ਇੰਦਰਜੀਤ ਕਮਲ
(ਸਮਾਜ ਵੀਕਲੀ) ਜਾਦੂ ਦਾ ਸ਼ੌਕ ਮੈਨੂੰ ਬਚਪਣ ਤੋੰ ਹੀ ਹੈ ਅਤੇ ਮੇਰੇ ਪਿਤਾ ਸ਼੍ਰੀ ਬਾਲ ਮੁਕੰਦ ਸ਼ਰਮਾ ਵੀ ਜਾਦੂ ਦੇ ਬਹੁਤ ਸ਼ੌਕੀਨ ਸਨ ਅਤੇ ਇਹਦੇ ਨਾਲ ਆਪਣੇ ਆਸਪਾਸ ਦੇ ਲੋਕਾਂ ਦਾ ਸ਼ੌਕੀਆ ਮਨੋਰੰਜਣ ਕਰਦੇ ਹੁੰਦੇ ਸਨ । ਮੇਰੀ ਸੱਤ ਸਾਲ ਦੀ ਉਮਰ ਵਿੱਚ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਜਾਣ ਕਾਰਨ ਮੈਂ ਉਹਨਾਂ ਦਾ ਸਾਥ ਤਾਂ ਨਹੀਂ ਮਾਣ ਸਕਿਆ , ਪਰ ਮੇਰੇ ਖੂਨ ਅੰਦਰ ਉਹਨਾਂ ਵਾਲੇ ਗੁਣ ਆ ਜਾਣਾ ਸੁਭਾਵਿਕ ਹੀ ਸੀ ।
ਖੈਰ ! ਚਲਦੇ ਹਾਂ ਅਸਲ ਵਿਸ਼ੇ ਵੱਲ । ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ , ਇਸ ਕਰਕੇ ਸ਼ੁਰੂ ਤੋਂ ਹੀ ਜਦੋਂ ਵੀ ਮੈਨੂੰ ਕਿਤੋਂ ਜਾਦੂ ਸਿੱਖਣ ਦੀ ਸੰਭਾਵਨਾ ਨਜ਼ਰ ਆਉਂਦੀ ਮੈਂ ਉਧਰ ਖਿੱਚਿਆ ਜਾਂਦਾ ਅਤੇ ਕੁਝ ਨਾ ਕੁਝ ਸਿੱਖ ਹੀ ਲੈਂਦਾ । ਹੌਲੀ ਹੌਲੀ ਸਕੂਲ ਦੇ ਵਕਤ ਵਿੱਚ ਹੀ ਮੈਂ ਬਹੁਤ ਸਾਰੇ ਜਾਦੂ ਸਿੱਖ ਲਏ ਅਤੇ ਯਾਰਾਂ ਦੋਸਤਾਂ ਦੀ ਮਹਿਫਲ ਦੇ ਨਾਲ ਨਾਲ ਰਿਸ਼ਤੇਦਾਰੀ ਜਾਂ ਕਿਸੇ ਵਿਆਹ ਸ਼ਾਦੀ ਵਿੱਚ ਜਾਣ ਵੇਲੇ ਬੱਚਿਆਂ ਦੇ ਝੁਰਮਟ ਦੀ ਵੀ ਪਹਿਲੀ ਪਸੰਦ ਹੁਣ ਤੱਕ ਬਣਿਆਂ ਰਹਿੰਦਾ ਹਾਂ ।
ਬਚਪਣ ਵਿੱਚ ਜਾਦੂ ਸਿੱਖਦੇ ਸਿੱਖਦੇ ਅਤੇ ਮਹਿਫਲਾਂ ਵਿੱਚ ਵਿਖਾਉਂਦੇ ਵਿਖਾਉਂਦੇ ਜਦੋਂ ਇਹਦੇ ਨਾਲ ਸਬੰਧਤ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਕਾਲਾ ਜਾਦੂ ਮੇਰੇ ਲਈ ਖਿੱਚ ਦਾ ਕੇਂਦਰ ਬਣ ਗਿਆ । ਸ਼ੁਰੂ ਤੋਂ ਹੀ ਮੇਰਾ ਸੁਭਾਅ ਹੈ ਕਿ ਜਦੋਂ ਕਿਸੇ ਕੰਮ ਵਿੱਚ ਮੇਰੀ ਦਿਲਚਸਪੀ ਵਧ ਜਾਂਦੀ ਹੈ ਤਾਂ ਮੈਂ ਉਸਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹਾਂ । ਕਿਸੇ ਕਿਤਾਬ ਵਿੱਚ ਪੜ੍ਹ ਲਿਆ ਕਿ ਉੱਲੂ ਦੀ ਖੋਪੜੀ ਵਿੱਚ 11 ਚੌਲ ਉਬਾਲਕੇ ਖਾਣ ਨਾਲ ਕਲਾ ਜਾਦੂ ਆ ਜਾਂਦਾ ਹੈ ( ਵਿਧੀ ਤਾਂ ਲੰਮੀ ਚੌੜੀ ਸੀ , ਜੋ ਇੱਥੇ ਲਿਖਣੀ ਕਥਾਸੰਗਤ ਨਹੀਂ ਲੱਗੀ )
ਕਈ ਮਹੀਨਿਆਂ ਦੀ ਜੱਦੋਜਹਿਦ ਤੋਂ ਬਾਅਦ ਇੱਕ ਮਰਿਆ ਉੱਲੂ ਮਿਲ ਗਿਆ ਅਤੇ ਮੇਰੀ ਆਸ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ । ਮੈਂ ਘਰਦਿਆਂ ਤੋਂ ਚੋਰੀ ਉੱਲੂ ਦੀ ਲਾਸ਼ ਲਿਆਕੇ ਆਪਣੀ ਛੱਤ ਉੱਤੇ ਛੁਪਾ ਲਈ ਅਤੇ ਉਹਦੀ ਖੋਪੜੀ ਵਿੱਚ 11 ਚੌਲ ਉਬਾਲਕੇ ਖਾਣ ਦੀ ਸਕੀਮ ਘੜਨ ਲੱਗਾ । ਮੇਰੀ ਇਸ ਸਕੀਮ ਦੀ ਖਬਰ ਘਰਦਿਆਂ ਨੂੰ ਲੱਗ ਗਈ ਅਤੇ ਸਕੀਮ ਘੜਦਾ ਘੜਦਾ ਮੈਂ ਖੁਦ ਹੀ ਘੜਿਆ ਗਿਆ ਅਤੇ ਸਕੀਮ ਠੁੱਸ ਹੋ ਗਈ ।
ਹੁਣ ਇਹ ਸਕੀਮ ਲੰਮੇ ਸਮੇਂ ਵਾਸਤੇ ਠੰਢੇ ਬਸਤੇ ਵਿੱਚ ਪਾਉਣ ਦਾ ਮਨ ਬਣਾਕੇ ਕਾਲਾ ਜਾਦੂ ਤਿਆਗਿਆ ਅਤੇ ਆਪਣਾ ਸ਼ੌਕ ਜਾਦੂ ਤੱਕ ਹੀ ਸੀਮਿਤ ਕਰ ਲਿਆ ਪਰ ਦਿਮਾਗ ਦੇ ਇੱਕ ਕੋਨੇ ਵਿੱਚ ਕਾਲਾ ਜਾਦੂ ਆਪਣੀ ਥਾਂ ਬਣਾ ਚੁੱਕਾ ਸੀ । ਜਾਦੂ ਦੇ ਕਈ ਸ਼ੌਕੀਨਾਂ ਨਾਲ ਵਾਹ ਪੈਂਦਾ ਰਿਹਾ ਅਤੇ ਆਪੋ ਆਪਣੇ ਜਾਦੂਆਂ ਦਾ ਉਹਨਾਂ ਨਾਲ ਅਦਾਨ ਪ੍ਰਦਾਨ ਵੀ ਹੁੰਦਾ ਰਿਹਾ । ਜ਼ਿਆਦਾ ਵਾਰ ਇੱਕ ਜਾਦੂ ਬਦਲੇ ਇੱਕ ਜਾਦੂ ਦਾ ਹੀ ਵਟਾਂਦਰਾ ਹੁੰਦਾ ਸੀ , ਪਰ ਜਦੋਂ ਕੋਈ ਜਾਦੂ ਜ਼ਿਆਦਾ ਹੀ ਪਸੰਦ ਆ ਜਾਂਦਾ ਤਾਂ ਸਾਹਮਣੇ ਵਾਲੇ ਦੀ ਅੜੀ ਨੂੰ ਵੇਖਕੇ ਉਹਨੂੰ ਉਸ ਜਾਦੂ ਬਦਲੇ ਇੱਕ ਤੋਂ ਵੱਧ ਜਾਦੂ ਵੀ ਸਿਖਾਉਣੇ ਪੈਂਦੇ ਸਨ।
80ਵੇਂ ਦਹਾਕੇ ਦੇ ਅੱਧ ਤੋਂ ਬਾਅਦ ਤਰਕਸ਼ੀਲ ਸੋਸਾਇਟੀ ਪੰਜਾਬ ਵੱਲੋਂ ਅੰਗਰੇਜ਼ੀ ਵਿੱਚ ਲਿਖੀ ਡਾਕਟਰ ਅਬ੍ਰਾਹਮ ਥਾਮਸ ਕਵੂਰ ਵੱਲੋਂ ਲਿਖੀ ਕਿਤਾਬ ਦਾ ਅਨੁਵਾਦ ਔਰ ਦੇਵ ਪੁਰਸ਼ ਹਾਰ ਗਏ ਪੜ੍ਹੀ ਤਾਂ ਖੋਜ ਵਾਸਤੇ ਇੱਕ ਨਵਾਂ ਰਾਹ ਮਿਲ ਗਿਆ । ਇਸ ਤੋਂ ਪਹਿਲਾਂ ਮੈਂ ਪੁਰਾਤਨ ਗ੍ਰੰਥਾਂ ਅਤੇ ਤੰਤਰ ਵਿਦਿਆ ਸੰਬੰਧੀ ਪੜ੍ਹੀਆਂ ਕਿਤਾਬਾਂ ਵਿੱਚਲੇ ਕਈ ਟੋਟਕੇ ਅਜਮਾ ਚੁੱਕਾ ਸਾਂ ਪਰ ਕਿਸੇ ਵਿੱਚ ਵੀ ਕਾਮਯਾਬ ਨਹੀਂ ਹੋ ਸਕਿਆ ਜਾਂ ਇੰਝ ਕਹਿ ਲਓ ਕਿ ਸਾਰੇ ਟੋਟਕੇ ਹੀ ਝੂਠ ਸਨ ।
ਹੁਣ ਮੈਂ ਤਰਕਸ਼ੀਲ ਸੋਸਾਇਟੀ ਵੱਲੋਂ ਛਪਣ ਵਾਲੀਆਂ ਹੋਰ ਕਿਤਾਬਾਂ ਦਾ ਇੰਤਜ਼ਾਰ ਕਰਨ ਲੱਗਾ ਅਤੇ ਮਿਲਦਿਆਂ ਹੀ ਪੜ੍ਹ ਲੈਂਦਾ । ਆਪਣੇ ਹੋਰ ਦੋਸਤਾਂ ਨੂੰ ਵੀ ਉਹ ਕਿਤਾਬਾਂ ਪੜ੍ਹਾਈਆਂ ਅਤੇ ਅਸੀਂ ਰਲਮਿਲ ਕੇ ਆਪਣੇ ਸ਼ਹਿਰ ਪੱਟੀ ਵਿੱਚ ਹੀ ਤਰਕਸ਼ੀਲ ਸੋਸਾਇਟੀ ਦੀ ਇਕਾਈ ਕਾਇਮ ਕਰਨ ਦਾ ਮਨ ਬਣਾਇਆ ਅਤੇ ਬਰਨਾਲਾ ਵਿਖੇ ਸ਼੍ਰੀ ਮੇਘਰਾਜ ਮਿੱਤਰ ਨੂੰ ਚਿੱਠੀਆਂ ਵੀ ਲਿਖੀਆਂ , ਪਰ ਕਈ ਦੋਸਤਾਂ ਦੇ ਘਰਦਿਆਂ ਨੂੰ ਜਦੋਂ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਹਨਾਂ ਨੂੰ ਇਸ ਕੰਮ ਤੋਂ ਸਖਤੀ ਨਾਲ ਰੋਕ ਦਿੱਤਾ ਗਿਆ ।
ਉਹਨਾਂ ਦਿਨਾਂ ਵਿੱਚ ਪੰਜਾਬ ਦੇ ਬੁਰੇ ਦਿਨ ਜ਼ੋਰਾਂ ਉੱਤੇ ਚੱਲ ਰਹੇ ਸਨ ਅਤੇ ਕੁਝ ਘਟਨਾਵਾਂ ਕਰਕੇ ਸਾਨੂੰ ਪੰਜਾਬ ਛੱਡ ਕੇ 1986 ਵਿੱਚ ਹਰਿਆਣਾ ਦੇ ਯਮੁਨਾਨਗਰ ਸ਼ਹਿਰ ਵਿੱਚ ਆਕੇ ਵੱਸਣਾ ਪਿਆ । ਯਮੁਨਾਨਗਰ ਆਕੇ ਕਈ ਨਵੇਂ ਜਾਣਕਾਰ ਬਣੇ ਜਿਹਨਾਂ ਵਿੱਚ ਅਦਾਕਾਰ , ਕਵੀ , ਲੇਖਕ ਅਤੇ ਕਈ ਤਰ੍ਹਾਂ ਦੇ ਬੁੱਧੀਜੀਵੀ ਸ਼ਾਮਲ ਸਨ । ਇੱਕ ਦਿਨ ਇੱਕ ਕਵੀ ਦੋਸਤ ਨੇ ਇੱਕ ਬਜ਼ੁਰਗ ਵਿਅਕਤੀ ਨਾਲ ਮੁਲਾਕਾਤ ਕਰਵਾਈ ਅਤੇ ਦੱਸਿਆ ਕਿ ਇਹ ਸ਼੍ਰੀ ਆਰ ਪੀ ਗਾਂਧੀ ਹਨ ਜੋ ਰੇਲਵੇ ਵਰਕਸ਼ਾਪ ‘ਚੋਂ ਇੱਕ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ । ਮੇਰਾ ਅਤੇ ਗਾਂਧੀ ਸਾਹਿਬ ਦਾ ਉਮਰ ਦਾ ਭਾਵੇਂ 35,36 ਵਰ੍ਹਿਆਂ ਦਾ ਫਰਕ ਸੀ ,ਪਰ ਮੈਨੂੰ ਇੱਕ ਹਮਖਿਆਲ ਸਾਥੀ ਮਿਲ ਗਿਆ । ਗਾਂਧੀ ਸਾਹਿਬ ਪਾਖੰਡਾਂ ਦਾ ਪੁਰਜ਼ੋਰ ਵਿਰੋਧ ਕਰਦੇ ਸਨ ਅਤੇ ਵਿਚਾਰਾਂ ਵੱਲੋਂ ਵੀ ਬਿਲਕੁਲ ਨਾਸਤਿਕ ਸਨ ।
ਮੈਂ ਗਾਂਧੀ ਸਾਹਿਬ ਨੂੰ ਪੰਜਾਬ ਵਿਚਲੀ ਤਰਕਸ਼ੀਲ ਸੋਸਾਇਟੀ ਬਾਰੇ ਦੱਸਿਆ ਅਤੇ ਯਮੁਨਾਨਗਰ ਵਿੱਚ ਇਕਾਈ ਕਾਇਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਸਲਾਹ ਕਰਕੇ Megh Raj Mitter ਜੀ ਨੂੰ ਇਸ ਸਬੰਧੀ ਇੱਕ ਪੱਤਰ ਲਿਖਿਆ । ਕੁਝ ਦਿਨਾਂ ਬਾਅਦ ਮਿੱਤਰ ਸਹਿਬ ਦਾ ਉੱਤਰ ਆਇਆ ਅਤੇ ਉਹਨਾਂ ਦੂਧਲਾ ਪਿੰਡ ਦੇ ਸਕੂਲ ਵਿੱਚ ਨੌਕਰੀ ਕਰ ਰਹੇ Lecturer Balwant Singh ਜੀ ਨੂੰ ਮਿਲਣ ਦੀ ਸਲਾਹ ਦਿੱਤੀ । ਅਸੀਂ ਦੋਵੇਂ ਸਕੂਟਰ ਲੈਕੇ ਦੂਧਲਾ ਪਿੰਡ ਦੇ ਸਕੂਲ ਵਿੱਚ ਪਹੁੰਚ ਗਏ ਅਤੇ ਸ਼੍ਰੀ ਬਲਵੰਤ ਸਿੰਘ ਨੂੰ ਮਿਲੇ ,ਉਹਨਾਂ ਸਾਨੂੰ ਬੜੇ ਵਧੀਆ ਢੰਗ ਨਾਲ ਸਮਝਾਇਆ ਅਤੇ ਜਾ ਰਹੇ ਸਕੂਲ ਦੇ ਹੀ ਇੱਕ ਬੱਚੇ ਨੂੰ ਬੁਲਾ ਕੇ ਉਹਨੂੰ ਸੰਮੋਹਿਤ ਕਰਕੇ ਸਾਨੂੰ ਸੰਮੋਹਨ ਕਲਾ ਬਾਰੇ ਜਾਣਕਾਰੀ ਦਿੱਤੀ । ਹੁਣ ਮੈਨੂੰ ਲੱਗਾ ਕਿ ਮੈਨੂੰ ਸਹੀ ਰਸਤਾ ਮਿਲਦਾ ਨਜ਼ਰ ਆਉਂਦਾ ਹੈ ।
ਯਮੁਨਾਨਗਰ ਆਕੇ ਮੈਂ ਕੁਝ ਨੌਜਵਾਨਾਂ ਉੱਤੇ ਸੰਮੋਹਨ ਕਲਾ ਦਾ ਤਜ਼ਰਬਾ ਕੀਤਾ ਜੋ ਇਸ ਕਰਕੇ ਵੀ ਕਾਮਯਾਬ ਰਿਹਾ ਕਿ ਉਹ ਮੇਰੀ ਜਾਦੂਕਲਾ ਤੋਂ ਪ੍ਰਭਾਵਤ ਸਨ । ਸ਼ੁਰੂ ਸ਼ੁਰੂ ਵਿੱਚ ਸੰਮੋਹਨ ਕਲਾ ਵੀ ਮੇਰੇ ਵਾਸਤੇ ਇੱਕ ਖੇਡ ਵਾਂਗ ਹੀ ਸੀ । ਖੈਰ ! ਅਸੀਂ ਤਰਕਸ਼ੀਲ ਸੋਸਾਇਟੀ ਹਰਿਆਣਾ (ਰਜੀ.) ਦੀ ਯਮੁਨਾਨਗਰ ਇਕਾਈ ਦਾ ਗਠਨ ਕਰ ਲਿਆ । ਜਾਦੂਕਲਾ ਤਾਂ ਮੇਰੇ ਕੋਲ ਹੈ ਹੀ ਸੀ ਜਿਹਨੇ ਸਾਡੇ ਤਰਕਸ਼ੀਲ ਪ੍ਰੋਗਰਾਮਾਂ ਵਿੱਚ ਸੋਨੇ ਉੱਤੇ ਸੁਹਾਗੇ ਦਾ ਕੰਮ ਕੀਤਾ ਅਤੇ ਲੋਕ ਜਾਦੂ ਦੇ ਲਾਲਚ ਵਿੱਚ ਸਾਡੀਆਂ ਗੱਲਾਂ ਸੁਣਨ ਲਈ ਬੈਠੇ ਰਹਿੰਦੇ ।
ਨਵਾਂ ਨਵਾਂ ਤਰਕਸ਼ੀਲ ਬਣਨ ਕਰਕੇ ਮੇਰੇ ਕੋਲ ਲੋਕਾਂ ਦੇ ਬਹੁਤ ਸਵਾਲਾਂ ਦੇ ਤਸੱਲੀਬਖਸ਼ ਉੱਤਰ ਨਹੀਂ ਸਨ ਜਿਸ ਕਰਕੇ ਮੈਂ ਢੇਰ ਕਿਤਾਬਾਂ ਪੜ੍ਹੀਆਂ ਤਾਂਕਿ ਲੋਕਾਂ ਦੇ ਸਵਾਲਾਂ ਦੇ ਉੱਤਰ ਦੇਣ ਦੇ ਕਾਬਲ ਹੋ ਸਕਾਂ । ਕਾਲਾ ਜਾਦੂ ਸਮਝਣ ਵਾਸਤੇ ਦਿਮਾਗ ਦਾ ਕੀੜਾ ਹਾਲੇ ਵੀ ਸ਼ਾਂਤ ਨਹੀਂ ਸੀ ਹੋਇਆ ਅਤੇ ਮੈਂ ਗਾਂਧੀ ਸਾਹਿਬ ਨਾਲ ਕਲਕੱਤਾ ( ਹੁਣ ਕੋਲਕਤਾ) ਜਾਣ ਦਾ ਪ੍ਰੋਗਰਾਮ ਬਣਾ ਲਿਆ ।
ਇੱਕ ਹਫਤਾ ਅਸੀਂ ਕਲਕੱਤਾ ਦੇ ਵੱਖ ਵੱਖ ਇਲਾਕਿਆਂ ਵਿੱਚ ਘੁੰਮੇ ਅਤੇ ਕਈ ਜਾਦੂ ਦਾ ਸਮਾਨ ਬਣਾਉਣ ਵਾਲੇ ਅਤੇ ਜਾਦੂ ਦੇ ਸ਼ੌਕੀਨਾਂ ਨੂੰ ਮਿਲੇ ਜਿਹਨਾਂ ਸਪਸ਼ਟ ਕੀਤਾ ਕਿ ਕਾਲਾ ਜਾਦੂ ਨਾਮ ਦੀ ਕੋਈ ਤਾਕਤ ਨਹੀਂ ਹੁੰਦੀ ਜੀ ਕਿਸੇ ਦਾ ਕੁਝ ਵਿਗਾੜ ਜਾਂ ਸਵਾਰ ਸਕੇ । ਬੱਸ ਬੰਗਾਲ ਉਂਝ ਹੀ ਕਾਲਾ ਜਾਦੂ ਵਾਸਤੇ ਮਸ਼ਹੂਰ / ਬਦਨਾਮ ਹੈ ।
ਹੁਣ ਤਾਂ ਕਈ ਵਰ੍ਹਿਆਂ ਤੋਂ ਦੁਨੀਆਂਭਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਨੇ ਕਿਸੇ ਵੀ ਚਮਤਕਾਰ ਕਰਕੇ ਵਿਖਾਉਣ ਵਾਲੇ ਲਈ ਕਰੋੜਾਂ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly