ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ)  ਸਾਨੂੰ ਸਭ ਨੂੰ ਪਤਾ ਵੀ ਹੈ ਕਿ ‘ਜੱਗ ਚਲੋਂ ਚਲੀ ਦਾ ਮੇਲਾ ਹੈ’ ਪਰ… ਦਿਲਦਾਰ ਸੱਜਣ ਦੇ ਚਲੇ ਜਾਣ ਤੇ ਮਨ ਕਿਸੇ ਦੀ ਨਹੀਂ ਸੁਣਦਾ, ਭਰ ਭਰ ਡੁੱਲਦਾ ਹੈ।
ਹੋਰਨਾਂ ਸਮੱਸਿਆਵਾਂ ਨਾਲੋ, ਮੌਤ ਚੰਦਰੀ ਇਸ ਲਈ ਦੁਖਦਾਈ ਤੇ ਸੰਕਟਮਈ ਹੈ, ਕਿਉਂਕਿ ਇਸ ਪ੍ਰਕਿਰਿਆ ਰਾਹੀਂ ਕੁਦਰਤ ਮਨੁੱਖ ਤੋਂ ਵਿਸ਼ਾਲ ਸੰਸਾਰ ਅਤੇ ਬੇਸ਼ਕੀਮਤੀ ਜ਼ਿੰਦਗੀ ਨੂੰ ਸਦਾ ਲਈ ਖੋਹ ਲੈਂਦੀ ਹੈ। ਬਾਕੀ ਸੁਨੇਹਿਆਂ ਦੇ ਰੋਣ-ਧੋਣ, ਸ਼ਿਕਵੇ ਅਤੇ ਸ਼ਿਕਾਇਤਾਂ ਦਾ ਕੁਦਰਤ ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਭਾਵੇਂ ਹੀ ਮਿੱਤਰ-ਪਿਆਰੇ ਦੇ ਵਿੱਛੜਨ ਵੇਲੇ ਸਾਡੇ ਵਿੱਚ ਪਾਗਲਪਣ ਵਾਲੀ ਸਥਿਤੀ ਵਾਪਰਦੀ ਹੈ ਕਿਉਂਕਿ ਇਹ ਸਮਾਂ ਬਹੁਤ ਦੁੱਖਦਾਈ ਹੁੰਦਾ ਹੈ।
ਅਸੀਂ ਜਾਣਦੇ ਸਭ ਹਾਂ ਕਿ ਮੌਤ ਸਾਡੇ ਨਾਲ ਜਨਮ ਤੋਂ ਹੀ ਸਾਥ ਬਣਾ ਲੈਂਦੀ ਹੈ। ਖੁਦ ਬੇਕਸੂਰ ਰਹਿ ਕੇ ਚੰਦਰੀ, ਕਿਸੇ ਬੀਮਾਰੀ ਰਾਹੀਂ ਸਾਡੇ ਲਈ ਸੰਕਟ ਪੈਦਾ ਕਰ ਦਿੰਦੀ ਹੈ। ਜਨਮ ਤੋਂ ਲੈ ਕੇ ਮੌਤ ਤੱਕ, ਜ਼ਿੰਦਗੀ ਅਤੇ ਮੌਤ ਵਿਚਾਲੇ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਹੈ। ਇੱਕ ਸਮਾਂ ਆਉਂਦਾ, ਜਦੋਂ ਮੌਤ ਚੰਦਰੀ ਬਿਲਕੁਲ ਸਾਡੇ ਨਜ਼ਦੀਕ ਆ ਜਾਂਦੀ ਹੈ, ਸਾਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਕਿ ਐਨਾ ਜਲਦੀ ਇਹ ਚੰਦਰੀ ਸਾਡੇ ਪਿਆਰੇ ਨੂੰ ਸਾਥੋਂ ਸਦਾ ਲਈ ਖੋਹ ਕੇ ਲੈ ਜਾਵੇਗੀ! ਅੱਜ ਕੱਲ ਤਾਂ ਕਿਸੇ ਸੰਖੇਪ ਜਹੀ ਬੀਮਾਰੀ ਨਾਲ ਲੜਣ ਦੀ ਸਮਰੱਥਾ ਇਉਂ ਘਟਦੀ ਜਾ ਰਹੀ ਹੈ, ਜੋ ਪਰਿਵਾਰ ਲਈ ਭਾਰਾ ਸੰਕਟ ਹੋ ਨਿਬੜਦੀ ਹੈ।
ਮੈਂ ਜਦੋਂ ਵੀ ਕੋਈ ਮੌਤ ਦੀ ਮਨਹੂਸ ਖ਼ਬਰ ਸੁਣਦਾ ਹਾਂ ਤਾਂ ਮਨ ਨੂੰ ਇੱਕ ਦਮ ਝਟਕਾ ਜਾ ਲੱਗਦਾ ਹੈ। ਇਹ… ‘ਸਮਝ ਵੀ ਹੈ ਕੇ ਮੌਤ ਇੱਕ ਸੰਪੂਰਨ ਨੀਂਦ ਹੈ, ਜਦੋਂ ਕੋਈ ਇਨਸਾਨ ਜ਼ਿੰਦਗੀ ਦੇ ਨਾਲ ਸੰਘਰਸ਼ ਕਰਦਾ ਜਾਂ ਕਿਸੇ ਨਾ-ਮੁਰਾਦ ਬਿਮਾਰੀ ਨਾਲ ਜੂਝਦਿਆਂ ਥੱਕ ਹਾਰ ਕੇ, ਚੂਰ ਹੋ ਏਥੋਂ ਜਾਂਦਾ ਹੈ ਤਾਂ ਕੁਦਰਤ ਉਸ ਆਪਣੇ ਅੰਸ਼ ਨੂੰ ਆਪਣੀ ਗੋਦ ਵਿਚ ਸਮਾਅ ਲੈਂਦੀ ਹੈ’। ਪੂਰੇ ਜਗਤ ਦੀ ਇਹੋ ਹੋਣੀ ਹੈ ਸਾਡੀ ਵੀ, ਖਾ ਹੰਢਾ ਕੇ ਚਲੇ ਜਾਣ ਵਾਲਿਆਂ ਲਈ ਅਲ੍ਹਵਿਦਾ ਕਹਿਣਾ ਬਣਦਾ, ਪਰ ਜਦੋਂ ਕੋਈ ਅਣਹੋਣੀ ਵਾਪਰਦੀ ਹੈ ਤਾਂ ਨੇੜਲਿਆਂ ਨੂੰ ਦੁੱਖ ਬਹੁਤ ਹੁੰਦਾ ਹੈ।
ਅਲ੍ਹਵਿਦਾ… ‘ਜਗਪਾਲ’ ਸਿਆਂ ਬਾਹਲੀ ਕਾਹਲੀ ਕਰ ਗਿਆ ਯਰ, ਤੇਰੇ ਵਰਗੇ ਹੋਣਹਾਰ, ਜ਼ਿੰਮੇਵਾਰ ਬੰਦਿਆਂ ਦੀ, ਸਾਡੇ ਵਰਗੇ ਨਾਲਾਇਕਾਂ ਅਤੇ ਸਮਾਜ ਨੂੰ ਬਹੁਤ ਲੋੜ ਹੁੰਦੀ ਆ, ਦਿਲ ਡੁੱਬ ਡੁੱਬ ਜਾਂਦਾ ਯਾਰਾ! ਸਾਨੂੰ ਅੰਤਾਂ ਦਾ ਘਾਟਾ ਪੈ ਗਿਆ  ਤੇਰੇ ਜਾਣ ਨਾਲ, ਜੋ ਕਦੇ ਪੂਰਾ ਨਹੀਂ ਹੋਣਾ ਸਰਪੰਚ ਸਾਬ੍ਹ!! ਤੂੰ ਜਿੱਥੇ ਰਵੇ, ਇਉਂ ਹੱਸਦਾ ਰਹੀ ਜਿਵੇਂ ਏਥੇ ਹੱਸਦਾ ਹੁੰਦਾ ਸੀ।
   …ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਪਰਾਲੀ ਨੂੰ ਅੱਗ ਨਾ ਲਗਾਓ ਸਗੋਂ ਵਾਤਾਵਰਣ ਬਚਾਓ*
Next articleਜਵਾਬ ਹਮੇਸ਼ਾ ਜ਼ਰੂਰੀ ਨਹੀਂ।