ਵਿਅੰਗ / ਚਲੋ ਖੜਪੈਂਚੀ ਈ ਸਹੀ…

ਮਾਲਵਿੰਦਰ ਸ਼ਾਇਰ
ਮਾਲਵਿੰਦਰ ਸ਼ਾਇਰ
(ਸਮਾਜ ਵੀਕਲੀ)  ਮੈਨੂੰ ਹਰ ਕੋਈ ਆਖਦੈ,”ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬਾ ਰੱਖ…।”
ਕੋਈ ਆਖੇ ਵੀ ਕਿਉਂ ਨਾ,ਉਨ੍ਹਾਂ ਦਾ ਹੱਕ ਬਣਦੈ। ਮੈਂ ਰੱਬ ਕੋਲੋਂ ਦੂਰੋਂ ਖੜ੍ਹ ਕੇ ਜੋ ਵੀ ਮੰਗ ਮੰਗੀ, ਉਸਨੇ ਮੇਰੀ ਨੇੜੇ ਹੋ ਕੇ ਸੁਣੀ। ਮੈਂ ਰੱਬ ਤੋਂ ਦੋ ਮੰਗਾਂ ਮੰਗੀਆਂ…ਉਹਨੇ ਦੋਨੋਂ ਪੂਰੀਆਂ ਕਰ ਦਿੱਤੀਆਂ। ਇੱਕ ਅਰਜ਼ ਸਿੱਧੀ ਪੂਰੀ ਕਰ ਦਿੱਤੀ ਅਤੇ ਦੂਜੀ ਭੋਰਾ ਘੁੰਮਾ ਕੇ। ਪਹਿਲਾਂ ਮੈਂ ਆਪਣਾ ਚੌਂਕਾ-ਚੁੱਲ੍ਹਾ ਚਲਾਉਣ ਲਈ ਤ੍ਰੀਮਤ ਮੰਗੀ ਜੋ ਰੱਬ ਨੇ ਚੜ੍ਹਦੇ ਸਿਆਲ ਹੀ ਪੂਰੀ ਕਰ ਦਿੱਤੀ। ਜਿਸ ਨਾਲ਼ ਮੇਰੀ ਕੁੱਲੀ ਵਿੱਚ ਪਈ ਜੁੱਲੀ ਦੇ ਨਾਲ਼-ਨਾਲ਼ ਗੁੱਲੀ ਦਾ ਇੰਤਜ਼ਾਮ ਵੀ ਹੋ ਗਿਆ। ਮੈਨੂੰ ਰਿਸ਼ਤੇ ‘ਚ ਥਾਂ ਸਿਰ ਲਗਦੀਆਂ ਜਨਾਨੀਆਂ ਨੇ ਹਮੇਸ਼ਾਂ ਹੀ ਨਿਹੋਰੇ ਮਾਰੇ,
” ਵੇ ਘੀਚਰ ਛੜਿਆ…ਤੈਂ ਤਾਂ ਐਂ ਈ ਮਰ-ਮੁਰ ਜਾਣਾ ਲਗਦੈ…ਤੈਨੂੰ ਕੀਹਨੇ ਕੁੜੀ ਦੇਣੀ ਆ…ਕੁੜੀ ਨੂੰ ਖੂਹ ‘ਚ ਧੱਕਾ ਦੇਣ ਆਲੀ ਗੱਲ ਐ…।”
ਹੁਣ ਮੇਰੇ ਵਿਹੜੇ ਵਿੱਚ ਜਦੋਂ ਦਾ ਬਾਹਵਾਂ ਵਿੱਚ ਚੂੜਾ ਛਣਕਿਆ ਹੈ ਇਨ੍ਹਾਂ ਜਿਉਣ ਜੋਗੀਆਂ ਸਭ ਦੀ ਬੋਲਤੀ ਬੰਦ ਹੋ ਗਈ। ਮੈਂ ਆਪਦੇ ਵਿਹੜੇ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਪਾਣੀ ਨੂੰ ਤਰਸਦਾ ‘ਕੁੱਤਾ ਨਲਕਾ’ ਪਟਵਾ ਕੇ ਸਬਮਰਸੀਬਲ ਮੋਟਰ ਲਗਵਾ ਲਈ ਹੈ ਜਿਸ ਨਾਲ਼ ਵਾਟਰਵਰਕਸ ਵਾਲੀ ਟੂਟੀ ਦੀ ਵੀ ਕੁੱਤੇ ਝਾਕ ਮੁੱਕ ਗਈ ਹੈ… ਨਾਲ਼ੇ ਆਂਢੀ-ਗੁਆਂਢੀ ਚਾਰ ਬੂੰਦਾਂ ਪਾਣੀ ਦੀਆਂ ਲੈ ਜਾਂਦਾ ਹੈ। ਦੋ ਕਮਰਿਆਂ ਤੋਂ ਕੜੀ-ਬਾਲਾ ਹਟਾ ਕੇ ਡਾਟ ਲਵਾ ਲਈ ਹੈ ਅਤੇ ਕਮਰਿਆਂ ਮੂਹਰੇ ਇੱਕ ਬਰਾਂਡਾ ਵੀ ਛੱਤ ਲਿਆ ਹੈ। ਇਨਵਰਟਰ ਲਗਵਾ ਕੇ ਗੱਤੇ ਦੇ ਟੁਕੜੇ ਜਾਂ ਪੱਖੀ ਦੀ ਝੱਲ ਦਾ ਯੱਭ ਮੁਕਾ ਦਿੱਤਾ ਹੈ। ਮੁਕਦੀ ਗੱਲ ਕਿ ਮੇਰੇ ਘਰਵਾਲੀ ਦੀ ਵਿਹੜੇ ਵਿੱਚ ਪਈ ਝਾਂਜਰ ਦੀ ਛਣਕਾਰ ਨੇ ਘਰ ਦਾ ਮੂੰਹ-ਮੁਹਾਂਦਰਾ ਹੀ ਬਦਲ ਦਿੱਤਾ ਹੈ।ਹੁਣ ਮੇਰੇ ਮਨ ਦੀ ਮੁਰਾਦ ਸੀ ‘ਸ਼ਰੀਕਾਂ ਦੇ ਹਿੱਕ ‘ਤੇ ਮੂੰਗ ਦਲਣ ਦੀ’ ਜੋ ਇਸ ਵਾਰ ਰੱਬ ਨੇ ਉਹ ਵੀ ਮੇਰੀ ਝੋਲੀ ਵਿੱਚ ਪਾ ਦਿੱਤੀ ਹੈ। ਇਹ ਮੇਰੀ ਭਾਗਪਰੀ ਦੀ ਕਿਸਮਤ ਕਹਿ ਲਉ ਜਾਂ ਰੱਬ ਦੀ ਛੱਪਰ-ਪਾੜ ਕੇ ਮਿਲੀ ਦਾਤ ਹੀ। ਐਕੀਂ ਸਾਡੇ ਪਿੰਡ ਵਿੱਚ ਸਰਪੰਚੀ ਔਰਤ ਲਈ ਰਾਖਵੀਂ ਹੋਣ ਕਰਕੇ ਮੇਰੀ ਚਿਰਾਂ ਦੀ ਦਿਲ ਵਿੱਚ ਪਲਦੀ ਘਰ ਵਿੱਚ ਸਰਪੰਚੀ ਲਿਆਉਣ ਦੀ ਖਵਾਹਿਸ਼ ਵੀ ਪੂਰੀ ਹੋ ਗਈ ਹੈ। ਮੇਰਾ ਆਪਦੀ ਘਰਵਾਲੀ ਲਈ ਵੋਟਾਂ ਮੰਗਣਾ ਥੋੜ੍ਹਾ ਟੇਢੀ ਖੀਰ ਤਾਂ ਸਾਬਤ ਹੋਇਆ ਪਰ ਲੈ ਆਇਆ ਰੰਗ ਹੀ। ਜਣੇ-ਖਣੇ ਤੋਂ ਆਪਦੀ ਸਹੇੜਣ ਨੂੰ ਭਾਬੀ ਕਹਾਉਣਾ ਕਿਹੜਾ ਸੌਖਾ ਕਾਰਜ ਸੀ। ਮੇਰੇ ਇਸ ਸਰਪੰਚੀ ਦੇ ਪ੍ਰਚਾਰ ਵਿੱਚ ਇਹ ਗੱਲ ਸਾਬਤ ਹੋ ਗਈ ਕਿ ‘ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ’। ਮੈਂ ਤਾਂ ਆਪਦੇ ਸੀਨੇ ਵਿੱਚ ਅੱਗ ਦਾ ਭਾਂਬੜ ਬਾਲ ਕੇ ਇਹ ਸਮਝ ਕੇ ਝਲਦਾ ਰਿਹਾ,
“ਚੱਲ ਕੋਈ ਨਾ ਘੀਚਰ ਸਿਆਂ…’ਕੁੱਤਾ ਕਪਾਹ ਵਿੱਚ ਦੀ ਲੱਘ ਜੂ, ਰਜਾਈ ਤਾਂ ਨੀਂ ਭਰਾ ਕੇ ਲੈ ਜੂ।’ ਮੇਰੀ ਘਰਵਾਲੀ ਦੀ ਕਿਸਮਤ ਨੂੰ ਤਾਂ ਵੋਟਾਂ ਦਾ ਹੜ੍ਹ ਹੀ ਆ ਗਿਆ। ਜਦੋਂ ਪਿੰਡ ਵਿੱਚ ਗੇੜਾ ਦਿੱਤਾ ਤਾਂ ਇਉਂ ਲਗਦਾ ਸੀ ਬਈ ਜਿਵੇਂ ਸਾਰਾ ਪਿੰਡ ਹੀ ਇੱਕ ਪਾਸੇ ਝੁਕ ਗਿਆ ਹੋਵੇ। ਹਰ ਵੋਟਰ ਆਖ ਰਿਹਾ ਸੀ,
“ਘੀਚਰ ਸਿਆਂ ਭਰਜਾਈ ਦੇ ਵਿਰੋਧੀ ਗੁੱਟ ਦਾ ਪੀਪਾ ਤਾਂ ਖਾਲੀ ਈ ਖੜਕਦਾ ਲਈਂ… ਤੂੰ ਦੇਖੀ ਚੱਲ…।”
ਜਦੋਂ ਮੇਰੀ ਘਰਵਾਲੀ ਆਥਣੇ ਬੁੜੀਆਂ ‘ਚੋਂ ਉੱਠਕੇ ਰਸੋਈ ‘ਚੋਂ ਕੱਚ ਦੇ ਗਲਾਸ ਤੇ ਪਾਣੀ ਦਾ ਜੱਗ ਭਰਕੇ ਦਿੰਦੀ ਤਾਂ ਲੋਕ ਆਪਦੇ ਡੱਬ ‘ਚੋਂ ਦਾਰੂ ਦੀ ਬੋਤਲ ਵੀ ਆਪਦੀ ਹੀ ਕੱਢ ਕੇ ਮੇਜ਼ ‘ਤੇ ਰੱਖ ਲੈਂਦੇ ਅਤੇ ਕਹਿੰਦੇ,
” ਤੂੰ ਦਾਰੂ-ਦੂਰੂ ਦੀ ਵੀ ਪ੍ਰਵਾਹ ਨਾ ਕਰ ਘੀਚਰਾ…ਹਾਲ਼ੇ ਪਰਸੋਂ ਹੀ ਦਾਰੂ ਦਾ ਢੋਲ ਕੱਢਿਆ ਹੈ ਆਪਾਂ… ਪਤਾ ਸੀ ਬਈ ਦਾਰੂ ਤੋਂ ਬਿਨਾਂ ਵੋਟਾਂ ਬਟੋਰਨ ਦਾ ਕੰਮ ਚੱਲਣਾ ਨੀਂ।”
ਦੋ ਕੁ ਹਾੜੇ ਲਾ ਕੇ ਤਾਂ ਮੂੰਹ ‘ਤੇ ਹੱਥ ਫੇਰਦੇ ਇਹ ਵੀ ਆਖ ਦਿੰਦੇ,
” ਤੂੰ ਹੋਰ ਖਰਚੇ ਦੀ ਵੀ ਪ੍ਰਵਾਹ ਨਾ ਕਰੀਂ…ਚੱਕ ਦਿਆਂਗੇ ‘ਗੇ ਘੜੇ ਤੋਂ ਕੌਲਾ… ਤੇਰੇ ਸ਼ਰੀਕਾਂ ਨੂੰ ਦਿਖਾ ਦਿਆਂਗੇ ਜਿਹੜੇ ਤੇਰਾ ਘਰ ਨੀਂ ਵੱਸਣ ਦਿੰਦੇ ਸੀ ਪਤੰਦਰ…।”
ਵੈਸੇ ਪਿੰਡ ‘ਚ ਲਗਾਏ ਆਖਰੀ ਗੇੜੇ ‘ਚ ਤਾਂ ਸ਼ਰੀਕਾਂ ਨੇ ਵੀ ਮੇਰੇ ਮੋਢੇ ਨਾਲ਼ ਮੋਢਾ ਜੋੜਣ ਦਾ ਢੌੰਗ ਰਚਾ ਲਿਆ ਸੀ ਚਾਹੇ ਉੱਤੋਂ-ਉੱਤੋਂ ਹੀ ਸਹੀ।ਹੁਣ ਤਾਂ ਉਨ੍ਹਾਂ ਨੂੰ ਵੀ ਘੀਚਰ ਦੀ ਪਿੰਡ ‘ਚ ਬਣੀ ਚੜ੍ਹਤ ਦਾ ਪਤਾ ਲੱਗ ਗਿਆ ਸੀ ਚਾਹੇ ਮੇਰੇ ਹੱਕ ‘ਚ ਹੁੰਦੀ ਸਰਬ-ਸੰਮਤੀ ਵੇਲੇ ਢੁੱਚਰ ਵੀ ਉਨ੍ਹਾਂ ਨੇ ਹੀ ਲਗਾਈ ਸੀ।
