ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਅਸੀਂ ਜ਼ਿੰਦਗੀ ਵਿੱਚ ਜਦੋਂ ਵੀ ਕੋਈ ਗੱਲ ਵਿਚਾਰਦੇ ਹਾਂ ਤਾਂ ਉਸਨੂੰ ਆਪਣੇ ਪੱਖ ਤੋਂ ਵਿਚਾਰਦੇ ਹਾਂ। ਕਿਸੇ ਬਾਰੇ ਰਾਏ ਬਣਾਉਂਦੇ ਹਾਂ ਤਾਂ ਆਪਣੇ ਪੱਖ ਤੋਂ ਵਿਚਾਰ ਕੇ ਰਾਏ ਬਣਾ ਲੈਂਦੇ ਹਾਂ। ਕਿਸੇ ਬਾਰੇ ਕੋਈ ਬਿਆਨਬਾਜ਼ੀ ਕਰਦੇ ਹਾਂ ਤਾਂ ਵੀ ਆਪਣੇ ਪੱਖ ਤੋਂ ਸੋਚ ਕੇ ਉਸ ਬਾਰੇ ਬਿਆਨ ਦਿੰਦੇ ਹਾਂ। ਇਸ ਵਿੱਚ ਸਭ ਤੋਂ ਮਹੱਤਵਪੂਰਨ ਇਹ ਹੋ ਨਿਬੜਦਾ ਹੈ ਕਿ ਅਸੀਂ ਉਸਦੇ ਪੱਖ ਵਿੱਚ ਕੀ ਸੋਚਦੇ ਹਾਂ। ਸਾਡੇ ਰਾਏ ਕੀ ਹੈ ਇਹ ਉਹ ਵਿਅਕਤੀ ਕੀ ਹੈ ਇਸ ਨਾਲੋਂ ਜ਼ਿਆਦਾ ਮਹੱਤਵਪੂਰਨ ਹੋ ਨਿਬੜਦੀ ਹੈ।
ਠੀਕ ਇਸੇ ਤਰ੍ਹਾਂ ਦੂਜੇ ਵੀ ਸਾਡੇ ਬਾਰੇ ਸੋਚਦੇ ਹਨ। ਉਹਨਾਂ ਦਾ ਸਾਡੇ ਬਾਰੇ ਪੱਖ ਕੀ ਹੈ ਜਾਂ ਸਾਡੇ ਬਾਰੇ ਸੋਚ ਕੀ ਹੈ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਉਹ ਸਾਨੂੰ ਉਸੇ ਤਰੀਕੇ ਨਾਲ ਲੈਂਦੇ ਹਨ ਜਿਸ ਤਰੀਕੇ ਨਾਲ ਉਹ ਸਾਨੂੰ ਸਮਝਦੇ ਹਨ ਜਾਂ ਅਸੀਂ ਉਹਨਾਂ ਨੂੰ ਜਾਪਦੇ ਹਾਂ।
ਇਹਨਾਂ ਦੋਹਾਂ ਗੱਲਾਂ ਵਿੱਚ ਅਸਲ ਗੱਲ ਕਿਤੇ ਰਹਿ ਜਾਂਦੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜੋ ਮੇਰੇ ਪੱਖ ਤੋਂ ਸੋਚਿਆ ਜਾ ਰਿਹਾ ਹੈ ਉਹ ਸਹੀ ਹੈ ਜਾਂ ਜੋ ਤੁਹਾਡੇ ਪੱਖ ਤੋਂ ਸੋਚਿਆ ਜਾ ਰਿਹਾ ਹੈ ਉਹ ਸਹੀ ਹੈ। ਬਹੁਤੀ ਵਾਰ ਗੱਲ ਦੋਹਾਂ ਤੋਂ ਹੀ ਵੱਖਰੀ ਹੁੰਦੀ ਹੈ।
ਜਦੋਂ ਵੀ ਅਸੀਂ ਕਿਸੇ ਬਾਰੇ ਸੋਚਦੇ ਹਾਂ ਤਾਂ ਅਕਸਰ ਅਸੀਂ ਆਪਣੇ ਨਜ਼ਰੀਏ ਨੂੰ ਮਹੱਤਵਪੂਰਨ ਸਮਝ ਕੇ ਗੱਲ ਨੂੰ ਸਮਝਦੇ ਹਾਂ। ਸਾਡੀ ਸੋਚ ਕਿਹੋ ਜਿਹੀ ਹੈ ਇਹ ਨਿਰਧਾਰਿਤ ਕਰਦਾ ਹੈ ਕਿ ਅਸੀਂ ਕੀ ਸਮਝਿਆ। ਠੀਕ ਇਸੇ ਤਰ੍ਹਾਂ ਦੂਸਰੇ ਦੀ ਸੋਚ ਸਾਡੇ ਪ੍ਰਤੀ ਕੀ ਹੈ ਜਾਂ ਉਸ ਵਰਤਾਰੇ ਪ੍ਰਤੀ ਕੀ ਹੈ ਉਹ ਨਿਰਧਾਰਿਤ ਕਰਦੀ ਹੈ ਕਿ ਉਸਨੇ ਕੀ ਸਮਝਿਆ।
ਪਰ ਅਕਸਰ ਜ਼ਿੰਦਗੀ ਵਿੱਚ ਦੇਖੀਏ ਤਾਂ ਅਸਲ ਗੱਲ ਕੁਝ ਹੋਰ ਹੀ ਹੁੰਦੀ ਹੈ।ਸਾਡੀ ਸੋਚ ਸਾਡਾ ਨਜ਼ਰੀਆ ਸਾਡੇ ਹਾਲਾਤ ਨਾਲ ਬਣਦਾ ਹੈ ਤੇ ਸਾਹਮਣੇ ਵਾਲੇ ਦੀ ਸੋਚ ਤੇ ਉਸ ਦਾ ਨਜ਼ਰੀਆ ਉਸ ਦੇ ਹਾਲਾਤ ਦੇ ਮੁਤਾਬਿਕ ਬਣਦਾ ਹੈ। ਤੁਸੀਂ ਇੱਕ ਅੰਕ ਛੇ ਦੇਖਦੇ ਹੋ ਜੇ ਇੱਕ ਪਾਸੇ ਤੋਂ ਦੇਖੋ ਤੇ ਉਸੇ ਅੰਕ ਨੂੰ ਨੌ ਦੇਖਦੇ ਹੋ ਜੇ ਦੂਜੇ ਪਾਸੇ ਤੋਂ ਦੇਖੋ। ਹੁਣ ਅੰਕ ਇੱਕੋ ਹੀ ਹੈ ਪਰ ਦੇਖਿਆ ਦੋ ਤਰੀਕਿਆਂ ਨਾਲ ਜਾ ਰਿਹਾ ਹੈ।
ਠੀਕ ਇਸੇ ਤਰ੍ਹਾਂ ਵਿਅਕਤੀ ਨੂੰ ਵੀ ਦੋ ਵੱਖ ਵੱਖ ਨਜ਼ਰੀਆਂ ਤੋਂ ਜਦੋਂ ਦੇਖਿਆ ਜਾਂਦਾ ਹੈ ਤਾਂ ਉਸਦੀਆਂ ਦੋ ਵੱਖਰੀਆਂ ਹੀ ਸ਼ਖਸੀਅਤਾਂ ਉਭਰ ਕੇ ਆਉਂਦੀਆਂ ਹਨ। ਇਹ ਜਰੂਰੀ ਨਹੀਂ ਹੁੰਦਾ ਕਿ ਉਹ ਉਹਨਾਂ ਦੋਵਾਂ ਵਿੱਚੋਂ ਕੋਈ ਇੱਕ ਸ਼ਖਸੀਅਤ ਹੋਵੇ। ਕਈ ਵਾਰ ਉਸ ਦਾ ਰੂਪ ਉਹਨਾਂ ਦੋਹਾਂ ਤੋਂ ਬਹੁਤ ਵੱਖਰਾ ਹੁੰਦਾ ਹੈ। ਜੇਕਰ ਅਸੀਂ ਕਿਸੇ ਘਟਨਾ ਦੇ ਸੰਬੰਧ ਨਾਲ ਕਿਸੇ ਬਾਰੇ ਵਿਚਾਰ ਕਰਦੇ ਹਾਂ ਜਾਂ ਆਪਣੀ ਰਾਏ ਬਣਾਉਂਦੇ ਹਾਂ ਤਾਂ ਜ਼ਿਆਦਾਤਰ ਉਹ ਰਾਏ ਸਹੀ ਨਹੀਂ ਹੁੰਦੀ।
ਕਿਸੇ ਘਟਨਾ ਦੇ ਵਾਪਰਨ ਸਮੇਂ ਮਾਹੌਲ ਕੀ ਸੀ। ਉਹ ਵਿਅਕਤੀ ਕਿਸ ਹਾਲਾਤ ਵਿੱਚੋਂ ਗੁਜ਼ਰ ਰਿਹਾ ਸੀ। ਉਸ ਦਾ ਵਰਤਾਓ ਅਜਿਹਾ ਹੋਣ ਦੇ ਪਿੱਛੇ ਕਾਰਨ ਕੀ ਸੀ ਇਹ ਸਾਨੂੰ ਪਤਾ ਨਹੀਂ ਹੁੰਦਾ। ਪਰ ਫਿਰ ਵੀ ਅਸੀਂ ਸਿਰਫ ਓਪਰੀ ਨਜ਼ਰੇ ਜੋ ਦਿਸਦਾ ਹੈ ਉਸ ਨੂੰ ਦੇਖ ਕੇ ਉਸ ਨਾਲ ਸੰਬੰਧਿਤ ਇੱਕ ਰਾਏ ਬਣਾ ਬੈਠਦੇ ਹਾਂ। ਸਿਰਫ ਬਣਾ ਹੀ ਨਹੀਂ ਲੈਂਦੇ ਉਸ ਨੂੰ ਦੂਜਿਆਂ ਨੂੰ ਜਚਾਉਂਦੇ ਵੀ ਹਾਂ ਤੇ ਇਹ ਵੀ ਕਹਿੰਦੇ ਹਾਂ ਕਿ ਇਹ ਸਹੀ ਹੈ।
ਇੱਥੇ ਹੀ ਅਸੀਂ ਗਲਤੀ ਕਰਦੇ ਹਾਂ। ਕਈ ਵਾਰ ਅੱਖਾਂ ਨਾਲ ਦੇਖਿਆ ਵੀ ਝੂਠ ਹੁੰਦਾ ਹੈ। ਜੋ ਦਿਸਦਾ ਹੈ ਜਰੂਰੀ ਨਹੀਂ ਉਹ ਸੱਚ ਹੋਵੇ ਉਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ।ਕੋਈ ਵਿਅਕਤੀ ਕਿਸੇ ਪਲ ਵਿੱਚ ਕਿਹੋ ਜਿਹਾ ਵਿਹਾਰ ਕਰਦਾ ਹੈ ਇਸ ਦੇ ਪਿੱਛੇ ਇੱਕ ਨਹੀਂ ਅਨੇਕਾਂ ਹੀ ਕਾਰਨ ਹੁੰਦੇ ਹਨ। ਉਸਨੇ ਆਪਣੀ ਜ਼ਿੰਦਗੀ ਵਿੱਚ ਕੀ ਦੇਖਿਆ ਹੈ ਕਿ ਭੋਗਿਆ ਹੈ ਇਹ ਬਹੁਤ ਮਹੱਤਵਪੂਰਨ ਹੈ। ਅਸੀਂ ਉਸ ਦੇ ਪਿਛੋਕੜ ਬਾਰੇ ਬਿਨਾਂ ਕੁਝ ਜਾਣੇ ਹੀ ਉਸ ਬਾਰੇ ਕੁਝ ਵੀ ਸੋਚ ਲੈਂਦੇ ਹਾਂ ਤੇ ਕਹਿ ਵੀ ਦਿੰਦੇ ਹਾਂ।
ਮਨੁੱਖੀ ਵਿਹਾਰ ਨੂੰ ਸਮਝਣ ਲਈ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਇੱਕ ਘਟਨਾ ਦੇ ਆਧਾਰ ਤੇ ਕਿਸੇ ਦੀ ਸ਼ਖਸੀਅਤ ਨੂੰ ਸਮਝਣਾ ਨਾਮੁਮਕਿਨ ਹੈ। ਕਿਸੇ ਦੀ ਸ਼ਖਸੀਅਤ ਉਸਦੇ ਜਨਮ ਤੋਂ ਲੈ ਕੇ ਹਰ ਇੱਕ ਛੋਟੀ ਛੋਟੀ ਘਟਨਾ ਤੇ ਆਧਾਰਿਤ ਹੁੰਦੀ ਹੈ। ਉਸਦੇ ਆਪਣੇ ਮਾਤਾ ਪਿਤਾ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਸਾਕ ਸਬੰਧੀਆਂ ਨਾਲ ਰਿਸ਼ਤੇ ਕਿਹੋ ਜਿਹੇ ਰਹੇ ਹਨ ਇਸ ਗੱਲ ਦਾ ਬੜਾ ਮਹੱਤਵ ਹੁੰਦਾ ਹੈ। ਉਸਨੇ ਆਪਣੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦੇ ਸੰਤਾਪ ਭੋਗ ਗਏ ਹਨ ਤੇ ਕਿਸ ਤਰ੍ਹਾਂ ਦੀ ਖੁਸ਼ੀ ਦੇਖੀ ਹੈ ਇਹ ਵੀ ਉਸ ਦੀ ਸ਼ਖਸੀਅਤ ਨੂੰ ਨਿਰਧਾਰਿਤ ਕਰਦੀ ਹੈ।
ਕਿਸੇ ਬਾਰੇ ਕੋਈ ਵੀ ਰਾਏ ਬਣਾਉਣ ਤੋਂ ਪਹਿਲਾਂ ਜਾਂ ਕੋਈ ਵੀ ਨਿਰਨਾ ਦੇਣ ਤੋਂ ਪਹਿਲਾਂ ਸੋਚਣਾ ਬਹੁਤ ਜਰੂਰੀ ਹੈ। ਸਾਡੇ ਲਈ ਇਹ ਬਹੁਤ ਜਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਨਿਰਪੱਖ ਜੱਜ ਨਾ ਸਮਝ ਲਈਏ। ਜੋ ਦਿਸਦਾ ਹੈ ਉਹ ਅਕਸਰ ਸੱਚ ਨਹੀਂ ਹੁੰਦਾ। ਸੱਚ ਤਾਂ ਉਸ ਦੇ ਪਿੱਛੇ ਕਈ ਪਰਤਾਂ ਵਿੱਚ ਛੁਪਿਆ ਹੋਇਆ ਹੁੰਦਾ ਹੈ।
ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਲਈ ਇਹ ਬਹੁਤ ਜਰੂਰੀ ਹੈ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰੀਏ। ਆਪਣਾ ਪ੍ਰਤੀਕਰਮ ਦੇਣ ਤੋਂ ਪਹਿਲਾਂ ਕੁਝ ਸਮਾਂ ਲਈਏ। ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਦੋਂ ਅਸੀਂ ਕਾਹਲੀ ਕਰਦੇ ਹਾਂ ਤਾਂ ਅਕਸਰ ਸਾਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਹੈ।
ਬਹੁਤ ਜਰੂਰੀ ਹੈ ਕਿ ਕਿਸੇ ਨੂੰ ਸਮਝਣ ਲਈ ਸਮਾਂ ਲਿਆ ਜਾਵੇ। ਉਸ ਨੂੰ ਸਮਾਂ ਦਿੱਤਾ ਜਾਵੇ ਕਿ ਉਸ ਦੀ ਸ਼ਖਸੀਅਤ ਦੇ ਹੋਰ ਪੱਖ ਉਭਰ ਕੇ ਸਾਡੇ ਸਾਹਮਣੇ ਆਉਣ। ਕਿਸੇ ਇੱਕ ਘਟਨਾ ਦੀ ਜਾਂ ਕਿਸੇ ਇੱਕ ਗਲਤੀ ਤੇ ਆਧਾਰ ਤੇ ਕਿਸੇ ਨੂੰ ਸਹੀ ਜਾਂ ਗਲਤ ਦਾ ਖਿਤਾਬ ਨਾ ਦਿੱਤਾ ਜਾਵੇ। ਜ਼ਿੰਦਗੀ ਨੂੰ ਖੁਸ਼ ਗਵਾਰ ਬਣਾਉਣ ਲਈ ਇਹ ਬਹੁਤ ਜਰੂਰੀ ਹੈ। ਕਿਸੇ ਨੂੰ ਸਮਝਣਾ ਇੰਨਾ ਵੀ ਸੌਖਾ ਨਹੀਂ ਜਿੰਨਾ ਅਸੀਂ ਸਮਝਦੇ ਹਾਂ।
ਬਹੁਤ ਕੁਝ ਹੁੰਦਾ ਹੈ ਕਿਸੇ ਇੱਕ ਵਿਹਾਰ ਦੇ ਪਿੱਛੇ। ਕਈ ਵਾਰ ਬਚਪਨ ਦੀ ਕੋਈ ਘਟਨਾ ਅਵਚੇਤਨ ਮਨ ਵਿੱਚ ਰਹਿ ਜਾਂਦੀ ਹੈ ਤੇ ਕਿਸੇ ਉਸ ਨਾਲ ਮਿਲਦੀ ਜੁਲਦੀ ਘਟਨਾ ਵਿੱਚ ਉਹ ਰੂਪ ਪ੍ਰਗਟ ਹੁੰਦਾ ਹੈ ਜੋ ਉਸ ਮਨੁੱਖ ਨੂੰ ਖੁਦ ਵੀ ਨਹੀਂ ਪਤਾ ਹੁੰਦਾ ਕਿ ਉਸਦੇ ਅੰਦਰ ਇਹ ਸਭ ਹੈ।
ਇਸ ਲਈ ਕਿਸੇ ਪ੍ਰਤੀ ਕੋਈ ਰਾਏ ਬਣਾਉਣ ਤੋਂ ਪਹਿਲਾਂ ਕੋਈ ਰਾਏ ਦੇਣ ਤੋਂ ਪਹਿਲਾਂ, ਕੋਈ ਨਿਰਣਾ ਦੇਣ ਤੋਂ ਪਹਿਲਾਂ, ਸਮਾਂ ਲਓ, ਸੋਚੋ, ਸਮਝੋ, ਵਿਚਾਰੋ। ਇਹ ਬਹੁਤ ਜਰੂਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly