(ਸਮਾਜ ਵੀਕਲੀ)
ਬਾਬਾ ਨਾਨਕ ਤੇਰੀ ਬਾਣੀ ਦਾ ਮੁੱਲ
ਦੇਖੋ ਕਿੱਦਾਂ ਤਾਰ ਰਹੇ ਨੇ
ਚੁੱਕ ਕਿਰਪਾਨਾਂ ਟਕੁਏ ਕਿਰਚਾਂ
ਕਿੱਦਾਂ ਕਹਿਰ ਗੁਜ਼ਾਰ ਰਹੇ ਨੇ
ਤੇਰਾ ਧਰਮ ਸਥਾਪਿਤ ਕੀਤਾ
ਕਿੱਦਾਂ ਵਰਤ ਇਹ ਢਾਲ ਰਹੇ ਨੇ
ਤਰ੍ਹਾਂ ਤਰ੍ਹਾਂ ਦੇ ਮੁੱਦੇ ਲੱਭਕੇ
ਲੜਨ ਦਾ ਤਰੀਕਾ ਭਾਲ ਰਹੇ ਨੇ
ਸਿੱਖੀ ਦੇ ਬਾਣੇ ਵਿੱਚ ਰਹਿ ਕੇ
ਕਿੱਦਾਂ ਕਰ ਅੱਤਿਆਚਾਰ ਰਹੇ ਨੇ
ਗਾਉਣ ਵਾਲੀਆਂ ਕਸਰ ਨਾ ਛੱਡੀ
ਕਿੱਦਾਂ ਹਿੰਸਾ ਦਾ ਪਸਾਰ ਰਹੇ ਨੇ
ਸੱਚੀ ਸੁੱਚੀ ਰੱਬ ਰੂਪੀ ਬਾਣੀ
ਦੁੱਖਾਂ ਦਾ ਉਪਚਾਰ ਕਰੇ
ਧਰਮ ਦੇ ਠੇਕੇਦਾਰ ਚੌਧਰੀ
ਕਿੱਦਾਂ ਕਰ ਪ੍ਰਚਾਰ ਰਹੇ ਨੇ
ਪ੍ਰਚਾਰਕ ਤਾਂ ਹੁਣ ਨਿੰਦਕ ਬਣ ਗਏ
ਗ਼ਲਤ ਇਹ ਸੋਚ ਵਿਚਾਰ ਰਹੇ ਨੇ
ਹੋਰਾਂ ਧਰਮਾਂ ਦੀ ਨਿੰਦਾ ਕਰਕੇ
ਕਿੱਦਾਂ ਕੱਢ ਇਹ ਖਾਰ ਰਹੇ ਨੇ
ਜਾਤ ਪਾਤ ਤੋਂ ਉੱਪਰ ਸੀ ਬਾਣੀ
ਕਿੱਦਾਂ ਫਿਰਕਾਪ੍ਰਸਤੀ ਉਭਾਰ ਰਹੇ ਨੇ
ਇੱਕੋ ਬਾਟੇ ਵਿੱਚ ਛੱਕਿਆ ਸੀ ਅੰਮ੍ਰਿਤ
ਅੱਜ ਓਹ ਪੱਖ ਵਿਸਾਰ ਰਹੇ ਨੇ
ਗੁਰੂਆਂ ਧਰਮ ਦੀ ਲਾਜ਼ ਸੀ ਰੱਖੀ
ਅੱਜ ਓਹ ਲਾਜ਼ ਉਤਾਰ ਰਹੇ ਨੇ
ਇਨਸਾਨੀਅਤ ਦੀ ਖਾਤਿਰ ਸ਼ਹੀਦ ਸੀ ਹੋਏ
ਇਨਸਾਨ ਹੀ ਇਨਸਾਨ ਨੂੰ ਮਾਰ ਰਹੇ ਨੇ
ਗੋਲਕਾਂ ਪਿੱਛੇ ਹੁੰਦੇ ਚਿੱਤਰੋ ਛਿੱਤਰੀ
ਧਰਮ ਨੂੰ ਡੋਬ ਇਹ ਅੱਧ ਵਿਚਕਾਰ ਰਹੇ ਨੇ
ਕਰਨ ਸਾਜ਼ਿਸ਼ਾਂ ਈਲਵਾਲੀਏ ਬੱਲੀ ਵਰਗੇ
ਕਿੱਦਾਂ ਮਾਨਸਿਕਤਾ ਕਰ ਬੀਮਾਰ ਰਹੇ ਨੇ
ਮਾਇਆ ਦੇ ਲਾਲਚ ਵੱਸ ਪੈ ਕੇ ਦਲਦਲ
ਵਿੱਚ ਕਿੱਦਾਂ ਡਬੋ ਸੰਸਾਰ ਰਹੇ ਨੇ
ਬੱਲੀ ਬਲਜਿੰਦਰ
ਈਲਵਾਲ