ਹੁਣ ਜਦੋਂ ਵੋਟਾਂ ਤੋਂ ਬਾਅਦ ਚੋਣ ਮਹਿਕਮੇ ਦੀ ਅੰਤਲੀ ਸੀਟੀ ਮੇਰੀ ਘਰਵਾਲੀ ਦੇ ਹੱਕ ਵਿੱਚ ਵੱਜੀ ਤਾਂ ਸਭ ਤੋਂ ਪਹਿਲਾਂ ਸ਼ਰੀਕਾਂ ਦੇ ਚਿਹਰਿਆਂ ਦਾ ਹੀ ਰੰਗ ਫੂਸ ਹੋਇਆ ਸੀ ਬਈ ਹੁਣ ਘੀਚਰ ਛੜਾ ਗਿਣ-ਗਿਣ ਬਦਲੇ ਲਊ। ਹੁਣ ਤਾਂ ਰਿਸ਼ਤੇ ਵਿੱਚ ਟਿਕਾਣੇ ਸਿਰ ਲਗਦੀਆਂ ਆਂਢਣਾਂ-ਗੁਆਂਢਣਾਂ ਨੇ ਵੀ ਆਪਦੀ ਟਿੱਚਰ ਤੇ ਤਨਜ ਦੇ ਤੇਵਰ ਬਦਲ ਲਏ ਸਨ,
“ਵੇ ਘੀਚਰਾ ਤੈਨੂੰ ਵਧਾਈਆਂ…ਵੇ ਤੇਰੇ ਤਾਂ ਪਿਛਲੇ ਜਨਮ ‘ਚ ਮੋਤੀ ਪੁੰਨ ਕੀਤੇ ਲਗਦੇ ਆ ਟੁੱਟ ਪੈਣਿਆਂ…ਤੇਰੀ ਘਰਵਾਲੀ ਰੰਗ-ਰੂਪ ਦੀ ਵੀ ਤੇਰੇ ਨਾਲ਼ੋਂ ਤਾਂ ਭੋਰਾ ਸੁਹਣੀ ਈ ਆ… ਨਾਲ਼ੇ ਭਾਗਾਂ ਵਾਲੀ ਵੀ ਆ…ਬਿਚਾਰੀ ਨੇ ਆਉੰਦੀ ਨੇ ਹੀ ਤੇਰੇ ਘਰੇ ਸਰਪੰਚੀ ਵਾੜ ਕੇ ਤੈਨੂੰ ਖੜਪੈੰਚ ਬਣਾ ‘ਤਾ … ਸੁਭਾਅ ਦੀ ਵੀ ਮਿਲਾਪੜੀ ਆ … ਵੇ ਤੇਰੇ ਤਾਂ ਕਰਮ ਖੁੱਲ੍ਹ ‘ਗੇ।”
ਮੈਂ ਵੀ ਹੁਣ ਇਹੋ ਸੋਚ ਰਿਹਾ ਹਾਂ ,
“ਰੱਬਾ ਤੂੰ ਮੇਰੀ ਦੂਜੀ ਮੰਗ ਤਾਂ ਪੂਰੀ ਕਰ ਦਿੱਤੀ ਪਰ ਕਰੀ ਥੋੜ੍ਹੀ ਟੇਢੇ ਲੋਟ ਈ… ਚਲੋ ਕੰਨ ਹੀ ਫੜਣਾ ਸੀ ਸਿਰ ਤੋਂ ਵਲਾਵੇਂ ਨਾਲ਼ ਹੀ ਸਹੀ।”
ਹੁਣ ਮੇਰੇ ਵਿਹੜੇ ਵਿੱਚ ਜਿੱਥੇ ਜਨੌਰ ਆਲ੍ਹਣਾ ਪਉਣੋਂ ਵੀ ਜਕਦਾ ਸੀ ਤੇ ਖੱਬਲ ਦੇ ਪੱਸਰਨ ਨਾਲ਼ ਸੱਪਾਂ ਜਿਹੇ ਕੀੜਿਆਂ-ਪਤੰਗਿਆਂ ਦੀ ਲੁਕਣਗਾਹ ਬਣਿਆ ਪਿਆ ਸੀ, ਉੱਥੇ ਘਰਵਾਲੀ ਦੇ ਪੈਰ ਪੈਣ ਨਾਲ਼ ਇੱਟਾਂ ਦਾ ਫਰਸ਼ ਲੱਗ ਗਿਆ ਹੈ … ਚਾਰ-ਚੁਫ਼ੇਰੇ ਛਹਿਬਰ-ਛਹਿਬਰ ਹੋਈ ਪਈ ਹੈ। ਸਿਆਣਿਆਂ ਨੇ ਠੀਕ ਹੀ ਕਿਹਾ ਹੈ,
