ਦੀਪ

ਧੰਨਾ ਧਾਲੀਵਾਲ
(ਸਮਾਜ ਵੀਕਲੀ)
ਵਿਚ ਕਾਲ਼ੀਆਂ ਰਾਤਾਂ ਦੇ ਦੀਪਕ ਕਿੰਝ ਵਿੱਚ ਅੰਬਰ ਚਮਕਾਏ ਨੇ
ਕਰ ਸਿਜਦਾ ਸਿਰਜਣਹਾਰੇ ਨੂੰ ਜਿਸ ਦਿਨ ਤੇ ਰਾਤ ਬਣਾਏ ਨੇ
ਨਹੀਂ ਰੀਸਾਂ ਦੂਰ ਦੁਰਾਡੇ ਤਿੱਕਰ ਤਾਰਿਆਂ ਦੇ ਪ੍ਰਕਾਸ਼ ਦੀਆਂ
ਵਿੱਚ ਨੇਰ੍ਹੇ ਜਗਮਗ ਜਗਦੀਆਂ ਨੇ ਜੀ ਰੌਸ਼ਨੀਆਂ ਅਕਾਸ਼ ਦੀਆਂ
ਜਲ ਧੰਨਵਾਦੀ ਹੋਊ ਸੂਰਜ ਦਾ ਤੇ ਮਿੱਟੀ ਦਿਆਂ ਖਿਡੌਣਿਆਂ ਦਾ
ਕਿਰਨਾਂ ਕਰਕੇ ਹੀ ਲੱਗਿਆ ਹੈ ਆਉਣਾ ਜਾਣਾ ਪ੍ਰੋਹਣਿਆਂ ਦਾ
ਖੇਡਣ ਵਾਲ਼ੇ ਦੀਆਂ ਖੇਡਾਂ ਨੇ ਸਭ ਨੌਹਾਂ ਦੇ ਨਾਲ਼ ਮਾਸ ਦੀਆਂ
ਵਿੱਚ ਨੇਰ੍ਹੇ ਜਗਮਗ ਜਗਦੀਆਂ ਨੇ ਜੀ ਰੌਸ਼ਨੀਆਂ ਅਕਾਸ਼ ਦੀਆਂ
ਨਾ ਮਿਲਦੀਆਂ ਸ਼ਕਲਾਂ ਅਕਲਾਂ ਨੇ ਨਾ ਮਿਲਦਾ ਪੱਤਾ ਪੱਤਾ ਹੈ
ਮਨ ਠੰਢਾ ਅੰਬਰ ਵਰਗਾ ਸੀ ਪਰ ਅਗਨੀ ਕਰਕੇ ਤੱਤਾ ਹੈ
ਏਹ ਧੁਰ ਤੋਂ ਬਣੀਆਂ ਰੀਤਾਂ ਨੇ ਜੀਵਨ ਤੇ ਉਸ ਦੇ ਨਾਸ਼ ਦੀਆਂ
ਵਿੱਚ ਨੇਰ੍ਹੇ ਜਗਮਗ ਜਗਦੀਆਂ ਨੇ ਜੀ ਰੌਸ਼ਨੀਆਂ ਅਕਾਸ਼ ਦੀਆਂ
ਤੇਰੀ ਸਮਝ ਤੋਂ ਕੋਹਾਂ ਸੀ ਚੱਕਰ ਆਹ ਤਰਲ ਪਦਾਰਥ ਗੈਸਾਂ ਦੇ
ਪਰ ਅੰਦਰੋਂ ਧੰਨਿਆਂ ਹੋਇਆ ਹੈ ਚਾਨਣ ਸੰਤਾਂ ਦਰਵੇਸ਼ਾਂ ਦੇ
ਜਿਨ੍ਹਾਂ ਤੋਂ  ਗੁਣਤੀਆਂ ਮਿਲ਼ਦੀਆਂ ਨੇ ਜੁੜ ਸੱਚ ਸੰਗ ਵਿਸਵਾਸ਼ ਦੀਆਂ
ਵਿੱਚ ਨੇਰ੍ਹੇ ਜਗਮਗ ਜਗਦੀਆਂ ਨੇ ਜੀ ਰੌਸ਼ਨੀਆਂ ਅਕਾਸ਼ ਦੀਆਂ
ਧੰਨਾ ਧਾਲੀਵਾਲ
Previous articleਕਵਿਤਾਵਾਂ
Next articleਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਦੇ 40ਵੇਂ ਤੇ ਵੱਖ ਵੱਖ ਮਹਾਂਪੁਰਸ਼ਾਂ ਨੇ ਦਿੱਤੀਆਂ ਸ਼ਰਧਾਂਜਲੀਆਂ