ਜਗਦੀਸ਼ ਰਾਣਾ
(ਸਮਾਜ ਵੀਕਲੀ) ਪੰਜ ਦਰਿਆਵਾਂ( ਸਤਲੁਜ,ਜੇਹਲਮ, ਚਨਾਬ ,ਬਿਆਸ ਅਤੇ ਰਾਵੀ)ਦੀ ਧਰਤੀ ਪੰਜਾਬ ਅੱਜ ਢਾਈ ਦਰਿਆਵਾਂ (ਸਤਲੁਜ,ਬਿਆਸ ਤੇ ਥੋੜ੍ਹਾ ਜਿਹਾ ਰਾਵੀ) ਦੀ ਧਰਤੀ ਸਾਡੇ ਕੋਲ ਬਚੀ ਹੈ.ਵਾਰ-ਵਾਰ ਵੰਡਿਆ ਜਾਂਦਾ ਰਿਹਾ ਸੂਬਾ ਪੰਜਾਬ ਹੁਣ ਕੇਵਲ ਸੂਬੀ ਬਣਕੇ ਰਹਿ ਗਿਆ ਹੈ।ਕਦੇ ਇਸ ਧਰਤੀ ਨੂੰ ਸੱਤ ਦਰਿਆਵਾਂ ਕਰ ਕੇ ਸਪਤਾ ਸਿੰਧੂ ਵੀ ਕਿਹਾ ਜਾਂਦਾ ਸੀ ਉਦੋਂ ਸਰਸਵਤੀ ਨਦੀ ਅਤੇ ਸਿੰਧੂ ਨਦੀ ਵੀ ਇਸ ਵਿੱਚ ਸ਼ਾਮਲ ਸਨ।1908 ਵਿੱਚ ਅੰਗਰੇਜ਼ ਹਕੂਮਤ ਨੇ ਪੰਜਾਬ ਦੀ ਇਕ ਤਹਿਸੀਲ ਦਿੱਲੀ ਨੂੰ ਪੰਜਾਬ ਤੋਂ ਵੱਖ ਕਰ ਦਿੱਤਾ।1947 ਵਿੱਚ ਭਾਰਤ ਦੀ ਵੰਡ ਵੇਲੇ ਪੰਜਾਬ ਦਾ ਲਗਭਗ 52% ਹਿੱਸਾ ਪਾਕਿਸਤਾਨ ਕੋਲ਼ ਚਲਾ ਗਿਆ ‘ਤੇ ਭਾਰਤ ਵਿੱਚ ਬਚਿਆ 48% ਪੰਜਾਬ,ਮਗਰੋਂ ਭਾਸ਼ਾ ਦੇ ਆਧਾਰ ਤੇ 1 ਨਵੰਬਰ1966 ਨੂੰ ਫੇਰ ਪੰਜਾਬ ਦੀ ਵੰਡ ਕੀਤੀ ਗਈ।ਪੰਜਾਬ ਵਿੱਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਕੱਢ ਕੇ ਪੰਜਾਬ ਸੂਬਾ ਨਿਰੋਲ ਪੰਜਾਬੀ ਭਾਸ਼ਾ ਦੇ ਆਧਾਰ ਤੇ ਹੋਂਦ ਵਿਚ ਆਇਆ। ਪੰਜਾਬ ਧਰਾਤਲ ਦੇ ਤੌਰ ਤੇ 18% ਹੀ ਰਹਿ ਗਿਆ। ਓਸ ਵੇਲੇ ਸਮੇਂ ਦੇ ਹਾਕਮਾਂ ਨੇ ਭਾਵੇਂ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਵੰਡ ਕੀਤੀ ਪਰ ਓਸ ਵੇਲੇ ਇਹਨੂੰ ਧਾਰਮਿਕ ਰੰਗਤ ਦੇ ਕੇ ਵੰਡਿਆ ਗਿਆ। ਪੰਜਾਬੀ ਨੂੰ ਸਿੱਖਾਂ ਦੀ ਭਾਸ਼ਾ ਮੰਨ ਲਿਆ ਗਿਆ,ਦੇਵਨਾਗਰੀ (ਹਿੰਦੀ) ਨੂੰ ਹਿੰਦੂਆਂ ਦੀ ਭਾਸ਼ਾ ਅਤੇ ਉਰਦੂ ਨੂੰ ਕੇਵਲ ਮੁਸਲਮਾਨਾਂ ਦੀ ਭਾਸ਼ਾ ਸਮਝਿਆ ਗਿਆ.ਪਰ ਓਸ ਵੇਲੇ ਨਾ ਤਾਂ ਸਿੱਖ ਆਗੂਆਂ ਤੇ ਨਾ ਹੀ ਮੌਕੇ ਦੀ ਕੇਂਦਰੀ ਸਰਕਾਰ ਨੇ ਈਮਾਨਦਾਰੀ ਨਾਲ਼ ਇਹ ਵੰਡ ਕੀਤੀ।ਪੰਜਾਬੀ ਬੋਲਦੇ ਬਹੁਤ ਸਾਰੇ ਹਿੱਸੇ ਪੰਜਾਬ ਤੋਂ ਬਾਹਰ ਰੱਖੇ ਗਏ ‘ਤੇ ਉਹ ਹਿੱਸੇ ਹਰਿਆਣਾ ਅਤੇ ਰਾਜਸਥਾਨ ਵਿਚ ਹੀ ਰਹਿ ਗਏ.ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ. ਜਿਸਦਾ ਰੇੜਕਾ ਅਜੇ ਤੱਕ ਜਾਰੀ ਹੈ.ਪਾਕਿਸਤਾਨ ਵਿਚ ਚਲੇ ਗਏ ਪੰਜਾਬ ਦੇ ਲੋਕ ਬੋਲਦੇ ਤਾਂ ਭਾਵੇਂ ਪੰਜਾਬੀ ਹਨ ਪਰ ਉਹ ਗੁਰਮੁਖੀ ਲਿਖਦੇ ਨਹੀਂ,ਲਿਖਦੇ ਉਹ ਸ਼ਾਹਮੁਖੀ ਅਰਥਾਤ ਉਰਦੂ ਹਨ.ਪਰ ਪਾਕਿਸਤਾਨ ਦੀ ਹਕੂਮਤ ਨੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲਣ ਲਿਖਣ ਤੇ ਪਾਬੰਧੀ ਲਾ ਦਿੱਤੀ।ਪੰਜਾਬ ਦੀ ਵੰਡ ਤੋਂ ਪਹਿਲਾਂ ਹਰਿਆਣਾ ਵਾਲੇ ਪਾਸੇ ਪੰਜਾਬੀ ਦੂਸਰੀ ਭਾਸ਼ਾ ਸੀ। ਹਿਮਾਚਲ ਦੇ ਕਈ ਹਿੱਸਿਆਂ ਵਿਚ ਪੰਜਾਬੀ ਬੋਲੀ ਪੜ੍ਹੀ ਜਾਂਦੀ ਸੀ ਪਰ ਪੰਜਾਬ ਦੀ ਵੰਡ ਤੋਂ ਬਾਅਦ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਤੇਲਗੂ ਨੂੰ ਓਸ ਵੇਲੇ ਦੂਜੀ ਭਾਸ਼ਾ ਐਲਾਨ ਕੇ ਪੰਜਾਬੀ ਭਾਸ਼ਾ ਨੂੰ ਲਗਭਗ ਤਿਲਾਂਜਲੀ ਦੇ ਦਿੱਤੀ ਗਈ।ਏਸੇ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ ਵਿਚ ਚਲੇ ਗਏ ਧਰਮਸ਼ਾਲਾ, ਕਾਂਗੜਾ, ਊਨਾ ਆਦਿ ਵਿੱਚੋਂ ਪੰਜਾਬੀ ਨੂੰ ਹਟਾ ਕੇ ਉਰਦੂ ਨੂੰ ਦੂਜੀ ਭਾਸ਼ਾ ਐਲਾਨਿਆ ਗਿਆ।
https://play.google.com/store/apps/details?id=in.yourhost.samajweekly