(ਸਮਾਜ ਵੀਕਲੀ)
ਚੱਲ ਨੀਂ ਦੀਵਾਲੀਏ ਕੁਝ ਨਵਾਂ ਕਰੀਏ,
ਗਰੀਬਾਂ ਦੇ ਘਰਾਂ ਨੂੰ ਜਾ ਰੌਸ਼ਨੀ ਨਾਲ਼ ਭਰੀਏ।
ਜਿਹਨਾਂ ਘਰਾਂ ਵਿੱਚ ਦਿਖੇ ਹਨ੍ਹੇਰਾ,
ਜੁਗਨੂਆਂ ਦੀ ਮਾਲ਼ਾ ਕੰਧਾਂ ਉਤੇ ਧਰੀਏ।
ਚੱਲ ਨੀਂ….
ਕਈਆਂ ਬਣਾਏ ਪਕਵਾਨ ਛੱਤੀ ਭਾਂਤ ਦੇ,
ਤੇ ਕਈਆਂ ਘਰ ਚੁੱਲ੍ਹੇ ਅੱਗ ਨਾ ਬਲੀ।
ਕੋਈ ਘਿਓ ਦੇ ਜਗਾਉਂਦਾ ਦੀਵੇ,
ਕਈਆਂ ਘਰ ਤੇਲ ਬੱਤੀ ਵੀ ਨਾ ਜਲੀ।
ਭੁੱਖੇ ਢਿੱਡ ਨਾ ਸੌਵੇਂ ਕੋਈ ਏਸ ਦੀਵਾਲੀ,
ਕੌਤਕ ਕੁਝ ਇਹੋ ਜਿਹਾ ਕਰ ਛੜੀਏ।
ਚੱਲ ਨੀਂ…
ਲਿਸ਼ਕਣ ਭਾਂਡੇ ਸੋਨੇ ਚਾਂਦੀ ਦੇ ,
ਜਗਮਗ ਕਰਦੇ ਨੇ ਮਹਿਲ ਮੁਨਾਰੇ।
ਕਰਦੇ ਮਜ਼ਦੂਰੀ ਦਿਨ ਰਾਤ ਜਾਗ ਕੇ,
ਤਨੋਂ ਨੰਗੇ ਕਈ ਵਿਚਾਰੇ ਕਰਮਾਂ ਦੇ ਮਾਰੇ।
ਇਸ ਵਾਰ ਛੱਡ ਕੇ ਅਮੀਰਾਂ ਨੂੰ,
ਆ ਦੁੱਖ ਗਰੀਬਾਂ ਦੇ ਹਰੀਏ।
ਚੱਲ ਨੀਂ….
ਖੁੱਲ੍ਹੇ ਰੱਖਦੇ ਨੇ ਦਰ ਇੱਕ ਰਾਤ,
ਕਹਿੰਦੇ ਮਾਤਾ ਲੱਛਮੀ ਆ ਜਾਂਦੀ ਹੈ।
ਜਿਹਨਾਂ ਦੀਆਂ ਝੁੱਗੀਆਂ ਦੇ ਦਰ ਨਹੀਂ,
ਉਹਨਾਂ ਕੋਲ਼ ਖੌਰੇ ਕਿਉਂ ਨਾ ਆਂਦੀ ਹੈ।
ਜਿਹੜਾ ਮਿਹਨਤ ਕਰਕੇ ਖਾਵੇ,
ਉਹਦੇ ਘਰ ਕਿਰਪਾ ਨਾਲ਼ ਵੜੀਏ।
ਚੱਲ ਨੀਂ….
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰ:9464633059