ਬੁੱਧ ਵਿਅੰਗ

ਸਾਹਿਤ ਦੇ ਮਹੰਤ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ) ਪੰਜਾਬੀ ਸਾਹਿਤ ਦੇ ਵਿੱਚ ਪ੍ਰਤੀਬੱਧ ਸਾਹਿਤਕਾਰ ਉਂਗਲਾਂ ਉੱਤੇ ਗਿਣੇ ਜਾਂਦੇ ਹਨ ਤੇ ਚੌਧਰੀਆਂ ਦੇ ਗੜਵਈ ਐਨੇ ਵੱਧ ਦੇ ਜਾ ਰਹੇ ਹਨ ਕਿ ਹਰ ਵਾਰ ਮੈਂਬਰ ਸੂਚੀ ਦੇ ਪੰਨੇ ਵੱਧ ਜਾਂਦੇ ਹਨ। ਕੀ ਲਿਖਣਾ, ਕਿਉਂ ਲਿਖਣਾ ਹੈ। ਇਸ ਗਿਆਨ ਤੋਂ ਕੋਰੇ ਗੜਵਈ ਮੂੰਹ ਉੱਤੇ ਛਿਕਲੀਆਂ ਪਾ ਕੇ ਰੱਖਦੇ ਹਨ। ਸਾਹਿਤ ਲਿਖਣ ਦਾ ਮਕਸਦ ਕੀ ਹੈ ? ਕੋਈ ਨਹੀਂ ਜਾਣਦਾ।
ਸਾਹਿਤ ਤੇ ਸ਼ਹਿਦ ਦੀ ਤਾਸੀਰ ਵਿੱਚ ਕੋਈ ਬਾਹਲ਼ਾ ਫ਼ਰਕ ਨਹੀਂ ਹੁੰਦਾ । ਦੋਵੇਂ ਮਨੁੱਖ ਲਈ ਗੁਣਕਾਰੀ ਹੁੰਦੇ ਹਨ । ਅਕਲ ਦਾ ਉਮਰ ਨਾਲ਼ ਕੋਈ ਸੰਬੰਧ ਨਹੀਂ ਹੁੰਦਾ ਪਰ ਜਾਗਦੇ ਤੇ ਸੁੱਤੇ ਵਿੱਚ ਫ਼ਰਕ ਹੁੰਦਾ ਹੈ । ਜੇ ਕੋਈ ਸੁੱਤਾ ਪਿਆ ਹੈ ਤਾਂ ਉਸ ‘ਤੇ ਰੋਸ ਕਰਨ ਦਾ ਕੋਈ ਕਾਰਨ ਨਹੀਂ ਹੁੰਦਾ ਪਰ ਜੇ ਕੋਈ ਜਾਗਦਾ ਮਨੁੱਖ ਚੁੱਪ ਵੱਟ ਜਾਵੇ, ਫੇਰ ਦੁੱਖ ਹੁੰਦਾ ਹੈ । ਕਹਿੰਦੇ ਹਨ ਕਿ ‘ਜਦੋਂ ਜਾਗੇ ਉਦੋਂ  ਸਵੇਰਾ’ ਹੁੰਦਾ ਹੈ। ਹੁਣ ਬਹੁ ਗਿਣਤੀ ਆਪਣੇ ਆਪ ਨੂੰ  ਪੜ੍ਹਿਆ-ਲਿਖਿਆ ਸਮਝਦੀ ਹੈ ਪਰ ਜਾਗਦੇ ਕਿੰਨੇ ਕੁ ਹਨ…?  ਆਟੇ ਵਿੱਚ ਲੂਣ ਬਰਾਬਰ ਵੀ ਨਹੀਂ । ਅਸਲ ਵਿੱਚ ਅਸੀਂ ਸੱਤਾਧਾਰੀ ਜਮਾਤ ਦੇ ਗੁਲਾਮ ਹੋ ਗਏ ਹਾਂ ।
ਸਦੀਆਂ ਹੀ ਨਹੀਂ, ਯੁੱਗਾਂ ਯੁਗਾਂਤਰਾਂ ਤੋਂ ਪੀੜ੍ਹੀ ਦਰ ਪੀੜ੍ਹੀ ਗੁਲਾਮੀ ਹੰਢਾਉਣੀ ਸਾਡਾ ਮਨ ਭਾਉਂਦਾ ਸ਼ੁਗਲ ਬਣ ਗਿਆ ਹੈ। ਇਸੇ ਕਰਕੇ ਸਾਡੇ ਲਹੂ ਵਿੱਚ ਗੁਲਾਮੀ ਤੇ ਗੱਦਾਰੀ ਰਚ ਮਿਚ ਗਈ ਹੈ। ਅਸੀਂ ਨਵਿਆਂ  ਲੇਖਕਾਂ ਨੂੰ ਮੁਢਲਾ ਗਿਆਨ ਨਹੀਂ ..ਤੇ ਵੱਡਿਆਂ ਨੂੰ ਸਾਡਾ ਧਿਆਨ ਨਹੀਂ । ਮਾਮਲਾ ਗੜਬੜ ਹੋ ਰਿਹਾ ਹੈ।  ਕੱਚਾ ਪਿੱਲਾ ਸਾਹਿਤ ਧੜਾਧੜ ਛਪ ਰਿਹਾ ਹੈ..।  ਨਵਿਆਂ ਨੂੰ ਸਮਝਾਉਣ ਵਾਲ਼ੇ ਖੁਦ ਦਿਸ਼ਾਹੀਣ ਹੋ ਗਏ ਹਨ। ਵੱਡੇ ਵੱਡੇ ਲੇਖਕਾਂ ਦੀ ਦਸ਼ਾ ਤੇ ਦਿਸ਼ਾ ਦਾ ਨਿਸ਼ਾਨਾ ਕਿਤੇ ਹੋਰ ਹੈ! ਇਸੇ ਕਰਕੇ ਲੋਕ ਅਧਕਚਰੇ ਗਿਆਨ ਨਾਲ਼ ਗੁਲਾਮੀ ਹੰਢਾਉਣ ਲਈ ਮਜਬੂਰ ਹਨ। ਚੰਗਾ ਸਾਹਿਤ ਰਚਣ ਵਾਲ਼ੇ ਪ੍ਰਤੀਬੱਧ ਲੇਖਕ ਹਾਸ਼ੀਏ’ ਤੇ ਧੱਕੇ ਗਏ ਹਨ ਤੇ ਜੁਗਾੜੀ ਤੇ ਮੱਠਾਂ ਦੇ ਮਹੰਤ ਹਰ ਪਾਸੇ ਚੌਧਰੀ ਬਣੇ ਬੈਠੇ ਹਨ…ਉਹ ਤਿੰਨਾਂ ਵਿੱਚ ਵੀ ਤੇ ਤੇਰਾਂ ਵਿੱਚ ਵੀ ਪ੍ਰਧਾਨ ਹੀ ਅਖਵਾਉਂਦੇ ਹਨ ।
ਬੁੱਕਲ਼ ਵਿਚ ਵੰਡੇ ਜਾਣ ਵਾਲ਼ੇ ਇਨਾਮਾਂ ਦੀ ਭੇਲੀ ਦਾ ਅੰਦਰਲਾ ਸੱਚ ਜਦੋਂ ਦਾ ਬਾਹਰ ਆਇਆ ਹੈ, ਵੱਡੇ  ਲੇਖਕ ਦੜ ਵੱਟ ਗਏ ਹਨ । ਹੁਣ ਉਹ ਬੋਲਦੇ ਈ ਨਹੀਂ ਜਦੋਂਕਿ ਆਪਣੀ ਮਿੱਟੀ ਅਤੇ ਮਾਂ ਬੋਲੀ ਨਾਲ਼ ਜੁੜੇ ਲੇਖਕ ਕਦੇ ਵੀ ਮੀਸਣੇ ਤੇ ਮੌਕਾਪ੍ਰਸਤ ਨਹੀਂ ਹੁੰਦੇ…
ਹੁਣ ਤਕ ਜੋ ਕੁਝ ਹੁੰਦਾ ਆਇਆ ਹੈ, ਉਸ ਤੇ ਸਵਾਲ ਖੜ੍ਹੇ ਹੋਣ ਤੇ ਕਿਸੇ ਦੇ ਕੋਲ਼ ਕੋਈ ਤਰਕਪੂਰਨ ਜਵਾਬ ਦੇਣ ਦੀ ਹਿੰਮਤ ਕਿਉਂ ਨਹੀਂ ਹੈ? ਇਹ ਮਰ ਚੁੱਕੀਆਂ ਜ਼ਮੀਰਾਂ ਵਾਲੇ ਕੌਣ ਲੋਕ ਹਨ ? ਉਹਨਾਂ ਦਾ ਸਾਹਿਤ ਲਿਖਣ ਦਾ ਅਸਲ ਮਨੋਰਥ ਤੇ ਪ੍ਰਯੋਜਨ ਕੀ ਹੈ..?
ਪੌੜੀਵਾਦ ਦਾ ਵਧ੍ਹ ਰਿਹਾ ਰੁਝਾਨ ਸਮਾਜ ਲਈ ਖਤਰਨਾਕ ਹੈ। ਸਾਡੀ ਮਾਨਸਿਕਤਾ ਨੂੰ ਕੀ ਹੋ ਗਿਆ ? ਅਸੀਂ ਸਨਸਨੀਖ਼ੇਜ਼ ਤੇ ਅੱਖਾਂ ਨੂੰ ਤੱਤਾ ਲੱਗਣ ਵਾਲ਼ਾ ਸਾਹਿਤ ਹੀ ਕਿਉਂ ਪੜ੍ਹਨਾ ਪਸੰਦ ਕਰਦੇ ਹਾਂ । ਸਾਨੂੰ ਇਸ ਦੀ ਚਾਟ ਉਤੇ ਕਿਸਨੇ ਲਗਾਇਆ ਹੈ ? ਟੀਵੀ ਨੇ ਜਾਂ ਲੇਖਕ ਨੇ ? ਜਦੋਂ ਕਿ ਸਾਹਿਤ ਦੀ ਹਰ ਸਤਰ ਜੋ ਕਿਤਾਬ ਵਿਚ ਲਿਖੀ ਜਾਂ ਟੀਵੀ ਤੇ ਬੋਲੀ ਜਾਂਦੀ ਹੈ, ਉਸਦਾ ਕੋਈ ਨਾ ਕੋਈ ਲੇਖਕ ਜ਼ਰੂਰ ਹੁੰਦਾ ਹੈ। ਹਰ ਲੇਖਕ ਤਾਂ ਨਹੀਂ, ਪਰ ਕੁਝ ਕੁ ਲੇਖਕਾਂ ਦੇ ਪਿੱਛੇ  ਕਾਰਪੋਰੇਟ ਜੁੰਡਲੀ ਹੈ। ਜੋ ਤੁਹਾਨੂੰ ਆਪਣੀ ਮਰਜ਼ੀ ਦਾ ਖਾਣ ਪੀਣ, ਸੂਟ ਬੂਟ ਪਾਉਣ ਤੇ ਲਿਸ਼ਕਣ ਪੁਸ਼ਕਣ ਦਾ ਦਾ ਸਮਾਨ ਵੇਚਦੀ ਹੈ। ਅੱਜਕਲ੍ਹ ਅਸੀਂ ਆਪਣੀ ਮਰਜ਼ੀ ਦਾ ਕੁਝ ਨਹੀਂ ਕਰਦੇ। ਸਾਨੂੰ ਮੀਡੀਆ ਦੱਸਦਾ ਹੈ, ਅਸਾਂ ਕੀ ਖਾਣਾ ਪੀਣਾ ਤੇ ਕਿਵੇਂ ਜੀਣਾ ਹੈ।
ਸਾਡੇ ਪੁਰਖਿਆਂ ਨੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ, ਇਹਨਾਂ ਪੰਜਾਂ ਵਿਕਾਰਾਂ ਨੂੰ ਮਨੁੱਖ ਦੇ ਮਿੱਤਰ ਅਤੇ ਦੁਸ਼ਮਣ, ਦੋਹਾਂ ਸ਼੍ਰੇਣੀਆਂ ਰੱਖਿਆ ਹੈ। ਇਹ ਪੰਜ ਹੀ ਸਾਡੇ ਉਪਰ ਭਾਰੂ ਹੋ ਗਏ ਹਨ ! ਪਰ ਹਰ ਕੰਮ ਵਿੱਚ ਕਾਮ, ਦਾਮ ਦਾ ਬੋਲਬਾਲਾ ਏਨਾ ਵਧ੍ਹ ਗਿਆ ਹੈ ਕਿ ਕੁਝ ਮਨੁੱਖ ਤਾਂ ਪਸ਼ੂ ਕਹਾਉਣ ਜੋਗੇ ਵੀ ਨਹੀਂ ਰਹੇ । ਪਸ਼ੂ, ਪੰਛੀਆਂ ਦਾ ਇਕ ਸਥਿਰ ਸੁਭਾਅ ਹੈ, ਕੁਦਰਤ ਨਾਲ਼ ਬੱਝਾ ਇਕ ਨਿਯਮ ਹੈ..ਪਰ ਅਸੀਂ ਤੇ ਗੋਲੇ ਕਬੂਤਰ ਤੇ ਕਦੇ ਮਿੱਠੂ ਤੋਤੇ ਵੀ ਬਣ ਜਾਂਦੇ ਹਾਂ !
ਗੋਲਿਆਂ ਕਬੂਤਰਾਂ ਤੇ ਮਿੱਠੂ ਤੋਤਿਆਂ ਦਾ ਸਾਰੇ ਹੀ ਪਾਸੇ ਦਬਦਬਾ ਵਧ੍ਹ ਰਿਹਾ ਹੈ। ਕੀ ਕਾਰਨ ਹੋ ਸਕਦਾ ਹੈ ਕਿ ਅਸੀਂ ਜੰਗਲ਼ ਵੱਲ ਤੁਰ ਪਏ ਹਾਂ। ਕਿਉਂ ਸਾਡੀ ਚੇਤਨਾ ਵਿੱਚ ਜੰਗਲ ਆਣ ਵੜਿਆ ਹੈ। ਕੌਣ ਹੈ ਜੋ ਸਾਨੂੰ ਜੰਗਲ ਵੱਲ ਹੱਕੀ ਜਾ ਰਿਹਾ ਹੈ?
ਦੀਦਾਰ ਸੰਧੂ ਦਾ ਲਿਖਿਆ ਤੇ ਗਾਇਆ ਗੀਤ ਚੇਤੇ ਆ ਗਿਆ ਹੈ।
ਕੁੜੀ- ਨਾ ਕਰ ਮੈਨੂੰ ਪਿਆਰ, ਪਿਆਰ ਕਰ ਔਖਾ ਹੋਵੇਗਾ
ਜਦ ਮੈਂ ਡੋਲੀ ਚੜ੍ਹਗੀ, ਕੀਹਦੇ ਗਲ਼ ਲੱਗ ਰੋਵੇਗਾ?
ਪਰ ਹੁਣ ਕੌਣ ਭਾਣਾ ਮੰਨ ਦਾ ਐ। ਅਗਲੇ ਸਿਵਿਆਂ ਤੱਕ ਜਾਂਦੇ ਹਨ।
ਕੌਣ ਹਨ ਉਹ ਸਾਹਿਤ ਦੇ ਚਵਲ਼ ? ਜਿਹੜੇ ਹਰ ਸਾਲ ਪੁਰਸਕਾਰ ਡੁਕਦੇ ਹਨ!
ਕੌਣ ਹਨ, ਉਹਨਾਂ ਦੇ ਸਰਪ੍ਰਸਤ ? ਜਿਹੜੇ ਉਹਨਾਂ ਦੇ ਨਾਂ ਪੇਸ਼ ਕਰਦੇ ਹਨ?
ਕਿਉਂ ਹੋ ਰਿਹਾ ਹੈ, ਸਮਾਜ ਵਿੱਚ ‘ਚਵਲ ਸਾਹਿਤ’ ਦਾ ਵਾਧਾ ?
ਸੋਚਣ ਤੇ ਸਮਝਣ ਦੀ ਲੋੜ ਹੈ।
ਤੁਹਾਡੇ ਆਲ਼ੇ ਦੁਆਲ਼ੇ ਕਿਹੜੇ ਕਿਹੜੇ ਚਵਲ਼ ਹਨ ? ਜੇ ਹਨ ਤਾਂ ਉਹਨਾਂ ਨੂੰ ਜਰੂਰ ਪੁੱਛੋ ਕਿ ਸਾਹਿਤ ਰਚਣ ਦਾ ਪ੍ਰਯੋਜਨ ਕੀ ਹੁੰਦਾ ਹੈ ਤੇ ਉਹ ਉਸ ਪ੍ਰਯੋਜਨ ਲਈ ਕੀ ਕਰਦੇ ਹਨ ਤੇ ਕਿਉਂ ਕਰਦੇ ਹਨ ?
“ਕੌਣ ਕਹੇ ਰਾਣੀਏ ਅੱਗਾ ਢਕ !”
ਜੇ ਕਿਸੇ ਨੂੰ ਸਬੂਤ ਚਾਹੀਦੇ ਹਨ ਤਾਂ ਮਿੱਤਰ ਸੈਨ ਮੀਤ ਦੀ ਹੁਣੇ ਛਪੀ ਕਿਤਾਬ “ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਕ ਸਿਆਸਤ” ਪੜ੍ਹ ਲਵੋ ਜਾਂ ਫੇਸਬੁਕ ਉਤੇ ਦੇਖ ਲਵੋ। ਪੰਜਾਬੀ ਦੇ ਚਵਲ਼ ਸਾਹਿਤਕਾਰਾਂ ਤੇ ਵਿਦਵਾਨਾਂ ਦਾ ਪਤਾ ਲੱਗ ਜਾਵੇਗਾ । ਇਨ੍ਹਾਂ ਸਵਾਲਾਂ ਦਾ ਕੌਣ ਦੇਵੇਗਾ ਜਵਾਬ ? ਕਵਿਤਾ ਦੇ ਜੇਠ ਤੇ ਦਿਉਰ ਘੱਟ ਹਨ, ਤੇ ਪਤੰਦਰ ਬਹੁਤ ਬਣ ਗਏ ਹਨ। ਸਾਹਿਤ ਦੇ ਇਹਨਾਂ ਮਹੰਤਾਂ ਦਾ ਗਿੱਧਾ ਪੈਂਦਾ ਹੈ।
ਇਹ ਹੁਣ ਸ਼ਹਿਰ ਤੇ ਬਜ਼ਾਰ ਵਿੱਚ ਵਧਾਈਆਂ ਮੰਗਣ ਜਾਂਦੇ ਹਨ। ਇਹਨਾਂ ਮਹੰਤਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਜਸਬੀਰ ਸਿੰਘ ਭੁੱਲਰ ਨੇ ਨਾਵਲ ਖਿੱਦੋ ਤੇ ਜਸਵਿੰਦਰ ਪੰਜਾਬੀ ਨੇ ਮੁਰਗਾਬੀਆਂ ਵਿੱਚ ਕੀਤਾ ਹੈ। ਅਗਲੇ ਸਮਿਆਂ ਵਿੱਚ ਕੋਈ ਹੋਰ ਵੀ ਇਹਨਾਂ ਦੇ ਪਰਦੇ ਉਤਾਰ ਰਿਹਾ ਹੈ। ਬਸ ਉਡੀਕ ਕਰੋ। ਉਦੋਂ ਤੱਕ ਇਹ ਕਹੋ ਕਿ ਇਹਨਾਂ ਨਾਲੋਂ ਤਾਂ ਪਹਿਲੇ ਚੰਗੇ ਸੀ। ਜਿਹਨਾਂ ਨੇ ਕੁੱਝ ਗਹਿਣੇ ਨਹੀਂ ਰੱਖਿਆ ਤੇ ਵੇਚਣ ਲਈ ਸਕੀਮ ਨਹੀਂ ਬਣਾਈ।

ਬੁੱਧ ਸਿੰਘ ਨੀਲੋੰ
94643 70823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article*ਸਰਕਾਰੀ ਪ੍ਰਾਇਮਰੀ ਸਕੂਲ ਗੋਦਾਰਾ ਦੇ ਅਧਿਆਪਕਾ ਨੂੰ ਨੋਟਿਸ ਕੱਢਣ ਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖ਼ਤ ਨਿਖੇਧੀ*
Next article*ਪਟਾਕਿਆਂ ਦੇ ਮਾਰੂ ਪ੍ਰਭਾਵ*