(ਇੱਕ ਤੁਲਨਾਤਮਿਕ ਅਧਿਐਨ)
ਜਸਵੀਰ ਸਿੰਘ ਪਾਬਲਾ
(ਸਮਾਜ ਵੀਕਲੀ) ਪਿਛਲੇ ਦਿਨੀਂ ਪੰਜਾਬੀ ਭਾਸ਼ਾ ਦੇ ਇੱਕ ਵਿਦਵਾਨ ਨੇ ਇਹ ਮਸਲਾ ਉਠਾਇਆ ਹੈ ਕਿ ਮੂਲ ਰੂਪ ਵਿੱਚ ਪੰਜਾਬੀ ਦੀ ਉਪਰੋਕਤ ਅਖਾਉਤ ਵਿੱਚ “ਨਿੰਮ ਚੜ੍ਹਿਆ” ਸ਼ਬਦਾਂ ਦੀ ਥਾਂ ਦਰਅਸਲ “ਨੀਮ ਚੜ੍ਹਾ” (ਅੱਧਪੱਕਿਆ/ਅੱਧਰਿੱਝਿਆ) ਸ਼ਬਦ ਹਨ ਜਿਨ੍ਹਾਂ ਨੂੰ ਕਿ ਪੰਜਾਬੀਆਂ ਨੇ ਅਗਿਆਨਤਾਵੱਸ “ਨਿੰਮ ਚੜ੍ਹਿਆ” (ਨਿੰਮ ਦੇ ਰੁੱਖ ਉੱਤੇ ਚੜ੍ਹਿਆ) ਬਣਾ ਲਿਆ ਹੈ।
ਪੰਜਾਬੀ ਭਾਸ਼ਾ ਦਾ ਦੁਖਾਂਤ ਇਹ ਹੈ ਕਿ ਇਸ ਵਿੱਚ ਕਿਸੇ ਵੀ ਮਸਲੇ ਨੂੰ ਵਿਚਾਰੇ ਜਾਣ ਤੋਂ ਪਹਿਲਾਂ ਸਾਡੇ ਕੁਝ ਵਿਦਵਾਨ ਉਸ ਉੱਤੇ ਡੂੰਘੀ ਸੋਚ-ਵਿਚਾਰ ਕਰਨ ਤੋਂ ਬਿਨਾਂ ਹੀ ਸੁਣੀਆਂ-ਸੁਣਾਈਆਂ ਗੱਲਾਂ ਜਾਂ ਨਿੱਜੀ ਕਲਪਨਾਵਾਂ ਦੇ ਆਧਾਰ ‘ਤੇ ਹੀ ਅਜਿਹੇ “ਫ਼ਤਵੇ” ਜਾਰੀ ਕਰਨ ਵਿੱਚ ਦੇਰ ਨਹੀਂ ਲਾਉਂਦੇ। ਉਹਨਾਂ ਅਨੁਸਾਰ ਅਰਬੀ ਭਾਸ਼ਾ ਵਿੱਚ “ਨੀਮ ਚੜ੍ਹਾ” ਦੇ ਅਰਥ ਹਨ- ਕਰੇਲਿਆਂ ਦੀ ਸਬਜ਼ੀ ਜੋ ਪੂਰੀ ਤਰ੍ਹਾਂ ਨਾਲ਼ ਪੱਕੀ ਅਰਥਾਤ ਰਿੱਝੀ ਹੋਈ ਨਾ ਹੋਵੇ। ਉਹਨਾਂ ਅਨੁਸਾਰ ਇੱਕ ਤਾਂ ਕਰੇਲਾ ਪਹਿਲਾਂ ਹੀ ਬਹੁਤ ਕੌੜਾ ਹੁੰਦਾ ਹੈ ਅਤੇ ਦੂਜੇ, ਪੂਰੀ ਤਰ੍ਹਾਂ ਨਾਲ਼ ਨਾ ਰਿੱਝਿਆ ਹੋਣ ਕਾਰਨ ਇਸ ਦੀ ਅੱਧਰਿੱਝੀ ਸਬਜ਼ੀ ਹੋਰ ਵਧੇਰੇ ਕੌੜੀ ਹੋ ਜਾਂਦੀ ਹੈ।
ਪੰਜਾਬੀ ਸ਼ਬਦ-ਕੋਸ਼ਾਂ ਅਨੁਸਾਰ ਇਹ ਅਖਾਉਤ ਅਜਿਹੇ ਵਿਅਕਤੀ ਲਈ ਵਰਤੀ ਜਾਂਦੀ ਹੈ ਜਿਸ ਵਿੱਚ ਇੱਕ ਦੀ ਥਾਂ ਇੱਕ ਤੋਂ ਇੱਕ ਵਧ ਕੇ ਦੋ ਔਗਣ ਇਕੱਠੇ ਹੀ ਦਿਖਾਈ ਦਿੰਦੇ ਹੋਣ। ਇਸ ਅਖਾਉਤ ਦੇ ਸ਼ਾਬਦਿਕ ਅਰਥ ਵੀ ਇਹੋ ਹੀ ਹਨ ਕਿ ਇੱਕ ਤਾਂ ਕਰੇਲੇ ਉਂਞ ਵੀ ਕੌੜੇ ਹੁੰਦੇ ਹਨ, ਦੂਜਾ ਕਰੇਲਿਆਂ ਦੀ ਵੇਲ ਦੇ ਨਿੰਮ ਉੱਤੇ ਚੜ੍ਹ ਜਾਣ ਕਾਰਨ ਕਰੇਲਿਆਂ ਵਿੱਚ ਹੋਰ ਵਧੇਰੇ ਕੁੜੱਤਣ ਭਰ ਜਾਣ ਦਾ ਭਰਮ ਪੈਦਾ ਹੋ ਜਾਂਦਾ ਹੈ।
ਨਿੰਮ ਸ਼ਬਦ ਹਿੰਦੀ, ਪੰਜਾਬੀ ਅਤੇ ਫ਼ਾਰਸੀ, ਤਿੰਨੇ ਭਾਸ਼ਾਵਾਂ ਦਾ ਸਾਂਝਾ ਸ਼ਬਦ ਹੈ। ਹਿੰਦੀ/ਪੰਜਾਬੀ ਭਾਸ਼ਾਵਾਂ ਵਿੱਚ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਨੀਂਬ ਸ਼ਬਦ ਤੋਂ ਨੀਮ ਵਿੱਚ ਬਦਲਿਆ ਹੈ ਅਤੇ ਪੰਜਾਬੀ ਵਿੱਚ ਨੀਂਬ ਜਾਂ ਨੀਮ ਤੋਂ “ਨਿੰਮ”। ਫ਼ਾਰਸੀ ਭਾਸ਼ਾ ਵਿੱਚ ਇਸ ਦਾ ਹਿੰਦੀ ਵਾਂਗ ਉਚਾਰਨ “ਨੀਮ” ਹੀ ਹੈ। ਇਸ ਤੋਂ ਬਿਨਾਂ ਫ਼ਾਰਸੀ ਵਿੱਚ ਇਹ “ਨੀਮ” ਸ਼ਬਦ ਇੱਕ ਦੋ-ਅਰਥੀ ਸ਼ਬਦ ਵੀ ਹੈ ਭਾਵ ਫ਼ਾਰਸੀ ਭਾਸ਼ਾ ਵਿੱਚ ਇਸ ਦੇ ਦੋ ਅਰਥ ਹਨ:
੧.ਅੱਧਾ, ਅਧੂਰਾ; ੨. ਇੱਕ ਦਰਖ਼ਤ।
ਉਪਰੋਕਤ ਸੋਚ ਰੱਖਣ ਵਾਲ਼ੇ ਵਿਦਵਾਨਾਂ ਦੇ “ਨੀਮ ਚੜ੍ਹਾ/ਚੜ੍ਹਿਆ” ਸ਼ਬਦਾਂ ਦੇ ਸੰਬੰਧ ਵਿੱਚ ਸੋਚਣ ਵਾਲ਼ੀ ਪਹਿਲੀ ਗੱਲ ਤਾਂ ਇਹ ਹੈ ਕਿ ਨੀਮ (ਅੱਧਾ, ਅਧੂਰਾ ਦੇ ਅਰਥਾਂ ਵਾਲ਼ਾ) ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਅਤੇ ਚੜ੍ਹਾ/ਚੜ੍ਹਿਆ ਸ਼ਬਦ ਸਾਡੀਆਂ ਦੇਸੀ ਭਾਸ਼ਾਵਾਂ ਦੇ ਸ਼ਬਦ ਹਨ। ਇਸ ਬਾਰੇ ਸਭ ਤੋਂ ਵੱਡਾ ਇਤਰਾਜ਼ ਤਾਂ ਇਹ ਹੈ ਕਿ ਦੋ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ ਆਮ ਤੌਰ ‘ਤੇ ਇਕੱਠਿਆਂ ਬਹੁਤ ਹੀ ਘੱਟ ਵਰਤੇ ਜਾਂਦੇ ਹਨ। ਇਸ ਲਈ ਨੀਮ ਦੇ ਨਾਲ਼ ਚੜ੍ਹਾ/ਚੜ੍ਹਿਆ ਸ਼ਬਦ ਇਕੱਠੇ ਨਹੀਂ ਵਰਤੇ ਜਾ ਸਕਦੇ। ਨੀਮ ਚੜ੍ਹਾ/ਨੀਮ ਚੜ੍ਹਿਆ ਸ਼ਬਦਾਂ ਵਿੱਚ ਚੜ੍ਹਾ ਜਾਂ ਚੜ੍ਹਿਆ ਸ਼ਬਦਾਂ ਦੇ ਅਰਥ ਹਨ- ਕਿਸੇ ਵੇਲ ਆਦਿ ਦਾ ਕਿਸੇ ਦਰਖ਼ਤ ਉੱਤੇ ਚੜ੍ਹਨਾ, ਅੱਗੇ ਵੱਲ ਵਧਣਾ।
ਦੂਜੀ ਗੱਲ ਇਹ ਹੈ ਕਿ ਸਬਜ਼ੀ ਰਿੰਨ੍ਹਣ ਲਈ ਵੀ ਵਧੇਰੇ ਕਰਕੇ ਕੇਵਲ “ਚਾੜ੍ਹਿਆ” ਸ਼ਬਦ ਦੀ ਹੀ ਵਰਤੋਂ ਕੀਤੀ ਜਾਂਦੀ ਹੈ, “ਚੜ੍ਹਿਆ” ਦੀ ਨਹੀਂ। ਚਾੜ੍ਹਨਾ/ਚਾੜ੍ਹਿਆ ਸ਼ਬਦਾਂ ਦੀ ਵਰਤੋਂ ਵੀ ਕੇਵਲ ਉਸ ਸਬਜ਼ੀ ਲਈ ਹੀ ਕੀਤੀ ਜਾਂਦੀ ਹੈ ਜਿਹੜੀ ਕਿ ਚੁੱਲ੍ਹੇ ਉੱਤੇ ਬਣਾਉਣ ਜਾਂ ਰਿੰਨ੍ਹਣ ਲਈ ਹਾਂਡੀ ਵਿੱਚ ਪਾ ਕੇ ਕੇਵਲ ਰੱਖੀ ਹੀ ਜਾਂਦੀ ਹੈ, ਬਣਾਈ ਨਹੀਂ ਜਾਂਦੀ। ਇਸ ਪ੍ਰਕਾਰ ਇੱਥੇ “ਚਾੜ੍ਹਿਆ” ਸ਼ਬਦ ਦੇ ਅਰਥ ਕੇਵਲ ਚੁਲ੍ਹੇ ਉੱਤੇ ਦਾਲ਼-ਸਬਜ਼ੀ ਬਣਾਉਣ ਲਈ ਕਿਸੇ ਬਰਤਨ ਜਾਂ ਹਾਂਡੀ ਵਿੱਚ ਪਾ ਕੇ “ਰੱਖਣਾ ਜਾਂ ਧਰਨਾ” ਹੀ ਹਨ, ਸਬਜ਼ੀ ਰਿੰਨ੍ਹਣਾ ਨਹੀਂ ਕਿਉਂਕਿ ਧਰਨਾ ਸ਼ਬਦ ਦੇ ਅਰਥ ਕੇਵਲ ਰੱਖਣਾ ਜਾਂ ਟਿਕਾਉਣਾ ਹੀ ਹੁੰਦੇ ਹਨ, ਜਿਵੇਂ: ਇਹ ਕਿਤਾਬਾਂ ਮੇਜ਼ ਉੱਤੇ ਧਰ ਦਿਓ। ਯਾਦ ਰਹੇ ਕਿ ਇੱਥੇ “ਧਰ ਦਿਓ” ਦਾ ਭਾਵ ਕੇਵਲ “ਰੱਖ ਦਿਓ” ਹੀ ਹੈ, ਕੁਝ ਹੋਰ ਨਹੀਂ। ਉਪਰੋਕਤ ਕਿਸਮ ਦੇ ਵਿਦਵਾਨਾਂ ਕੋਲ਼ੋਂ ਇਹ ਆਸ ਤਾਂ ਬਿਲਕੁਲ ਹੀ ਨਹੀਂ ਸੀ ਕਿ ਉਹ “ਨਿੰਮ ਚੜ੍ਹਿਆ ਜਾਂ “ਨੀਮ ਚੜ੍ਹਾ” ਦੇ ਅਰਥਾਂ ਵਿੱਚ ਵੀ ਕੋਈ ਅੰਤਰ ਸਮਝਦੇ ਹੋਣਗੇ ਜਦਕਿ ਇਹਨਾਂ ਦੇ ਅਰਥ ਕੇਵਲ “ਨਿੰਮ ਉੱਤੇ ਚੜ੍ਹਨਾ” ਹੀ ਹਨ। ਸ਼ਬਦਾਂ ਨਾਲ਼ ਸੰਬੰਧਿਤ ਕੋਈ ਮੁੱਦਾ ਉਠਾਉਣ ਤੋਂ ਪਹਿਲਾਂ ਸਾਨੂੰ ਉਸ ਮੁੱਦੇ ਨਾਲ਼ ਸੰਬੰਧਿਤ ਸਾਰੇ ਸ਼ਬਦਾਂ ਦੇ ਅਰਥਾਂ ‘ਤੇ ਚੰਗੀ ਤਰ੍ਹਾਂ ਸੋਚ-ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ।
ਗੱਲ ਸਿਰਫ਼ ਏਨੀ ਹੈ ਕਿ ਇਹ ਅਖਾਉਤ ਹਿੰਦੀ ਅਤੇ ਪੰਜਾਬੀ ਦੋਂਹਾਂ ਭਾਸ਼ਾਵਾਂ ਵਿੱਚ ਹੀ ਵਰਤੀ ਜਾਂਦੀ ਹੈ। ਪੰਜਾਬੀ ਵਿੱਚ ਇਸ ਅਖਾਉਤ ਲਈ “ਨਿੰਮ ਚੜ੍ਹਿਆ” ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਹਿੰਦੀ ਵਿੱਚ “ਨੀਮ ਚੜ੍ਹਾ” ਦੀ। ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਅਰਥਾਂ ਦੇ ਅਨਰਥ ਕਰਨ ਵਾਲ਼ੇ ਉਪਰੋਕਤ ਕਿਸਮ ਦੇ ਪੇਸ਼ਕਾਰਾਂ ਨੂੰ ਏਡੀ ਦੂਰ ਤੱਕ ਜਾਣ ਦੀ ਕੀ ਲੋੜ ਸੀ? ਅਜਿਹਾ ਕਰਨ ਵਾਲ਼ੇ ਇਹਨਾਂ “ਲਾਲ-ਬੁਝੱਕੜਾਂ” ਨੇ ਚੰਗੇ-ਭਲੇ “ਨੀਮ ਚੜ੍ਹਾ/ਚੜ੍ਹਿਆ” ਸ਼ਬਦ ਨੂੰ ਆਪਣੀ ਦੂਰ-ਦ੍ਰਿਸ਼ਟੀ (!) ਨਾਲ਼ “ਅੱਧਰਿੱਝਿਆ ਹੋਇਆ” ਦੇ ਅਰਥਾਂ ਵਾਲ਼ਾ ਬਣਾ ਕੇ ਰੱਖ ਦਿੱਤਾ ਹੈ। ਹਿੰਦੀ ਭਾਸ਼ਾ ਦੇ ਵਿਦਵਾਨ ਵੀ ਸਾਡੇ ਪੰਜਾਬੀ “ਵਿਦਵਾਨਾਂ” ਦੀ ਅਜਿਹੀ ਲਾਸਾਨੀ “ਵਿਦਵਤਾ” ਵੱਲ ਦੇਖ ਕੇ ਜ਼ਰੂਰ ਹੱਸਦੇ ਹੋਣਗੇ ਤੇ ਇਹਨਾਂ ਦਾ ਮਖੌਲ ਵੀ ਉਡਾਉਂਦੇ ਹੋਣਗੇ। ਸਾਡੇ ਵਿਦਵਾਨਾਂ ਨੂੰ ਇਹ ਗੱਲ ਵੀ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਅੱਜ ਤੱਕ ਹਿੰਦੀ ਜਾਂ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਵਿਦਵਾਨਾਂ ਨੇ ਇਹ ਮੁੱਦਾ ਕਿਉਂ ਨਹੀਂ ਉਠਾਇਆ?
ਅਰਬੀ/ਫ਼ਾਰਸੀ ਵਿੱਚ ਤਾਂ ‘ੜ’ ਨਾਂ ਦੀ ਕੋਈ ਧੁਨੀ ਹੀ ਨਹੀਂ ਹੈ:
“””””””””””””””””””””””””””””” “””””””””””””””””””””””””””””” “”””””””
ਇੱਕ ਹੋਰ ਗੱਲ ਇਹ ਵੀ ਹੈ ਕਿ ਅਰਬੀ/ਫ਼ਾਰਸੀ ਭਾਸ਼ਾਵਾਂ ਵਿੱਚ ਤਾਂ ਚੜ੍ਹਿਆ ਜਾਂ ਚਾੜ੍ਹਿਆ ਸ਼ਬਦ ਅਤੇ ਇੱਥੋਂ ਤੱਕ ਕਿ ਇਸ ਵਿੱਚ ਵਰਤੀ ਗਈ ੜ ਨਾਂ ਦੀ ਕੋਈ ਧੁਨੀ ਜਾਂ ਅੱਖਰ ਹੀ ਮੌਜੂਦ ਨਹੀਂ ਹੈ। ਫਿਰ ਚੜ੍ਹਿਆ/ਚਾੜ੍ਹਿਆ ਸ਼ਬਦ ਇਹਨਾਂ ਲੋਕਾਂ ਅਨੁਸਾਰ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਕਿਵੇਂ ਹੋਏ? ਇਹੋ-ਜਿਹੇ ਵਿਦਵਾਨ (ਸਾਰੇ ਨਹੀਂ) ਜਿਨ੍ਹਾਂ ਨੂੰ ਭਾਸ਼ਾ ਨਾਲ਼ ਸੰਬੰਧਿਤ ਅਜਿਹੀਆਂ ਮੁਢਲੀਆਂ ਗੱਲਾਂ ਦੀ ਵੀ ਜਾਣਕਾਰੀ ਨਹੀਂ, ਸ਼ਾਇਦ ਹੀ ਹੈ ਕਿ ਪੰਜਾਬੀ ਤੋਂ ਬਿਨਾਂ ਕਿਸੇ ਹੋਰ ਭਾਸ਼ਾ ਵਿੱਚ ਵੀ ਹੁੰਦੇ ਹੋਣਗੇ। ਇਹ ਗੱਲ ਮੈਂ ਇਸ ਤੋਂ ਪਹਿਲਾਂ ਵੀ ਕਿਸੇ ਸੈਮੀਨਾਰ ਵਿੱਚ ਇੱਕ ਅਧਿਆਪਕ ਵੱਲੋਂ ਦਿੱਤੇ ਗਏ ਭਾਸ਼ਣ ਵਿੱਚ ਸੁਣੀ ਸੀ। ਉਸ ਦੇ ਕਹਿਣ ਅਨੁਸਾਰ ਉਸ ਨੇ ਅੱਗੋਂ ਇਹ ਗੱਲ ਕਿਸੇ ਕਾਲਜ ਵਿੱਚ ਪੜ੍ਹਾਉਂਦੇ ਅਧਿਆਪਕ ਤੋਂ ਸੁਣੀ ਸੀ। ਇਹੋ-ਜਿਹੀਆਂ “ਤਿਕੜਮਾਂ” ਤਾਂ ਅੱਜ ਤੱਕ ਕਿਸੇ ਹਿੰਦੀ ਭਾਸ਼ਾ ਦੇ ਵਿਦਵਾਨ ਨੇ ਵੀ ਨਹੀਂ ਲੜਾਈਆਂ, ਜਿਹੋ-ਜਿਹੀਆਂ ਸਾਡੇ ਪੰਜਾਬੀ ਦੇ ਵਿਦਵਾਨ ਲੜਾ ਰਹੇ ਹਨ। ਕਿਸੇ ਭਾਸ਼ਾ ਦੀ ਇਸ ਤੋਂ ਵੱਧ ਅਧੋਗਤੀ ਹੋਰ ਕੀ ਹੋ ਸਕਦੀ ਹੈ?
ਪਿਛੋਕੜ:
“””””””””””
“ਮੁਹਾਵਰਾ ਤੇ ਅਖਾਣ ਕੋਸ਼” (ਪੰ ਯੂ ਪ) ਅਨੁਸਾਰ ਵੀ ਇਸ ਅਖਾਣ ਦੇ ਅਰਥ ਉਪਰੋਕਤ ਅਰਥਾਂ ਅਨੁਸਾਰ ਹੀ ਦੱਸੇ ਗਏ ਹਨ ਕਿ ਇਹ ਅਖਾਉਤ ਉਸ ਮਨੁੱਖ ਬਾਰੇ ਉਦੋਂ ਵਰਤੀ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕਿ ਸੰਬੰਧਿਤ ਮਨੁੱਖ ਵਿੱਚ ਇੱਕ ਤੋਂ ਵਧ ਕੇ ਇੱਕ, ਦੋ ਵੱਡੇ ਔਗਣ ਹਨ। ਯਾਦ ਰਹੇ ਕਿ ਇਸ ਕੋਸ਼ ਵਿੱਚ ਵੀ ਇਸ ਅਖਾਉਤ ਨਾਲ਼ ਸੰਬੰਧਿਤ “ਨੀਮ ਚੜ੍ਹਿਆ” (ਅੱਧਰਿੱਝਿਆ/ਅੱਧਪੱਕਿਆ) ਦੇ ਅਰਥਾਂ ਵਾਲ਼ੀ ਕੋਈ ਗੱਲ ਨਹੀਂ ਲਿਖੀ ਗਈ ਹੈ। ਇਹ “ਖੋਜ” ਤਾਂ ਸ਼ਾਇਦ ਇਸ ਕਿਤਾਬ ਦੇ ਛਪਣ ਉਪਰੰਤ ਹੀ ਕੀਤੀ ਗਈ ਹੋਵੇਗੀ। ਇਸ ਦੇ ਸਮਾਨਾਰਥਕ ਇੱਕ ਹੋਰ ਅਖਾਉਤ ਵੀ ਹੈ: “ਇੱਕ ਸੱਪ, ਦੂਜੇ ਉੱਡਣਾ।” ਇਸ ਅਖਾਉਤ ਦੀ ਵਰਤੋਂ ਵੀ ਕੇਵਲ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਵਿੱਚ ਕਰੇਲੇ ਅਤੇ ਨਿੰਮ ਵਾਂਗ ਇੱਕ-ਦੂਜੇ ਤੋਂ ਵੱਡੇ ਦੋ ਔਗਣ ਇਕੱਠੇ ਹੀ ਦਿਖਾਈ ਦਿੰਦੇ ਹੋਣ।
ਇਸ ਅਖਾਉਤ ਦੀ ਵਰਤੋਂ ਪੰਜਾਬੀ ਦੇ ਬਹੁਤ ਸਾਰੇ ਗੀਤਾਂ/ਗਾਣਿਆਂ ਆਦਿ ਵਿੱਚ ਵੀ ਕੀਤੀ ਗਈ ਹੈ। ਪੰਜਾਬੀ ਦੇ ਪ੍ਰਸਿੱਧ ਗੀਤਕਾਰ “ਬਾਬੂ ਸਿੰਘ ਮਾਨ” ਦੇ ਲਿਖੇ ਇੱਕ ਗੀਤ ਵਿੱਚ ਵੀ ਇਸ ਅਖਾਉਤ ਨੂੰ ਆਧਾਰ ਬਣਾ ਕੇ ਇਸ ਦੀ ਵਰਤੋਂ ਕੀਤੀ ਗਈ ਹੈ। ਇਸ ਗੀਤ ਵਿੱਚ ਔਰਤ ਗਾਇਕਾ ਆਪਣੇ ਪਤੀ ਦੇ ਦੂਹਰੇ ਔਗਣਾਂ ਦੀ ਕਹਾਣੀ ਬਿਆਨ ਕਰ ਰਹੀ ਹੈ।
ਅਜਿਹਾ ਕਿਧਰੇ ਬਹੁਤ ਹੀ ਘੱਟ ਦੇਖਣ ਨੂੰ ਮਿਲ਼ਦਾ ਹੈ ਕਿ ਜਦੋਂ ਇਹੋ-ਜਿਹੇ ਕਿਸੇ ਸ਼ਬਦ-ਜੁੱਟ (ਨੀਮ ਚੜ੍ਹਾ/ਨੀਮ ਚੜ੍ਹਿਆ= ਅੱਧਰਿੱਝਿਆ) ਵਿਚਲਾ ਇੱਕ ਸ਼ਬਦ (ਨੀਮ=ਫ਼ਾਰਸੀ) ਕਿਸੇ ਵਿਦੇਸ਼ੀ ਬੋਲੀ ਦਾ ਹੋਵੇ ਅਤੇ ਦੂਜਾ (ਚੜ੍ਹਾ /ਚੜ੍ਹਿਆ= ਹਿੰਦੀ/ਪੰਜਾਬੀ) ਸਾਡੀਆਂ ਦੇਸੀ ਬੋਲੀਆਂ ਦਾ। ਕਦੇ-ਕਦਾਈਂ ਕਿਸੇ ਗੱਲ ਦੇ ਪ੍ਰਭਾਵ ਨੂੰ ਵਧੇਰੇ ਪਕੇਰਾ ਕਰਨ ਲਈ, ਜਿਵੇਂ: ਲਾਲ-ਸੂਹਾ ਅਤੇ ਕਾਲ਼ਾ-ਸ਼ਾਹ (ਸਿਆਹ ਤੋਂ ਬਣਿਆ ਫ਼ਾਰਸੀ ਸ਼ਬਦ: ਸ਼ਾਹ) ਆਦਿ ਸ਼ਬਦਾਂ ਵਿੱਚ ਜ਼ਰੂਰ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਲਈ ਜਾਂਦੀ ਹੈ। ਸਾਡੀਆਂ ਦੇਸੀ ਭਾਸ਼ਾਵਾਂ ਵਿੱਚ ‘ਚੜ੍ਹਨਾ’, ‘ਚੜ੍ਹਾ’ ਜਾਂ ‘ਚੜ੍ਹਿਆ’ ਸ਼ਬਦਾਂ ਦੇ ਅਰਥ ਆਮ ਤੌਰ ‘ਤੇ ਅੱਗੇ ਵਧਣਾ ਹੀ ਹੁੰਦੇ ਹਨ, ਪੱਕਣਾ ਜਾਂ ਪਕਾਉਣਾ ਆਦਿ ਬਿਲਕੁਲ ਨਹੀਂ। ਸਿਤਮ ਦੀ ਗੱਲ ਇਹ ਹੈ ਕਿ ਸਾਡੇ ਉਪਰੋਕਤ ਕਿਸਮ ਦੇ ਕੁਝ ਵਿਦਵਾਨ ਚੜ੍ਹਾ (ਹਿੰਦੀ) ਜਾਂ ਚੜ੍ਹਿਆ (ਪੰਜਾਬੀ) ਸ਼ਬਦਾਂ ਦੀ ਵਰਤੋਂ ਵੀ ਇਸ ਅਖਾਉਤ ਵਿੱਚ ਪਕਾਇਆ ਜਾਂ ਰਿੰਨ੍ਹਣਾ ਦੇ ਅਰਥਾਂ ਵਿੱਚ ਹੀ ਕਰੀ ਜਾ ਰਹੇ ਹਨ। ਅੱਧਾ/ਅਧੂਰਾ ਦੇ ਅਰਥਾਂ ਵਾਲ਼ੇ ਨੀਮ (ਫ਼ਾਰਸੀ) ਸ਼ਬਦ ਦੀ ਵਰਤੋਂ ਵੀ ਕੇਵਲ ਨੀਮ ਹਕੀਮ (ਨੀਮ ਹਕੀਮ ਖ਼ਤਰਾ-ਏ-ਜਾਨ) ਜਾਂ ਨੀਮ ਗਰਮ ਆਦਿ ਸ਼ਬਦ-ਜੁੱਟਾਂ ਵਿੱਚ ਹੀ ਕੀਤੀ ਜਾਂਦੀ ਹੈ, ਹੋਧਰ ਕਿਤੇ ਬਹੁਤ ਹੀ ਘੱਟ। ਨੀਮ ਹਕੀਮ ਸ਼ਬਦ-ਜੁੱਟ ਵਿੱਚ ਨੀਮ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਅਤੇ ਹਕੀਮ ਅਰਬੀ ਭਾਸ਼ਾ ਦਾ। ਫਿਰ ਨੀਮ ਚੜ੍ਹਾ /ਨੀਮ ਚੜ੍ਹਿਆ ਸ਼ਬਦ-ਜੁੱਟਾਂ ਵਿੱਚ ਫ਼ਾਰਸੀ ਭਾਸ਼ਾ ਦੇ ਨੀਮ (ਅੱਧਾ,ਅਧੂਰਾ) ਸ਼ਬਦ ਨੂੰ ਹਿੰਦੀ/ਪੰਜਾਬੀ ਭਾਸ਼ਾਵਾਂ ਦੇ ਚੜ੍ਹਾ/ਚੜ੍ਹਿਆ ਸ਼ਬਦਾਂ ਨਾਲ਼ ਇਕੱਠਿਆਂ ਹੀ ਕਿਵੇਂ ਵਰਤ ਲਿਆ ਗਿਆ ਹੈ?
ਸੰਸਕ੍ਰਿਤ-ਕੋਸ਼ਾਂ ਵਿੱਚ ਵੀ ਇਸ ਅਖਾਉਤ ਨੂੰ ਹਵਾਲੇ ਵਜੋਂ “ਇੱਕ ਕਰੇਲਾ ਦੂਜੇ ਨਿੰਮ ਚੜ੍ਹਿਆ” ਹੀ ਲਿਖਿਆ ਹੋਇਆ ਹੈ ਜਿਸ ਦੇ ਅਰਥ “ਕਿਸੇ ਚੀਜ਼ ਦਾ ਹੋਰ ਵੀ ਬੁਰਾ ਹੋਣਾ” ਲਿਖੇ ਗਏ ਹਨ। ਇਸ ਅਖਾਉਤ ਨੂੰ ਮੁਢਲੇ ਦੌਰ ਵਿੱਚ ਸੰਸਕ੍ਰਿਤ ਭਾਸ਼ਾ ਵਿੱਚ ਭਾਵੇਂ ਕਰੇਲੇ ਦੀ ਥਾਂ ਰੀਠੇ (ਜਿਸ ਦਾ ਸੁਆਦ ਵੀ ਨਿੰਮ ਵਾਂਗ ਕੌੜਾ ਹੀ ਹੁੰਦਾ ਹੈ) ਨਾਲ਼ ਜੋੜ ਕੇ ਹੀ ਲਿਖਿਆ ਜਾਂਦਾ ਰਿਹਾ ਹੋਵੇ ਪਰ ਅਜੋਕੇ ਦੌਰ ਵਿੱਚ ਇਸ ਅਖਾਉਤ ਨੂੰ ਕਰੇਲੇ ਅਤੇ ਨਿੰਮ ਦੇ ਰੁੱਖ ਨਾਲ਼ ਜੋੜ ਕੇ ਹੀ ਲਿਖਿਆ ਜਾਂਦਾ ਹੈ। ਹੋ ਸਕਦਾ ਹੈ ਕਿ ਕਿਸੇ ਕਾਰਨ ਬਾਅਦ ਵਿੱਚ ਰੀਠੇ ਦੀ ਥਾਂ ਉਦਾਹਰਨ ਦੇਣ ਲਈ ਨਿੰਮ ਦਾ ਰੁੱਖ ਵਧੇਰੇ ਸਹੀ ਸਮਝਿਆ ਜਾਣ ਲੱਗਿਆ ਹੋਵੇ। ਸੰਸਕ੍ਰਿਤ ਭਾਸ਼ਾ ਦੀ ਇਹ ਅਖਾਉਤ ਇਸ ਗੱਲ ਦਾ ਵੀ ਸਬੂਤ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਇਹ ਅਖਾਉਤ ਅਜੋਕੇ ਮੁਹਾਵਰੇ, ਪ੍ਰਤੀਕਾਂ ਅਤੇ ਅਰਥਾਂ ਸਮੇਤ ਉਸੇ ਤਰ੍ਹਾਂ ਹੀ ਮੌਜੂਦ ਸੀ, ਜਿਵੇਂਕਿ ਇਹ ਅੱਜ ਹੈ, ਕੇਵਲ ਰੀਠੇ ਦੀ ਥਾਂ ਨਿੰਮ ਦੇ ਰੁੱਖ ਨੇ ਹੀ ਮੱਲੀ ਹੈ, ਬਾਕੀ ਸਭ ਕੁਝ ਉਹੋ ਹੀ ਹੈ। ਫ਼ਾਰਸੀ ਭਾਸ਼ਾ ਤਾਂ ਅਜੇ ਕੱਲ੍ਹ ਦੀ ਗੱਲ ਹੈ। ਫਿਰ ਇਸ ਅਖਾਉਤ ਨੂੰ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦਾਂ ਨਾਲ਼ ਜੋੜ ਕੇ ਕਿਵੇਂ ਦੇਖਿਆ ਜਾ ਸਕਦਾ ਹੈ? ਇੱਥੋਂ ਤੱਕ ਤਾਂ ਨੌਬਤ ਹੀ ਨਹੀਂ ਪਹੁੰਚਣੀ ਚਾਹੀਦੀ ਸੀ। ਸੰਸਕ੍ਰਿਤ ਭਾਸ਼ਾ ਵਿੱਚ ਇਹ ਅਖਾਉਤ ਇਸ ਪ੍ਰਕਾਰ ਹੈ:
“अरिष्टमधिरुढा कारवल्ली-वल्लरी”।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੁਝ ਵਿਦਵਾਨ ਆਪਣੀ ਵਿਦਵਤਾ ਚਮਕਾਉਣ ਦੀ ਖ਼ਾਤਰ ਕਿਵੇਂ ਇੱਕ ਸਧਾਰਨ ਜਿਹੀ ਗੱਲ ਨੂੰ ਹਵਾ ਦੇ ਕੇ ਉਸ ਵਿਚਲੇ ਸ਼ਬਦਾਂ ਦਾ ਤੁਲਨਾਤਮਿਕ ਅਧਿਐਨ ਕਰਨ ਦੀ ਬਜਾਏ, ਅਰਥਾਂ ਦਾ ਅਨਰਥ ਕਰਨ ਵਿੱਚ ਮਸ਼ਗੂਲ ਹਨ। ਸਾਨੂੰ ਅਜਿਹੀਆਂ ਬੇਤੁਕੀਆਂ ਅਤੇ ਬੇਥਵ੍ਹੀਆਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਤਾਂਕਿ ਪੰਜਾਬੀ ਬੋਲੀ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਮਜ਼ਾਕ ਦਾ ਪਾਤਰ ਬਣਨ ਤੋਂ ਬਚਾਇਆ ਜਾ ਸਕੇ।
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly