ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਦੀਵਾਲੀ ਮੌਕੇ ਪਟਾਖਿਆਂ ਦੀ ਮੰਡੀ ਵਜੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ਹੈ ਕੁਰਾਲ਼ੀ ਸ਼ਹਿਰ। ਜਿੱਥੇ ਇਸ ਤਿਉਹਾਰ ਮੌਕੇ ਦੂਰ-ਦੁਰਾਡਿਆਂ ਤੋਂ ਵੀ ਪਟਾਖਿਆਂ ਦੀ ਖਰੀਦਦਾਰੀ ਕਰਨ ਆਏ ਲੋਕ ਆਮ ਹੀ ਨਜ਼ਰੀਂ ਪੈ ਜਾਂਦੇ ਹਨ। ਬੇਸ਼ੱਕ ਇਹ ਸਟਾਲਾਂ ਸ਼ਹਿਰ ਨੂੰ ਕੁੱਝ ਕੁ ਦਿਨ ਕਿਸੇ ਫੁਲਕਾਰੀ ਦੁਆਲ਼ੇ ਜੜੇ ਗੋਟੇ ਵਰਗੀ ਸੁੰਦਰਤਾ ਪ੍ਰਦਾਨ ਕਰਕੇ ਰੱਖਦੀਆਂ ਹਨ ਪਰ ਤਿਉਹਾਰ ਬੀਤਣ ਸਾਰ ਹੀ ਇਹਨਾਂ ਦੁਆਰਾ ਖਿਲਾਰਿਆ ਕਬਾੜ ਸ਼ਹਿਰ ਅਤੇ ਇਲਾਕੇ ਲਈ ਬਦਸੂਰਤੀ ਦਾ ਸਿਖਰ ਹੋ ਨਿੱਬੜਦਾ ਹੈ। ਇਸ ਵਾਰ ਵੀ ਹਮੇਸ਼ਾ ਵਾਂਗ ਅਜਿਹਾ ਕੁੱਝ ਹੀ ਵੇਖਣ ਨੂੰ ਮਿਲਿਆ।
ਇਹ ਸਾਰਾ ਮੰਜਰ ਵੇਖ ਇੱਕ ਸਮਾਜ ਦਰਦੀ ਸੱਜਣ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਪੱਤਰਕਾਰਤਾ ਨੂੰ ਪਹੁੰਚ ਕੀਤੀ। ਉਨ੍ਹਾਂ ਕਿਹਾ ਕਿ ਕਮਾਲ ਦੀ ਗੱਲ ਹੈ ਕਿ ਚੰਦ ਕੁ ਦਿਨਾਂ ਵਿੱਚ ਕਿਸੇ ਥਾਂ ਦੇ ਸਿਰ ‘ਤੇ ਮਹੀਨਿਆਂ ਦੀ ਕਮਾਈ ਕਰਨ ਤੋਂ ਬਾਅਦ ਉਸ ਨੂੰ ਬਦਸੂਰਤ ਤੇ ਬਦਹਾਲ ਬਣਾ ਕੇ ਛੱਡ ਜਾਣ ਬਾਰੇ ਕੋਈ ਸੋਚ ਵੀ ਕਿਵੇਂ ਸਕਦਾ ਹੈ ? ਉੱਤੋਂ ਸਿਤਮਜ਼ਰੀਫੀ ਦੀ ਹੱਦ ਹੀ ਕਹੀ ਜਾ ਸਕਦੀ ਹੈ ਕਿ ਇਹਨਾਂ ਸਬੰਧੀ ਮਨਜੂਰੀਆਂ ਜਾਰੀ ਕਰਨ ਵਾਲ਼ੇ ਵਿਭਾਗਾਂ ਵੱਲੋਂ ਇਸ ਸਥਿਤੀ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਾਂਦਾ! ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਕੁਰਾਲ਼ੀ ਸ਼ਹਿਰ ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਨੰਗਲ ਜਿਹੇ ਮੁੱਖ-ਮਾਰਗਾਂ ਦੇ ਬਿਲਕੁੱਲ ਉੱਤੇ ਸਥਿਤ ਹੈ। ਜਿੱਥੋਂ ਛੋਟੇ-ਵੱਡੇ ਰਾਜਨੀਤਕ ਆਗੂ ਅਤੇ ਉੱਚ-ਅਧਿਕਾਰੀ ਆਮ ਹੀ ਲੰਘਦੇ/ਗੁਜਰਦੇ ਹਨ ਪਰ ਪਤਾ ਨਹੀਂ ਕਿਉਂ ਕੋਈ ਵੀ ਇਸ ਮੁੱਦੇ ਬਾਬਤ ਸੁਹਿਰਦਤਾ ਨਹੀਂ ਵਿਖਾਉਂਦਾ। ਅੰਤ ਉਹਨਾਂ ਬਾਈਪਾਸ ਦੀ ਸ਼ੁਰੂਆਤ ਦੇ ਬਿਲਕੁੱਲ ਨਾਲ਼ ਪੈਂਦੀ ਸੰਸਥਾ ਪ੍ਰਭ ਆਸਰਾ (ਨਿਆਸਰਿਆਂ ਲਈ ਆਸਰਾ: ਸਾਂਝਾ ਘਰ) ਦਿਆਂ ਪ੍ਰਬੰਧਕਾਂ ਕੋਲ਼ ਜਾ ਕੇ ਬੇਨਤੀ ਕੀਤੀ ਕਿ ਆਪਣੇ ਗਵਾਂਢ ਵਿੱਚ ਪਏ ਇਸ ਕੂੜ-ਕਬਾੜ ਨੂੰ ਆਪਣੀ ਦੇਖ-ਰੇਖ ਵਿੱਚ ਸਾਫ਼ ਕਰਵਾ ਦੇਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly