ਇਸ ਯੋਜਨਾ ਦੀ ਸ਼ੁਰੂਆਤ 2006 ਵਿੱਚ ਕੀਤੀ ਗਈ, ਜਿਸਦਾ ਮੁੱਖ ਉਦੇਸ਼ ਸਿੱਖਿਆ ਤੋਂ ਵੰਚਿਤ ਰਹਿ ਗਏ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਾ ਹੈ।
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ) ਬਠਿੰਡਾ ਦੀ ਗੁੱਡਵਿਲ ਸੁਸਾਇਟੀ ਪਿਛਲੇ ਚਾਰ ਦਹਾਕਿਆਂ ਤੋਂ ਲੋਕ ਭਲਾਈ ਦੇ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਸੰਸਥਾ ਨੇ ਸਮਾਜਿਕ ਭਲਾਈ ਲਈ ਕਈ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਲੋਕ ਭਲਾਈ ਦੇ ਕੰਮਾਂ ਨਾਲ ਸਿਰਫ਼ ਬਠਿੰਡੇ ਵਿਚ ਹੀ ਨਹੀਂ, ਸਗੋਂ ਸਾਰੇ ਪੰਜਾਬ ਵਿੱਚ ਹੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇਸ ਸੁਸਾਇਟੀ ਵਲੋਂ ਇੱਕ ਐਸੀ ਟਰਾਲੀ ਤਿਆਰ ਕੀਤੀ ਗਈ ਹੈ,ਜਿਸ ਨੂੰ ਲੋਕ “ਮਾਤਾ ਵਿਦਿਆ ਦੇਵੀ ਗੁੱਡਵਿਲ ਮੋਬਾਇਲ ਸਕੂਲ ਵੈਨ” ਦੇ ਨਾਂ ਤੋਂ ਜਾਣਦੇ ਹਨ, ਜੋ ਕਿ ਬੇਸਹਾਰੇ ਅਤੇ ਝੁੱਗੀ-ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਬੱਚਿਆਂ ਨੂੰ ਸਿੱਖਿਆ ਅਤੇ ਆਹਾਰ ਦੇ ਕੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਲਈ ਬਣਾਈ ਗਈ ਹੈ।
ਇਸ ਯੋਜਨਾ ਦੀ ਸ਼ੁਰੂਆਤ 2006 ਵਿੱਚ ਕੀਤੀ ਗਈ, ਜਿਸਦਾ ਮੁੱਖ ਉਦੇਸ਼ ਸਿੱਖਿਆ ਤੋਂ ਵੰਚਿਤ ਰਹਿ ਗਏ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਾ ਹੈ। ਇਹ ਸਿਰਫ਼ ਇੱਕ ਆਮ ਸਕੂਲ ਹੀ ਨਹੀਂ ਬਲਕਿ ਇੱਕ ਟਰਾਲੀ ਉੱਤੇ ਚਲਾਇਆ ਜਾਣ ਵਾਲਾ ਸਕੂਲ ਹੈ।ਜਿਸਦੀ ਵਰਤੋਂ ਇੱਕ ਮੋਬਾਈਲ ਸਕੂਲ ਵਜੋਂ ਕੀਤੀ ਜਾਂਦੀ ਹੈ। ਇਹ ਟਰਾਲੀ ਨੂੰ ਅਧੁਨਿਕ ਸਹੂਲਤਾਂ ਨਾਲ ਬਣਾਈਆ ਗਿਆ ਹੈ ਜਿਸ ਵਿੱਚ ਹਵਾ,ਪਾਣੀ ਅਤੇ ਬਿਜਲੀ ਦੀ ਸੁਵਿਧਾ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ।
ਟਰਾਲੀ ਸਕੂਲ ਵਿੱਚ 40 ਤੋਂ 45 ਬੱਚਿਆਂ ਨੂੰ ਦੋ ਸ਼ਿਫਟਾਂ ‘ਚ ਪੜ੍ਹਾਇਆ ਜਾਂਦਾ ਹੈ। ਇਹਨਾਂ ਬੱਚਿਆਂ ਨੂੰ ਇੱਕ ਸਾਲ ਤੱਕ ਬੁਨਿਆਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਦਾ ਦਾਖਲਾ ਕਿਸੇ ਨੇੜਲੇ ਸਰਕਾਰੀ ਸਕੂਲਾਂ ‘ਚ ਕਰਾਇਆ ਜਾਂਦਾ ਹੈ,ਫੇਰ ਟਰਾਲੀ ਨੂੰ ਕਿਸੇ ਹੋਰ ਸੱਲਮ ਏਰੀਏ ‘ਚ ਲਿਜਾਕੇ ਨਵਾਂ ਸੈਸ਼ਨ ਸ਼ੁਰੂ ਕੀਤਾ ਜਾਂਦਾ ਹੈ। ਇਸ ਤਰੀਕੇ ਨਾਲ ਟਰਾਲੀ ਸਕੂਲ ਨੇ ਪਿਛਲੇ ਕਈ ਸਾਲਾਂ ‘ਚ ਅਣਗਿਣਤ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਹੈ।
ਇਸ ਸਕੂਲ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਹਰ ਰੋਜ਼ ਕੁਝ ਖਾਣ ਲਈ ਵੀ ਦਿੱਤਾ ਜਾਂਦਾ ਹੈ, ਤਾਂ ਜੋ ਉਹਨਾਂ ਨੂੰ ਸਿਖਲਾਈ ਦੌਰਾਨ ਕਿਸੇ ਭੁੱਖ ਜਾਂ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਬੱਚਿਆਂ ਨੂੰ ਪਿਆਰ ਨਾਲ ਪੜ੍ਹਾਉਣਾ ਅਤੇ ਸਵਾਲ ਪੁੱਛਣ ਲਈ ਪ੍ਰੇਰਿਤ ਕਰਨਾ ਗੁੱਡਵਿਲ ਸੁਸਾਇਟੀ ਦਾ ਹੀ ਇਕ ਹਿੱਸਾ ਹੈ, ਜਿਸ ਨਾਲ ਬੱਚਿਆਂ ਦੇ ਵਿਅਕਤੀਗਤ ਵਿਕਾਸ ਨੂੰ ਨਵੀਂ ਦਿਸ਼ਾ ਮਿਲਦੀ ਹੈ।
ਇਸ ਪ੍ਰੋਗਰਾਮ ਦੇ ਮੁੱਖ ਆਰੰਭਕ ਅਤੇ ਸੁਸਾਇਟੀ ਦੇ ਮੈਂਬਰ ਸ਼੍ਰੀ ਕੇ.ਕੇ. ਗਰਗ ਹਨ, ਜੋ ਭਾਰਤੀ ਰੇਲਵੇ ਵਿਭਾਗ ‘ਚੋਂ ਇਲੈਕਟ੍ਰਿਕ ਇੰਜੀਨੀਅਰ ਦੇ ਉਹਦੇ ਤੇ ਸੇਵਾਮੁਕਤ ਹੋਏ ਹਨ। ਉਹਨਾਂ ਦਸਿਆਂ ਕਿ, ਉਹ ਆਪਣੀ ਨੌਕਰੀ ਦੇ ਦੌਰਾਨ ਰੇਲਵੇ ਲਾਈਨਾਂ ਦੇ ਨਜ਼ਦੀਕ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਘੁੰਮਦੇ ਦੇਖਦੇ ਸਨ, ਜਿਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੁੰਦੀ ਸੀ ਤਾਂ ਇਹ ਦ੍ਰਿਸ਼ ਉਹਨਾਂ ਨੂੰ ਅੰਦਰੋਂ- ਅੰਦਰੀ ਪਰੇਸ਼ਾਨ ਕਰਦੇ ਸਨ। ਉਹ ਹਮੇਸ਼ਾਂ ਸੋਚਦੇ ਸਨ ਕਿ ਇਹਨਾਂ ਬੱਚਿਆਂ ਲਈ ਕੁਝ ਕਰਨਾ ਚਾਹੀਦਾ ਹੈ। ਰਿਟਾਇਰਮੈਂਟ ਤੋਂ ਬਾਅਦ, ਗਰਗ ਜੀ ਨੇ ਆਪਣੀ ਸੋਸਾਇਟੀ ਦੇ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ 2006 ਤੋ ਖੁੱਲ੍ਹੇ ਮੈਦਾਨ ‘ਚ ਇਸ ਸਕੂਲ ਦੀ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਮੀਂਹ, ਹਨ੍ਹੇਰੀ ਤੋਂ ਆਈਆਂ ਮੁਸ਼ਕਿਲਾਂ ਨੂੰ ਵੇਖਦੇ ਹੋਏ ਇਸ ਸਕੂਲ ਨੂੰ ਇੱਕ “ਟਰਾਲੀ ਸਕੂਲ” ‘ਚ ਤਬਦੀਲ ਕੀਤਾ ਗਿਆ। ਜਿਸ ਦਾ ਉਦਘਾਟਨ ਬਠਿੰਡੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਜੀ ਵਲੋਂ ਕੀਤਾ ਗਿਆ।
ਹਾਲਾਂਕਿ ਸ਼ੁਰੂਆਤ ਵਿੱਚ ਸਾਧਨਾਂ ਦੀ ਘਾਟ ਅਤੇ ਵੱਡੇ ਚੈਲੈਂਜ ਸਾਹਮਣੇ ਆਏ, ਪਰ ਸੋਸਾਇਟੀ ਨੇ ਹੌਸਲਾ ਨਹੀਂ ਹਾਰਿਆ। ਆਸ-ਪਾਸ ਦੇ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਦੀ ਮਦਦ ਨਾਲ ਇਹਨਾਂ ਨੇ ਆਪਣੀ ਪਹਿਲ ਨੂੰ ਇੱਕ ਸਫਲ ਪ੍ਰੋਜੈਕਟ ਵਿੱਚ ਬਦਲ ਦਿੱਤਾ। ਹੁਣ ਤਕ, ਇਹਨਾਂ ਨੇ ਬਹੁਤ ਸਾਰੇ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਦੇ ਕੇ ਆਪਣੀ ਮੁੱਖਧਾਰਾ ਨਾਲ ਜੋੜਿਆ ਹੈ।
ਟਰਾਲੀ ਸਕੂਲ ਸਿਰਫ਼ ਇੱਕ ਸਿੱਖਿਆ ਪ੍ਰੋਗਰਾਮ ਨਹੀਂ ਹੈ, ਇਹ ਸਮਾਜਿਕ ਬਦਲਾਅ ਦਾ ਇੱਕ ਉੱਦਮ ਵੀ ਹੈ। ਇਹ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਜੇਕਰ ਸਮਾਜਿਕ ਸੰਸਥਾਵਾਂ ਅਤੇ ਵਿਅਕਤਗਤ ਯਤਨ ਇਕੱਠੇ ਕੰਮ ਕਰਨ, ਤਾਂ ਗਰੀਬੀ ਅਤੇ ਅਨਪੜਤਾ ਨੂੰ ਦੂਰ ਕੀਤਾ ਜਾ ਸਕਦਾ ਹੈ। ਗੁੱਡਵਿਲ ਸੁਸਾਇਟੀ ਦਾ ਇਹ ਯਤਨ ਸਾਨੂੰ ਸਿਖਾਉਂਦਾ ਹੈ ਕਿ ਹਰ ਬੱਚੇ ਨੂੰ ਪੜਨ ਦਾ ਹੱਕ ਹੈ, ਭਾਵੇਂ ਉਹ ਕਿਸੇ ਵੀ ਸਥਿਤੀ ਵਿੱਚ ਪੈਦਾ ਹੋਇਆ ਹੋਵੇ।
ਸੁਸਾਇਟੀ ਅਤੇ ਇਸ ਦੇ ਮੈਂਬਰਾਂ ਦੇ ਯਤਨਾਂ ਨਾਲ ਬਚਪਨ ਨੂੰ ਇਕ ਨਵੀਂ ਰਾਹਤ ਮਿਲੀ ਹੈ। ਇਹ ਪ੍ਰੋਗਰਾਮ ਸਿਰਫ਼ ਬਠਿੰਡੇ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਵੀ ਫੈਲਾਇਆ ਜਾਣਾ ਚਾਹੀਦਾ ਹੈ। ਟਰਾਲੀ ਸਕੂਲ ਸਮਾਜ ਲਈ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਕਿ ਜੇਕਰ ਇਰਾਦੇ ਸੱਚੇ ਹੋਣ, ਤਾਂ ਸਮਾਜਿਕ ਬਦਲਾਅ ਦੀਆਂ ਰਾਹਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ।
ਬਲਦੇਵ ਸਿੰਘ ਬੇਦੀ
ਜਲੰਧਰ
9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly