ਮਾਸਟਰ ਹਰਭਿੰਦਰ ਸਿੰਘ
(ਸਮਾਜ ਵੀਕਲੀ) ਰੌਸ਼ਨੀਆਂ ਦੇ ਪਰਵ ਦੀਵਾਲੀ ਮੌਕੇ ਝੁੱਗੀਆਂ, ਝੌਂਪੜੀਆਂ , ਕੋਠੀਆਂ ਅਤੇ ਮਹਿਲ ਮੁਨਾਰਿਆਂ ਉੱਤੇ ਰਾਤ ਨੂੰ ਬਲਦੇ ਦੀਵਿਆਂ ਦੀ ਲੋਅ, ਲਾਟੂਆਂ ਦੀ ਲਾਟ ,ਪਿਘਲਦੀਆਂ ਮੋਮਬੱਤੀਆਂ ਦੀ ਬਲਦੀ ਮੋਮ ਦਾ ਚਾਨਣ ਅਤੇ ਜਗ- ਮਗਾਉਂਦੀਆਂ ਬਿਜਲਈ ਲੜੀਆਂ ਦਾ ਆਕਰਸ਼ਣ ਜਿੱਥੇ ਦਿਲ ਖਿੱਚਵਾਂ ਤੇ ਮਨ ਟੁੰਬਵਾਂ ਹੁੰਦਾ ਹੈ ਉਥੇ ਹਰ ਸ਼ਖਸ ਵਾਸਤੇ ਅਸੀਮ ਖ਼ੁਸ਼ੀਆਂ ਦਾ ਸਬਬ ਵੀ ਬਣਦਾ ਹੈ।ਛੋਟੀ ਉਮਰ ਦੇ ਬਾਲਾਂ ਨੂੰ ਹੀ ਨਹੀਂ ਬਲਕਿ ਹਰ ਉਮਰ –ਵਰਗ ਦੇ ਮਨੁੱਖਾਂ ਵਾਸਤੇ ਚਾਨਣ ਦਾ ਚਮਕ-ਚਮਕਾਉਂਦਾ ਪੂਰਾ ਤਾਰਾ ਮੰਡਲ ਉੱਤੇ ਉੱਤਰ ਆਇਆ ਮਹਿਸੂਸਦਾ ਹੈ।
ਕ੍ਰਿਸ਼ਮਈ ਸ਼ਖਸੀਅਤਾਂ ਦੇ ਅਦਬ ਵਜੋਂ ਫੈਲਾਈਆਂ ਜਾਣ ਵਾਲੀਆਂ ਰੌਸ਼ਨੀਆਂ ਨੂੰ ਪਰਿਭਾਸ਼ਿਤ ਕਰਨਾ ਕਠਿਨ ਹੀ ਨਹੀਂ ਬਲਕਿ ਸਾਗਰ ਦੀ ਗਹਿਰਾਈ ਨਾਪਣਾ ਹੈ।ਦਿੱਖ ਤੋਂ ਚਾਨਣ ਜਾਂ ਰੌਸ਼ਨੀਆਂ ਕੁਦਰਤ ਦੀਆਂ ਸ੍ਰੇਸ਼ਟ ਪ੍ਰਜਾਤੀਆਂ ਮਨੁੱਖਾਂ ਵਾਸਤੇ ਖਿੱੱਚ ਦਾ ਖੁਸ਼ਨੁਮਾ ਸਰੋਤ ਰਹੀਆਂ।ਭਾਵੇਂ ਕਿ ਆਦਿ ਮਨੁੱਖ ਕਾਲ ਦੌਰਾਨ ਅੱਗ ਦੀ ਕਾਢ ਵੇਲੇ ਉਸ ਸਮੇਂ ਦਾ ਆਦਿਵਾਸੀ ਇਸ ਤੋਂ ਡਰ ਗਿਆ ਸੀ।
ਇਤਿਹਾਸਿਕ ਪੱਖਾਂ ਦੀ ਦ੍ਰਿਸ਼ਟੀ ਗੋਚਰ ਰੌਸ਼ਨੀਆਂ ਦਾ ਆਗਾਜ਼ ਮਨੁੱਖੀ ਮਨਾਂ ਦਾ ਦੈਵੀ,ਪਾਕ, ਪਵਿੱਤਰ ਅਤੇ ਰੂਹਾਨੀ ਮੁਜੱਸਮਿਆਂ ਪ੍ਰਤੀ ਅਦਬ ,ਸਤਿਕਾਰ, ਇੱਜ਼ਤ ਅਤੇ ਪਿਆਰ ਨੂੰ ਪ੍ਰਗਟਾਉਣ ਦਾ ਜ਼ਰੀਆ ਰਿਹਾ ਹੈ।
ਭਾਵੇਂ ਕਿ ਚਾਨਣ ਦੀਆਂ ਰੰਗ ਬਰੰਗੀਆਂ ਰਿਸ਼ਮਾਂ ਭਰੀ ਰਾਤ ਨੂੰ ਦੀਵਾਲੀ ਤਕ ਮਹਿਦੂਦ ਤਾਂ ਨਹੀਂ ਕੀਤਾ ਜਾ ਸਕਦਾ।ਸਿਰਫ ਇੱਕ ਦਿਨ ਦੀ ਭੌਤਿਕੀ ਦੀਪਮਾਲਾ ਰੌਸ਼ਨੀਆਂ ਦੀ ਪਹਿਚਾਣ, ਮਹੱਤਤਾ ਅਤੇ ਸਾਰਥਿਕਤਾ ਨੂੰ ਸਮਝਣ ਦੇ ਯੋਗ ਜਰੂਰ ਬਣਾਉਂਦੀ ਹੈ।
ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ,ਭਗਵਾਨ ਸ਼੍ਰੀ ਰਾਮ ਚੰਦਰ, ਅਤੇ ਮਹਾਤਮਾ ਬੁੱਧ ਵਰਗੀਆਂ ਦੈਵੀ,ਪਾਕ ਤੇ ਪਵਤਿਰ ਰੂਹਾਂ ਅਤੇ ਵਿਸ਼ਾਲ ਮਨੁੱਖਤਾਵਾਦੀ ਸੋਚਾਂ ਦੇ ਧਾਰਨੀ ਲੋਕ ਆਪਣੇ ਵਿਚਾਰਾਂ, ਆਦਰਸ਼ਾਂ, ਵਿਵਹਾਰਾਂ ਅਤੇ ਸਰਬੱਤ ਦੇ ਭਲੇ ਵਾਲੇ ਵਿਸ਼ਾਲ ਫਲਸਫੇ ,ਰਹਿਣੀ, ਬਹਿਣੀ ਤੇ ਕਰਨੀ ਸੰਗ ਹਨੇਰ ਗਰਦੀ ਦੇ ਦੌਰ ਵਿੱਚ ਸਹਿਕ ਰਹੀ ਇਨਸਾਨੀਅਤ ਨੂੰ ਆਪਣੇ ਨਿਵੇਕਲੇ, ਵਿਲੱਖਣ ਅਤੇ ਪਰ ਉਪਕਾਰੀ ਕਾਰਜਾਂ ਰਾਹੀਂ ਦੀਵਿਆਂ ਦੀ ਭਾਂਤ ਰੁਸ਼ਨਾਉਂਦੇ ਹਨ ਤਾਂ ਅਜਿਹੇ ਦੈਵੀ ਗੁਣਾਂ ਅਤੇ ਅਕਸ ਨਾਲ ਲਬਰੇਜ ਸਿੱਖਾਂ ਦੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੁ ਹਰਗਬਿੰਦ ਸਾiਹਿਬ ਜੀ 52 ਰਾਜਿਆਂ ਸਮੇਤ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਅ ਹੋ ਕੇ ਆਏ ਸਨ ਜੋ ਕਿ ਸਿੱਖ ਧਰਮ ਦੇ ਪੈਰੋਕਾਰਾਂ ਵਾਸਤੇ ਖੁਸ਼ੀ ਦਾ ਸਬਬ ਸੀ।ਇਸੇ ਪ੍ਰਕਾਰ ਹਿੰਦੂ ਧਰਮ ਦੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਆਪਣੀ ਮਾਤਾ ਕੈਕਈ ਵੱਲੋਂ ਦਿੱਤੇ 14 ਸਾਲਾਂ ਦਾ ਬਨਵਾਸ ਕੱਟਕੇ ਸੀਤਾ ਮਾਤਾ ਅਤੇ ਲਕਸ਼ਮਣ ਸਮੇਤ ਵਾਪਿਸ ਅਯੁੱਧਆ ਪੁੱਜੇ ਤਾਂ ਲੋਕਾਂ ਨੇ ਉੰਨ੍ਹਾਂ ਦੀ ਆਮਦ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ।
ਦੀਵਾਲੀ ਦਾ ਸਬੰਧ ਕੇਵਲ ਭਗਵਾਨ ਰਾਮ ਜਾਂ ਸ਼੍ਰੀ ਗੁਰੁ ਹਰਗੋਬਿੰਦ ਸਾੁਹਬ ਜੀ ਦੇ ਗ੍ਰਹਿ ਆਗਮਨ ਨਾਲ ਹੀ ਨਹੀਂ ਜੁੜਦਾ ਬਲਕਿ ਮਹਾਤਮਾ ਬੁੱਧ ਪੂਰੇ 18 ਸਾਲਾਂ ਬਾਅਦ ਆਪਣੇ ਅਨੁਯਾਈਆਂ ਨਾਲ ਕਪਿਲਵਸਤੂ ਸਥਾਨ ਤੇ ਪੁੱਜੇ ਤਾਂ ਲੋਕਾਂ ਨੇ ਦੀਪ ਮਾਲਾ ਕਰਕੇ ਆਪਣੀ ਖੁਸ਼ੀ ਪ੍ਰਗਟਾਈ।
ਮੌਜੂਦਾ ਸਮਿਆਂ ਦੇ ਸੰਦਰਭ ਵਿੱਚ ਪਦਾਰਥਵਾਦੀ ਬਿਰਤੀਆਂ ਨਾਲ ਓਤ ਪੋਤ ਸੋਚਣੀ ਦੇ ਪਸਾਰ ਸਦਕਾ “ਰੋੌਸ਼ਨੀਆਂ” ਦੀ ਬਜਾਇ “ਹਨ੍ਹੇਰ” ਪਸਰਨ ਦਾ ਮੂਲ ਕਾਰਨ ਪਦਾਰਥ ਦਾ ਬੋਲਬਾਲਾ ਅਤੇ ਮਨੁੱਖ ਤੋਂ ਮਨੁੱਖ ਦੀ ਵਧ ਰਹੀ ਦੂਰੀ ਹੀ ਹੈ।
ਰੌਸ਼ਨੀਆਂ ਫੈਲਾਉਣ ਦਾ ਅਹਿਦ ਕਰਦਿਆਂ ਅਜੋਕੇ ਯੁੱਗ ਵਿੱਚ ਚਾਰ ਚੁਫ਼ੇਰੇ ਫੈਲੇ ਨਾਕਾਰਤਮਕ ਵਿਚਾਰਾਂ iਖ਼ਲਾਫ਼ ਚੇਤਨਾ ਅਤੇ ਜਾਗਰੂਕਤਾ ਦਾ ਪਰਚਮ ਲਹਿਰਾਉਣਾ,ਮਾਨਵਤਾ ਦੇ ਦੁੱਖ -ਦਰਦ, ਗ਼ਰੀਬੀ, ਬਿਮਾਰੀ,ਲਾਚਾਰੀ ਬੇਬਸੀ ਨੂੰ ਧਰਤ ਮੰਡਲ ਤੋਂ ਮਨਫ਼ੀ ਕਰਨ ਦੇ ਯਤਨਾਂ ਵਿੱਚ ਜੁੱਟ ਜਾਣਾ ,ਲੋੜਵੰਦਾਂ ਦੀ ਯੋਗ ਮਦਦ ਕਰਨਾ, ਵਿਨਾਸ਼ਕਾਰੀ ਤੱਤਾਂ ਤੇ ਕੁਰੀਤੀਆਂ ਮਸਲਨ ਨਸ਼ਿਆਂ ਦੇ ਪ੍ਰਚਲਣ ,ਭ੍ਰਿਸ਼ਟਾਚਾਰ ਰਿਸ਼ਵਤਖੋਰੀ, ਬੇਰੁਜ਼ਗਾਰੀ , ਮਿਲਾਵਟਖੋਰੀ , ਕਾਲਾ ਬਾਜ਼ਾਰੀ iਖ਼ਲਾਫ਼ ਇੱਕ ਜੁੱਟ ਹੋ ਜਾਣਾ ਅਤੇ ਸਰਬੱਤ ਦੇ ਭਲੇ ਲਈ ਪਦਾਰਥਵਾਦੀ ਪਹੁੰਚ ,ਹਉਮੈ ਤੇ ਹੰਕਾਰ ਨੂੰ ਨਕਾਰਨਾ ਹੀ ਸਹੀ ਮਾਅਨਿਆਂ ਵਿੱਚ ਗੁਰੂਆਂ,ਪੀਰਾਂ,ਫਕੀਰਾਂ ਅਤੇ ਦੇਵੀ ਦੇਵਤਿਆਂ ਪ੍ਰਤੀ ਸੱਚੀ-ਸੁੱਚੀ ਸੇਵਾ ਭਾਵਨਾ ਅਤੇ ਸਤਿਕਾਰ ਹੋਵੇਗਾ।
ਆਓ ਸਰਬੱਤ ਦੇ ਭਲੇ ਤੋਂ ਪi੍ਰੇਰਤ ਹੋਕੇ ਸਭਨਾਂ ਦਾ ਭਲਾ ਕਰਨ ਦਾ ਅਹਿਦ ਲੈਂਦਿਆਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਅਹਿਦ ਲਈਏ।
ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ” ਪੁਰਾਣੀ ਮੰਡੀ,
ਮੰਡੀ ਮੁੱਲਾਂਪੁਰ(ਲੁਧਿਆਣਾ ) ਸੰਪਰਕ:94646-01001
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly