ਕੈਲਗਰੀ (ਕਨੇਡਾ) ਤੋਂ ਆਏ ਮਾਸਟਰ ਭਜਨ ਅਤੇ ਸਾਥੀਆਂ ਦਾ ਸਨਮਾਨ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਹਜ਼ਾਰ ਡਾਲਰ ਮੇਲੇ ਲਈ ਭੇਂਟ
ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) 7 ਨਵੰਬਰ ਤੋਂ ਜੋਸ਼-ਖਰੋਸ਼ ਨਾਲ ਸ਼ੁਰੂ ਹੋ ਰਹੇ ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਪੱਕੇ ਪੈਰੀਂ ਕਰਨ ਲਈ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਨੇ ਮੀਟਿੰਗ ਕਰਕੇ ਠੋਸ ਵਿਉਂਤਬੰਧੀ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੇਲੇ ਦੇ ਮੁੱਖ ਬੁਲਾਰੇ ਵਿਸ਼ਵ ਪ੍ਰਸਿੱਧ ਵਿਦਵਾਨ ਅਰੁੰਧਤੀ ਰਾਏ, ਨਿਊਜ਼ ਕਲਿੱਕ ਦੇ ਮੋਢੀ ਸੰਪਾਦਕ ਪ੍ਰਬੀਰ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਬੁੱਧੀਜੀਵੀ ਅਪੂਰਵਾਨੰਦ ਅਤੇ ਨਾਮਵਰ ਫ਼ਿਲਮਸਾਜ਼ ਸੰਜੇ ਕਾਕ ਦਾ ਮੇਲੇ ‘ਚ ਆਉਣਾ ਪੱਕਾ ਹੋ ਗਿਆ ਹੈ। 7 ਨਵੰਬਰ 2 ਵਜੇ ਚਿੱਤਰਕਲਾ ਉਦਘਾਟਨ ਅਤੇ 4 ਵਜੇ ਪੁਸਤਕ ਸਭਿਆਚਾਰ ਬਾਰੇ ਚਰਚਾ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ। ਇਸ ਮੌਕੇ ਵਿਛਡੇ ਨਾਮਵਰ ਕਵੀ ਸੁਰਜੀਤ ਪਾਤਰ, ਗਾਇਕ ਕੁਲਦੀਪ ਜਲੂਰ, ਹਰਬੰਸ ਹੀਓਂ ਨੂੰ ਸਿਜਦਾ ਕੀਤਾ ਜਾਏਗਾ। 8 ਨਵੰਬਰ ਹੋ ਰਹੇ ਕੁਇਜ਼, ਪੇਂਟਿੰਗ, ਭਾਸ਼ਣ, ਗਾਇਨ ਮੁਕਾਬਲਿਆਂ, ਚਿੱਤਰਕਲਾ, ਫੋਟੋ ਪ੍ਰਦਰਸ਼ਨੀ, ਕਵੀ ਦਰਬਾਰ, ਫ਼ਿਲਮ ਸ਼ੋਅ ਦੀਆਂ ਤਿਆਰੀਆਂ, ਲੰਗਰ, ਵਲੰਟੀਅਰ, ਮੇਲੇ ‘ਚ ਲੋੜੀਂਦੇ ਪ੍ਰਬੰਧਾਂ ‘ਤੇ ਝਾਤ ਮਾਰੀ ਗਈ। ਸੱਭਿਆਚਾਰਕ ਵਿੰਗ ਦੇ ਕਨਵੀਨਰ ਨੇ ਮੀਟਿੰਗ ‘ਚ ਦੱਸਿਆ ਕਿ ਚਕਰੇਸ਼ ਚੰਡੀਗੜ੍ਹ, ਕੇਵਲ ਧਾਲੀਵਾਲ, ਅਨੀਤਾ ਸ਼ਬਦੀਸ਼, ਬਲਰਾਜ ਸਾਗਰ, ਜਸਵਿੰਦਰ ਪੱਪੀ ਦੀ ਨਿਰਦੇਸ਼ਨਾ ‘ਚ ਚੰਡੀਗੜ੍ਹ, ਅੰਮ੍ਰਿਤਸਰ, ਮੁਹਾਲੀ, ਬਠਿੰਡਾ ਅਤੇ ਅੱਟੀ (ਗੋਰਾਇਆ) ਵਿਖੇ ਨਾਟਕਾਂ ਦੀ ਤਿਆਰੀ ਲਈ ਵਰਕਸ਼ਾਪਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਅਵਤਾਰ ਚੜਿਕ ਦੀ ਅਗਵਾਈ ‘ਚ ‘ਮੇਲੇ ਤੇ ਭੰਡ’ ਕਲਾ ਦਾ ਮੁਜਾਹਰਾ ਕਰਨ ਲਈ ਤਿਆਰੀਆਂ ਵਿੱਚ ਜੁੱਟ ਗਏ ਹਨ।
ਦੀਵਾਲੀ ਉਪਰੰਤ ਝੰਡੇ ਦੇ ਗੀਤ ਦੀ ਵਰਕਸ਼ਾਪ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਦੇ ਅੰਦਰ/ਬਾਹਰ ਲੱਗੇਗੀ। ਉਸ ਲਈ ਸੈਂਕੜੇ ਕਲਾਕਾਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਮੀਟਿੰਗ ‘ਚ ਦੱਸਿਆ ਗਿਆ ਕਿ ਪੰਜਾਬ ਦੀਆਂ ਸਮੂਹ ਲੋਕ-ਪੱਖੀ ਜੱਥੇਬੰਦੀਆਂ ਨੂੰ ਕਾਫ਼ਲੇ ਬੰਨ੍ਹਕੇ ਮੇਲੇ ‘ਚ ਸ਼ਾਮਲ ਹੋਣ, ਲੰਗਰ ਅਤੇ ਆਰਥਕ ਮੱਦਦ ਲਈ ਜਨਤਕ ਅਪੀਲ ਕੀਤੀ ਗਈ ਹੈ।
ਗ਼ਦਬੀ ਬਾਬਿਆਂ ਦਾ ਮੇਲਾ ਇਸ ਵਾਰ ਪਹਿਲਾਂ ਨਾਲੋਂ ਵੀ ਵਿਲੱਖਣ ਰੰਗ ਵਿੱਚ ਰੰਗੇ ਜਾਣ ਦੀਆਂ ਉਤਸ਼ਾਹਜਨਕ ਝਲਕਾਂ ਸਾਹਮਣੇ ਆ ਰਹੀਆਂ ਹਨ। 7, 8 ਅਤੇ 9 ਨਵੰਬਰ ਨੂੰ ਹੋ ਰਹੇ ਤਿੰਨ ਰੋਜ਼ਾ ਮੇਲੇ ਦੀ ਦਸਤਕ ਹੁੰਦਿਆਂ ਹੀ ਹਰ ਰੋਜ਼ ਪ੍ਰਦੇਸ਼ ਤੋਂ ਪਰਿਵਾਰਾਂ ਦੇ ਪਰਿਵਾਰ ਦੇਸ਼ ਭਗਤ ਯਾਦਗਾਰ ਹਾਲ ਆਉਣੇ ਸ਼ੁਰੂ ਹੋ ਗਏ ਹਨ। ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਦੀ ਮੀਟਿੰਗ ਉਪਰੰਤ ਕੈਲਗਰੀ (ਕਨੇਡਾ) ਤੋਂ ਆਏ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਮੁਖੀਏ ਮਾਸਟਰ ਭਜਨ, ਉਹਨਾਂ ਦੀ ਜੀਵਨ ਸਾਥਣ ਸੁਰਿੰਦਰ ਕੌਰ ਅਤੇ ਉਹਨਾਂ ਨਾਲ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਯਾਦਗਾਰ ਕਮੇਟੀ ਸੁਨੇਤ (ਲੁਧਿਆਣਾ) ਦੇ ਜਸਵੰਤ ਜੀਰਖ, ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਅਤੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚੌਧਰੀ, ਅਧਿਆਪਕ ਲਹਿਰ, ਸਾਹਿਤਕ ਸਰਗਰਮੀਆਂ ਅਤੇ ਜਗਰਾਓ ਲਾਇਬ੍ਰੇਰੀ ਦੇ ਕਾਮੇ ਮਾਸਟਰ ਜੋਗਿੰਦਰ ਆਜ਼ਾਦ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਭੇਂਟ ਕਰਕੇ ਨਿੱਘਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਮਾਸਟਰ ਭਜਨ ਨੇ ਕਨੇਡਾ ਵਿੱਚ ਪੁਸਤਕ ਸਭਿਆਚਾਰ, ਰੰਗ ਮੰਚ, ਵਿਚਾਰ-ਚਰਚਾਵਾਂ ਦੀਆਂ ਸਰਗਰਮੀਆਂ, ਗ਼ਦਰੀ ਬਾਬਿਆਂ ਦੇ ਮੇਲੇ ਦੇ ਹਕੀਕੀ ਸਰੂਪ ਬਾਰੇ ਚਰਚਾ ਕੀਤੀ। ਉਹਨਾਂ ਨੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਕਨੇਡਾ) ਦੀ ਤਰਫ਼ੋਂ ਇੱਕ ਹਜ਼ਾਰ ਡਾਲਰ ਗ਼ਦਰੀ ਬਾਬਿਆਂ ਦੇ ਮੇਲੇ ਲਈ ਮੱਦਦ ਦਾ ਐਲਾਨ ਕੀਤਾ। ਸੁਰਿੰਦਰ ਕੌਰ ਕੈਲਗਰੀ, ਜਸਵੰਤ ਜੀਰਖ, ਹਰਕੇਸ਼ ਚੌਧਰੀ ਅਤੇ ਜੋਗਿੰਦਰ ਆਜ਼ਾਦ ਨੇ ਵੀ ਗ਼ਦਰੀ ਮੇਲੇ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀਆਂ ਸਰਗਰਮੀਆਂ ਦੀ ਤਹਿ ਦਿਲੋਂ ਸ਼ਲਾਘਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਹਾਲ ਲਈ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਆਏ ਵਫ਼ਦ ਨੂੰ ਜੀ ਆਇਆਂ ਅਤੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਕਿਹਾ ਕਿ ਭਵਿੱਖ਼ ਵਿੱਚ ਇਹ ਸਭਿਆਚਾਰਕ ਸਾਂਝ ਦਾ ਪੁੱਲ ਬਣਿਆ ਰਹੇ। ਅੱਜ ਦੋਵੇਂ ਮੀਟਿੰਗਾਂ ਵਿੱਚ ਜਗਜੀਤ ਸਿੰਘ ਸੋਹਲ, ਕਰਨਲ ਜਗਦੀਸ਼ ਬਰਾੜ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly