(ਸਮਾਜ ਵੀਕਲੀ)
ਜਾ ਕੇ ਤੂੰ ਪਰਦੇਸਾਂ ਨੂੰ ਪੁੱਤ ਮੁੜ ਕੇ ਨਾਂ ਘਰ ਆਇਆ,
ਉਡੀਕਦਿਆਂ ਨੂੰ ਵਰ੍ਹੇ ਬੀਤ ਗਏ ਤੂੰ ਨਾਂ ਫੇਰਾ ਪਾਇਆ,
ਤੇਰੇ ਬਿਨਾਂ ਪੁੱਤ ਘਰ ਨਾਂ ਚਾਨਣ ਕੀ ਕਰੀਏ ਰਾਤ ਵੇ ਕਾਲੀ ਨੂੰ,
ਸਾਡੇ ਦਿਨ ਤਿਉਹਾਰ ਵੇ ਕਾਹਦੇ, ਘਰ ਆ ਜਾ ਪੁੱਤ ਦਿਵਾਲੀ ਨੂੰ।
ਪੁੱਤ ਫੋਟੋ ਤੇਰੀ ਨਾਲ ਵੇ ਗੱਲਾਂ ਕਰਦਾ ਰਹਿੰਦਾ ਬਾਪੂ ਤੇਰਾ ਵੇ,
ਗੱਲਾਂ ਕਰਦਾ ਕਰਦਾ ਰੋ ਪੈਂਦਾ ਏ ਕਰਦਾ ਯਾਦ ਬਥੇਰਾ ਵੇ,
ਸਾਨੂੰ ਬੁਢਾਪੇ ਦੇ ਵਿੱਚ ਝੱਲਣਾਂ ਔਖਾ ਪੀੜ ਵਿਛੋੜੇ ਵਾਲੀ ਨੂੰ,
ਸਾਡੇ ਦਿਨ ਤਿਉਹਾਰ ਵੇ ਕਾਹਦੇ, ਘਰ ਆ ਜਾ ਪੁੱਤ ਦਿਵਾਲੀ ਨੂੰ।
ਪੁੱਤ ਧਾਲੀਵਾਲ ਇਕਬਾਲ ਉਦੋਂ ਬੜੇ ਰੁੱਗ ਕਾਲਜੇ ਪੈਂਦੇ ਵੇ,
ਜਦੋਂ ਰੋਟੀ ਖਾਣ ਦੇ ਵੇਲੇ ਕੱਠੇ ਹੋ ਕੇ ਅਸੀਂ ਪੁੱਤ ਬਹਿੰਦੇ ਵੇ,
ਰੋਟੀ ਖਾਂਦੀ ਖਾਂਦੀ ਬੁਰਕੀ ਤੋੜ ਕੇ ਪਰਾਂ ਕਰ ਦੇਵਾਂ ਮੈਂ ਥਾਲੀ ਨੂੰ,
ਸਾਡੇ ਦਿਨ ਤਿਉਹਾਰ ਵੇ ਕਾਹਦੇ, ਘਰ ਆ ਜਾ ਪੁੱਤ ਦਿਵਾਲੀ ਨੂੰ।
ਧੀ ਕੋਠੇ ਜਿੱਡੀ ਹੋ ਗਈ ਤੇਰੀ ਪੁੱਤ ਗੱਭਰੂ ਸੁੱਖ ਨਾਲ ਹੋਇਆ ਵੇ,
ਪਰ ਨੂੰਹ ਮੇਰੀ ਦੇ ਮੁੱਖ ਤੋਂ ਹਾਸਾ ਸਦਾ ਹੀ ਰਹਿੰਦਾ ਖੋਇਆ ਵੇ,
ਉਹਦੇ ਅੱਖਾਂ ਵਿੱਚ ਮੈਂ ਹੰਝੂਆਂ ਦੀ ਨਿੱਤ ਪੀੜ ਵੇਖਦੀ ਬਾਹਲੀ ਨੂੰ,
ਸਾਡੇ ਦਿਨ ਤਿਉਹਾਰ ਵੇ ਕਾਹਦੇ, ਘਰ ਆ ਜਾ ਪੁੱਤ ਦਿਵਾਲੀ ਨੂੰ।
ਕਰ ਲਈਆਂ ਬਹੁਤ ਕਮਾਈਆਂ ਪੁੱਤ ਕੀ ਕਰਨੇ ਪੈਸੇ ਧੇਲੇ ਵੇ,
ਕਿਤੇ ਦਿਨ ਤਿਉਹਾਰ ਬਹਾਨੇ ਪੁੱਤ ਤੂੰ ਕਰ ਜਾ ਮੇਲੇ ਗੇਲੇ ਵੇ,
ਪੁੱਤ ਪੈਸੇ ਧੇਲੇ ਘਾਟ ਨਾਂ ਪੂਰੀ ਕਰਦੇ ਤੇਰੇ ਵਾਲੀ ਨੂੰ,
ਸਾਡੇ ਦਿਨ ਤਿਉਹਾਰ ਵੇ ਕਾਹਦੇ, ਘਰ ਆ ਜਾ ਪੁੱਤ ਦਿਵਾਲੀ ਨੂੰ,
ਪੁੱਤ ਵੇ ਆ ਜਾ ਘਰੇ ਦਿਵਾਲੀ ਨੂੰ,,,,,,,,
ਇਕਬਾਲ ਧਾਲੀਵਾਲ
ਪਿੰਡ ਸਰਾਏ ਨਾਗਾ
ਜ਼ਿਲਾ ਸ੍ਰੀ ਮੁਕਤਸਰ ਸਾਹਿਬ।