ਕਵਿਤਾਵਾਂ

ਖਾਲੀ ਹੱਥ ਸ਼ਿਕਾਰ 
———————
ਜ਼ਰ , ਜ਼ੋਰੂ  ਅਤੇ  ਜ਼ਮੀਨ  ਬਦਲੇ  ,
ਭਾਈਆਂ ਭਾਈਆਂ ਦੇ ਵਿੱਚ ਤਕਰਾਰ ਹੁੰਦਾ ।
ਕੁੱਤਾ ਆਪਣੀ ਗਲ਼ੀ ਵਿੱਚ ਸ਼ੇਰ ਹੁੰਦਾ ,
ਬੰਦਾ ਆਪਣੇ ਘਰੇਂ ਸਰਦਾਰ ਹੁੰਦਾ  ।
ਦਿਲ ਦੇ ਜਾਨੀ ਤੋਂ ਬਿਨਾਂ ਸੁੰਨ ਸਾਨ ਜਾਪੇ ,
ਘੁੱਗ  ਵੱਸਦਾ  ਭਾਵੇਂ  ਸੰਸਾਰ  ਹੁੰਦਾ  ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਖਾਲੀ  ਹੱਥ  ਨਾ  ਕਦੇ  ਸ਼ਿਕਾਰ  ਹੁੰਦਾ  ।
ਫੁੱਲ ਅਤੇ ਕੰਡੇ 
—————
ਤਾਈਓਂ ਕਦਰ ਹੁੰਦੀ ਚੰਗੇ ਬੰਦਿਆਂ ਦੀ ,
ਮਾੜੇ  ਬੰਦੇ  ਜੇ  ਵਿੱਚ  ਸੰਸਾਰ  ਹੁੰਦੇ  ।
ਉਹ ਵੀ ਰਾਣੀਆਂ ਤੋਂ ਨਈਓਂ ਘੱਟ ਹੁੰਦੀਆਂ ,
ਗਲ਼ ਵਿੱਚ ਜਿਹਨਾਂ ਦੇ ਨੇ ਰਾਣੀ ਹਾਰ ਹੁੰਦੇ ।
ਚੰਗੀ  ਓਈਓਂ  ਪੰਚਾਇਤ  ਕਹਾਂਵਦੀ  ਏ  ,
ਜੀਹਦੇ  ਫੈਸਲੇ  ਸੱਥ  ਵਿਚਕਾਰ  ਹੁੰਦੇ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਜਿੱਥੇ  ਫੁੱਲ  ਹੁੰਦਾ  ਓਥੇ  ਖਾਰ  ਹੁੰਦੇ  ।
ਕੋਈ ਨਾ ਮੂੰਹ ਲਾਵੇ 
———————
ਲੋਕੀਂ ਇੱਕ ਨਾ ਇੱਕ ਦਿਨ ਮੁੱਲ ਪਾਉਂਦੇ ,
ਜਿਹੜਾ ਬੰਦਾ ਹੈ ਲੋਕਾਂ ਦੇ ਕੰਮ ਆਉਂਦਾ ।
ਲੋਕ ਮੜ੍ਹੀਆਂ ਸ਼ਹੀਦਾਂ ਦੀਆਂ ਪੂਜਦੇ ਨੇ  ,
ਬੱਚਾ ਬੱਚਾ ਹੈ ਉਹਨਾਂ ਦੇ ਗੀਤ ਗਾਉਂਦਾ ।
ਬਿਨਾਂ  ਮੰਗੇ  ਤੋਂ  ਮੋਤੀ  ਨੇ  ਮਿਲ  ਜਾਂਦੇ  ,
ਮੰਗਣ ਜਾਈਏ ਤਾਂ ਜੱਗ ਨਾ ਖ਼ੈਰ ਪਾਉਂਦਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਚੁਗਲਖੋਰ ਨੂੰ ਕੋਈ ਨਾ ਮੂੰਹ ਲਾਉਂਦਾ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਧਾਰਮਿਕ ਪ੍ਰੀਖਿਆ ਸੰਪੰਨ
Next articleਵਿਦੇਸ਼ ਵਸਣ ਦਾ ਮੋਹ ਅਤੇ ਹੋ ਰਹੀ ਠੱਗੀ -ਠੋਰੀ