਘਪੁਰਾ ਤੱਕ ਸੜਕ (ਬਾਈਪਾਸ) ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ। ਜਿਕਰਯੋਗ ਹੈ ਕਿ ਪ੍ਰਭ ਆਸਰਾ ਵਿਖੇ ਹਰ ਸਾਲ ਦੀਵਾਲੀ ਮੌਕੇ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਜਿਸ ਦਰਮਿਆਨ ਪਟਾਖਿਆਂ ਆਦਿ ਤੋਂ ਹੁੰਦੇ ਪ੍ਰਦੂਸ਼ਣ ਅਤੇ ਸ਼ੋਰ ਬਾਰੇ ਜਾਗਰੂਕਤਾ ‘ਤੇ ਉਚੇਚਾ ਧਿਆਨ ਦਿੱਤਾ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article450 ਸਾਲਾ ਸ਼ਤਾਬਦੀ ਅਤੇ ਭਾਈ ਘਨ੍ਹੱਈਆ ਸਿੰਘ ਯਾਦ ਨੂੰ ਵਿਸ਼ਾਲ ਖੂਨਦਾਨ ਕੈਂਪ 10 ਨਵੰਬਰ ਨੂੰ ਲਗਾਇਆ ਜਾਵੇਗਾ -ਜੱਥੇ. ਨਿਮਾਣਾ
Next articleਭਾਸ਼ਾ ਵਿਭਾਗ ਹੁਣ ਲੇਖਕਾਂ ਨੂੰ ਕਿਰਾਇਆ ਦੇਣ ਤੋਂ ਵੀ ਮੁਨਕਰ