ਦਿਵਾਲੀ ਮੌਕੇ ਮਠਿਆਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਲਗਾਤਾਰ ਕੀਤੀ ਜਾ ਰਹੀ ਹੈ ਚੈਕਿੰਗ : ਡਾ. ਰਣਜੀਤ ਸਿੰਘ ਰਾਏ
ਮਾਨਸਾ (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ ) ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਕਮ ਜ਼ਿਲ੍ਹਾ ਸਿਹਤ ਅਫ਼ਸਰ ਵਲੋਂ ਜ਼ਿਲ੍ਹਾ ਮਾਨਸਾ ਨਿਵਾਸੀਆਂ ਨੂੰ ਦਿਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਤੰਦਰੁਸਤੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਮੌਕੇ ਡਾ. ਰਾਏ ਨੇ ਕਿਹਾ ਕਿ ਤਿਉਹਾਰ ਦੇ ਮੱਦੇਨਜਰ ਲੋਕਾਂ ਨੂੰ ਸ਼ੁੱਧ ਘਰ ਦਾ ਖਾਣਾ, ਘਰ ਦੀਆਂ ਬਣੀਆਂ ਮਿਠਾਈਆਂ ਅਤੇ ਫ਼ਲ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਬਾਜ਼ਾਰਾਂ ਦੇ ਖਾਣੇ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਤੰਦਰੁਸਤ ਰਿਹਾ ਜਾ ਸਕੇ। ਉਨ੍ਹਾਂ ਜਿਲ੍ਹੇ ਦੇ ਮਿਠਾਈ ਵਿਕਰੇਤਾਵਾਂ ਨੂੰ ਸਾਫ਼ ਸੁਥਰੀਆਂ ਅਤੇ ਮਿਲਾਵਟ ਰਹਿਤ ਮਿਠਾਈਆਂ ਵੇਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦਿਵਾਲੀ ਮੌਕੇ ਮਠਿਆਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਕਿਤੇ ਵੀ ਕੋਈ ਮਿਲਾਵਟ ਜਾਂ ਨਕਲੀ ਮਠਿਆਈਆਂ ਦਾ ਸ਼ੱਕ ਹੁੰਦਾ ਹੈ ਤਾਂ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕੇ ਮਿਲਵਾਟਖੋਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਖਾਣ ਵਾਲੀਆਂ ਵਸਤੂਆਂ ਮਿਲ ਸਕਣ ।
ਇਸ ਮੌਕੇ ਜਿਲ੍ਹਾ ਸਿਹਤ ਅਫਸਰ ਨੇ ਜਿਲ੍ਹਾ ਨਿਵਾਸੀਆਂ ਨੂੰ ਪ੍ਰਦੂਸ਼ਨ ਰਹਿਤ ਅਤੇ ਪਟਾਖਿਆਂ ਤੋਂ ਮੁਕਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ ,ਉਹਨਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਿਆ ਧੂੰਆਂ ਕਈ ਬਿਮਾਰੀਆਂ ਜਿਵੇ ਸਾਹ, ਦਮਾ ਅਤੇ ਛਾਤੀ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸ ਲਈ ਸਾਹ ਦੀ ਤਕਲੀਫ਼ ਵਾਲੇ ਮਰੀਜ਼ਾਂ ਨੂੰ ਦਿਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਹ ਧੂੰਆਂ ਅਤੇ ਪਟਾਖਿਆਂ ਦੀ ਰਹਿੰਦ ਖੂੰਹਦ ਵਾਤਾਵਾਰਣ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਪਟਾਖੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ ਵਿੱਚ ਚਲਾਉਣ ਅਤੇ ਹੱਥਾਂ ਵਿੱਚ ਫੜ ਕੇ ਨਾ ਚਲਾਉਣ, ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ । ਉਨ੍ਹਾਂ ਕਿਹਾ ਕਿ ਦਿਵਾਲੀ ਮੌਕੇ ਰੇਸ਼ਮੀ ਢਿੱਲੇ ਕੱਪੜੇ ਨਾ ਪਾਓ ਉਹਨਾਂ ਕਿਹਾ ਕਿ ਅਣਚੱਲੇ ਪਟਾਖਿਆਂ ਨੂੰ ਬੱਚੇ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰਦੇ ਹਨ, ਅਣਚੱਲੇ ਪਟਾਖੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਅਣਚੱਲੇ ਪਟਾਖੇ ਕਿਸੇ ਵੀ ਸਮੇਂ ਫਟ ਸਕਦੇ ਹਨ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly