ਇਲਤੀ ਬਾਬਾ

(ਸਮਾਜ ਵੀਕਲੀ)

ਇਹ ਜੋ ਗੁੱਝੀਆਂ ਗੱਲਾਂ ਨੇ
ਕਿਤੇ ਗੱਪ ਨਾ ਹੋਵੇ;
ਬਾਬਾ ਮੰਜਾ ਝਾੜ ਲਵੀਂ,
ਕਿਤੇ ਸੱਪ ਨਾ ਹੋਵੇ ।

ਤਸਬੀ ਫੇਰ ਕੇ ਲੰਮੀਆਂ
ਉਮਰਾਂ ਜੀ ਲੈਂਦੇ ਨੇ;
ਪੀਣੇ ਵਾਲ਼ੇ ਬਾਬਾ,
ਬੁੱਕ ਨਾਲ਼ ਪੀ ਲੈਂਦੇ ਨੇ;
ਕੋਲ਼ ਗਿਲਾਸੀ ਜਾਂ ਭਾਂਵੇਂ
ਕੋਈ ਕੱਪ ਨਾ ਹੋਵੇ;
ਬਾਬਾ ਮੰਜਾ ਝਾੜ ਲਵੀਂ
ਕਿਤੇ ਸੱਪ ਨਾ ਹੋਵੇ।

ਪਰਬਤ ਉੱਤੇ ਕੋਠਾ ਪਾ,
ਮਨ ਆਈਆਂ ਕਰਦਾ;
ਜਦ ਫੜ੍ਹ ਹੋ ਜਾਏ ਝੂਠ,
ਤਾਂ ਫਿਰ ਹਰਜਾਨੇ ਭਰਦਾ;
ਰੋਂਦ ਵੱਜਣ ਦਾ ਖ਼ਤਰਾ,
ਖੇਡ ਕਿਤੇ ਠੱਪ ਨਾ ਹੋਵੇ;
ਬਾਬਾ ਮੰਜਾ ਝਾੜ ਲਵੀਂ,
ਕਿਤੇ ਸੱਪ ਨਾ ਹੋਵੇ ?

ਬਾਬਾ ਰੰਗ ਬਿਰੰਗੇ ਭੇਤ
ਰੋਜ ਹੈ ਕੱਢ ਲਿਆਉਂਦਾ;
ਕਿੰਝ ਪਾਉਣੀ ਏ ਮੰਜ਼ਲ,
ਲੋਕਾਂ ਨੂੰ ਸਮਝਾਉਂਦਾ;
ਜਿਸਤੋਂ ਘਰ ਦੀ ਦਹਿਲੀਜ਼
ਕਦੇ ਵੀ ਟੱਪ ਨਾ ਹੋਵੇ;
ਬਾਬਾ, ਬੈਠੀਂ ਮੰਜਾ ਝਾੜ
ਹੇਠਾਂ ਕਿਤੇ ਸੱਪ ਨਾ ਹੋਵੇ ?

ਝੂਠੀਆਂ ਸੌਹਾਂ ਖਾਕੇ
ਮੁੱਕਰ ਲੋਕ ਜਾਂਦੇ ਨੇ;
ਬਚਕੇ, ਇਹ ਤਾਂ ਘਰ ਆ
ਮੰਜੀ ਠੋਕ ਜਾਂਦੇ ਨੇ;
ਜਿਹੜਾ ਨਾਲ ਇਸ਼ਾਰਿਆਂ
ਬੰਦਾ ਨੱਪ ਨਾ ਹੋਵੇ;
ਬਾਬਾ ਮੰਜਾ ਝਾੜ ਲਵੀਂ
ਕਿਤੇ ਸੱਪ ਨਾ ਹੋਵੇ ?

ਗੱਪ ਨਾ ਹੋਵੇ

ਬਾਬਾ ਲਿਖਦਾ ਕੌੜੇ ਬੋਲ,
ਖੋਲ੍ਹਦਾ ਪੋਲ ਤੇ ਕਰੇ ਕਲੋਲ,
ਕਈ ਫਿਰਦੇ ਚੁੱਕੀ ਜਾਲ਼,
ਪਰ ਬਾਬਾ ਨੱਪ ਨਾ ਹੋਵੇ;
ਬੁੱਧ ਸਿਆਂ, ਬੈਠਣ ਤੋਂ ਪਹਿਲਾਂ
ਦੇਖ ਲਵੀਂ ਕਿਤੇ ਸੱਪ ਨਾ ਹੋਵੇ।

ਮਾਂ ਨੂੰ ਭੁੱਲ ਕੇ,
ਬੇਗਾਨੀ ‘ਤੇ ਡੁੱਲ੍ਹ ਕੇ,
ਤੱਕੜੀ ‘ਚ ਤੁੱਲ ਕੇ,
ਪੈਂਦਾ ਕੋਈ ਕੁਪੱਤ ਨਾ ਹੋਵੇ;
ਡੋਲੀਂ ਨਾ ਪਰ ਦੇਖ ਲਵੀਂ
ਬੁੱਕਲ ਦਾ ਸੱਪ ਨਾ ਹੋਵੇ ?

ਬਾਬਾ ਆਪਣਿਆਂ ਦਾ ਪੱਟਿਆ
ਲਾਵੇ ਦੋਸ਼ ਬੇਗਾਨਿਆਂ ‘ਤੇ;
ਹੁਣ ਦਗ਼ਾਬਾਜ਼ ਨਹੀ ਬਚਣੇ
ਲੱਗਣੇ ਤੀਰ ਨਿਸ਼ਾਨਿਆਂ ਤੇ;
ਪੁਰਖਿਆਂ ਦੀ ਬੁਧ ਵਿਰਾਸਤ
ਹੋਰ ਹੁਣ ਹੜੱਪ ਨਾ ਹੋਵੇ;
ਬਾਬਾ, ਅੱਗਾ ਪਿੱਛਾ ਦੇਖ ਲਵੀਂ,
ਕਿਤੇ ਸੱਪ ਨਾ ਹੋਵੇ !

ਬੁੱਧ ਸਿੰਘ ਨੀਲੋਂ
94643 708239

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੱਖ-ਵੱਖ ਉਮਰ ਵਰਗ ਵਿਚ ਖਿਡਾਰੀਆਂ ਦਿਖਾਏ ਗਤਕੇ ਦੇ ਜੌਹਰ
Next articleਤੁਸੀਂ ਨਿਰਾਸ਼ ਨਾ ਹੋਇਓ,,,,,,,,,,,