” ਖੇਤ ਬੰਦੇ ਨਾਲ਼ ਤੇ ਘਰ ਔਰਤ ਨਾਲ਼ ਹੀ ਸੋੰਹਦੇ ਨੇ।”
ਹੁਣ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਸਾਡੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ ਹੈ। ਮੈਨੂੰ ਬਾਹਰ ਮੰਜੇ ‘ਤੇ ਬੈਠੇ ਨੂੰ ਹਰ ਕੋਈ ਆਖ ਰਿਹਾ ਹੈ,
”  ਘੀਚਰ ਸਿਆਂ ਸਰਪੰਚੀ ਦੀਆਂ ਮੁਬਾਰਕਾਂ ਤੈਨੂੰ ਬਰਾਂਡੇ ‘ਚ ਬੈਠੇ ਨੂੰ ਦੇਈਏ ਜਾਂ ਅੰਦਰ ਜਾ ਕੇ …।”
“ਜਿਵੇਂ ਥੋਡੀ ਮਰਜ਼ੀ…।” ਮੈਂ ਆਖ ਛੱਡਦਾ ਹਾਂ।
“ਚਲੋ ਸਰਪੰਚੀ  ਵਧਾਈਆਂ ਅੰਦਰ ਦੇ ਦਿਨੇਂ ਆਂ ਤੇ ਖੜਪੈਂਚੀ ਦੀਆਂ ਤੈਨੂੰ…ਪਾਰਟੀ ਦੋਨਾਂ ਵੱਲ ਹੋ ਗਈ…।”
“… ਪਾਰਟੀ ਤਾਂ ਲੈ ਲਿਓ …ਆਪਾਂ ਤਾਂ ਰੱਬ ਤੋਂ ਜੋ ਮੰਗਾਂ ਮੰਗੀਆਂ ਸੀ…ਉਹਨੇ ਨੇੜੇ ਹੋ ਕੇ ਸੁਣੀਆਂ ਨੇ… ਘਰਵਾਲੀ ਤੇ ਸਰਪੰਚੀ…।”
“ਸਰਪੰਚੀ…!”
“ਚਲੋ ਖੜਪੈੰਚੀ ਈ ਸਹੀ…।”
ਮੇਰੇ ਮੂੰਹੋਂ ਇਹ ਸੁਣ ਕੇ ਚਾਹੇ ਮੇਰੀ ਘਰਵਾਲੀ ਚੁੰਨੀ ਦਾ ਲੜ ਕਰਕੇ ਸ਼ਰਮਾ ਰਹੀ ਹੈ ਤੇ ਮੁਸਕਰਾ ਰਹੀ ਹੈ ਪਰ ਪਿੰਡ ਵਾਸੀਆਂ ਦੇ ਚਿਹਰੇ ‘ਤੇ ਜਾਹੋ-ਜਲਾਲ ਤੇ ਰੌਣਕ ਹੈ।
— ਮਾਲਵਿੰਦਰ ਸ਼ਾਇਰ
ਸੰਪਰਕ — 94781-85742
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਰੀਨ ਦੀਵਾਲੀ ਮਨਾਉਣ ਲਈ ਬੱਚਿਆਂ ਨੂੰ ਕੀਤਾ ਪ੍ਰੇਰਿਤ
Next articleਯੁੱਗ ਪੁਰਸ਼ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਯਾਦ ‘ਚ ਸਾਹਿਤਕ ਸੰਮੇਲਨ ਦਾ ਆਯੋਜਨ