(ਸਮਾਜ ਵੀਕਲੀ)
ਬਦਲਿਆ ਸੱਭਿਆਚਾਰ–
ਬਦਲ ਗਿਆ ਸੰਸਾਰ ਬੇਲੀਓ, ਬਦਲ ਗਿਆ ਸੰਸਾਰ,
ਸਮੇਂ ਨੇ ਆਪਣੀ ਕਰਵਟ ਬਦਲੀ, ਬਦਲਿਆ ਸੱਭਿਆਚਾਰ।
ਘਰਾਂ ਦੇ ਵਿੱਚ ਵਿਆਹਾਂ ਵਾਲ਼ੇ, ਕਿਸੇ ਨਹੀਂ ਕਾਜ ਰਚਾਉਣੇ,
ਸਿੱਖਿਆ ਅਤੇ ਸੁਹਾਗ-ਘੋੜੀਆਂ, ਹੁਣ ਨਹੀਂ ਕਿਸੇ ਵੀ ਗਾਉਣੇ।
ਪੈਲਸਾਂ ਵਿੱਚੋਂ ਤੁਰਦੀ ਲੋਕੋ, ਡੋਲ਼ੀ ਦੀ ਥਾਂ ਕਾਰ,
ਬਦਲ ਗਿਆ……।
ਸੁਰਿੰਦਰ, ਮਾਣਕ, ਯਮਲ਼ੇ ਵਰਗੇ, ਕਲਾਕਾਰ ਨਹੀਂ ਲੱਭਣੇ,
‘ਦੇਵ’ ਤੇ ‘ਮਾਨ ਮਰਾੜਾਂ’ ਵਰਗੇ, ਗੀਤਕਾਰ ਨਹੀਂ ਮਿਲਣੇ।
ਮਾਂ-ਬੋਲੀ ਦੇ ਪਿਆਰ ‘ਚ ਰੰਗੇ, ‘ਗੁਰਦਾਸ’ ਜਿਹੇ ਫ਼ਨਕਾਰ,
ਬਦਲ ਗਿਆ……।
ਪੀਜ਼ਾ-ਬਰਗਰ ਅੱਗੇ ਹੋ ਗਏ, ਭੁੱਲ ਗਏ ਦੇਸੀ ਖਾਣੇ,
ਸਾਗ ਸਰ੍ਹੋਂ ਦਾ, ਲੱਸੀ, ਮੱਖਣ; ਤੇ ਭੱਠੀਆਂ ਦੇ ਦਾਣੇ।
ਚਿਪਸ, ਕੁਰਕੁਰੇ, ਨੂਡਲ ਦੀ ਹੈ, ਹਰ ਪਾਸੇ ਭਰਮਾਰ,
ਬਦਲ ਗਿਆ……।
ਕਾਰਾਂ, ਕੋਠੀਆਂ, ਬੰਗਲਿਆਂ, ਖੇਤਾਂ; ਮਾਲਕ ਜਾਇਦਾਦਾਂ ਦੇ,
ਛੱਡ ਕੇ ਸਭ ਕੁਝ ‘ਇੰਡੀਆ’ ਦੇ ਵਿੱਚ, ਬਾਹਰ ਨੂੰ ਭੱਜੇ ਜਾਂਦੇ।
ਭਈਏ ਮਗਰੋਂ ਕਰਨ ਸਫ਼ਾਈਆਂ, ਬਣ ਕੇ ਪਹਿਰੇਦਾਰ,
ਬਦਲ ਗਿਆ……।
ਸੱਸੀਆਂ, ਸੋਹਣੀਆਂ, ਹੀਰਾਂ ਭੁੱਲੀਆਂ, ਭੁੱਲ ਗਏ, ਝੰਗ-ਮਘਿਆਣੇ,
ਸੱਦਾਂ, ਬੈਂਤਾਂ, ਕਲੀਆਂ ਭੁੱਲੀਆਂ, ਭੁੱਲ ਗਏ ਗੀਤ ਪੁਰਾਣੇ।
‘ਪੌਪ ਸੰਗੀਤ’ ਦੀ ਹਰ ਪਾਸੇ, ‘ਲੰਗੜੋਆ’ ਜੈ-ਜੈਕਾਰ,
ਬਦਲ ਗਿਆ……।
ਸ਼ਿਸ਼ਟਾਚਾਰ ਦੀ ਗੱਲ ਹੁਣ ਮੁੱਕੀ, ਭ੍ਰਿਸ਼ਟਾਚਾਰ ਹੈ ਛਾਇਆ,
ਪਿਆਰ-ਮੁਹੱਬਤ, ਆਪਸੀ ਸਾਂਝਾਂ, ਸਦਾਚਾਰ ਘਬਰਾਇਆ।
ਰਿਸ਼ਤੇ-ਨਾਤਿਆਂ ਦੀ ਤੰਦ ਟੁੱਟ ਗਈ, ਪੈਸੇ ਦੀ ਛਣਕਾਰ,
ਬਦਲ ਗਿਆ……।
ਪੁੱਤਾਂ ਨੇ ਅੱਜ ਮਾਪੇ ਵੰਡ ਲਏ, ਮਾਂ-ਪਿਓ ਹੁਣ ਨਹੀਂ ਭਾਉਂਦੇ,
ਕਿੰਨੀਆਂ ਸੱਧਰਾਂ ਦੇ ਨਾਲ਼ ਪਾਲ਼ੇ, ਜੋੜੀਆਂ ਰਹੇ ਰਲ਼ਾਉਂਦੇ।
ਬੁੱਢੀ ਉਮਰੇ ਵੱਖ-ਵੱਖ ਕੀਤੇ, ਲੱਗਦੇ ਪੁੱਤਾਂ ਨੂੰ ਭਾਰ,
ਬਦਲ ਗਿਆ……।
ਬੱਚੇ ਭਾਵੇਂ ਡਿਗਰੀਆਂ ਕਰ ਗਏ, ਪੜ੍ਹ ਗਏ ਅੱਖਰ ਚਾਰ,
ਭੁੱਲ ਗਏ ਨੈਤਿਕ ਕਦਰਾਂ-ਕੀਮਤਾਂ, ਸੁਚੱਜ ਅਤੇ ਆਚਾਰ।
ਮਾਨਵੀ ਰਿਸ਼ਤੇ ਤਿੜਕੇ ਸਾਰੇ, ਵਿੱਸਰਿਆ ਸਦ-ਵਿਉਹਾਰ,
ਬਦਲ ਗਿਆ……।
ਜਸਬੀਰ ਸਿੰਘ ਪਾਬਲਾ