ਮਨਪ੍ਰੀਤ ਕੌਰ ਲੁਧਿਆਣਾ
(ਸਮਾਜ ਵੀਕਲੀ) ਜਦੋਂ ਬਲਜੀਤ ਨੂੰ ਪਤਾ ਲੱਗਾ ਓਹਦੀ ਨੂੰਹ ਤੇ ਧੀ ਦੋਨੋਂ ਹੀ ਮਾਂ ਬਣਨ ਵਾਲੀਆਂ ਹਨ। ਬਲਜੀਤ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਓਹ ਰੱਬ ਦਾ ਬਾਰ ਬਾਰ ਸ਼ੁਕਰਾਨਾ ਕਰ ਰਹੀ ਸੀ, ਏਨੇ ਸਮੇਂ ਬਾਅਦ ਘਰ ਵਿੱਚ ਖੁਸ਼ੀਆਂ ਜੋ ਆਉਣ ਵਾਲੀਆਂ ਸਨ। ਬਲਜੀਤ ਦੋਹਾਂ ਨੂੰ ਹਰ ਵੇਲੇ ਆਪਣਾ ਧਿਆਨ ਰੱਖਣ ਦੀਆਂ ਹਦਾਇਤਾਂ ਦੇਂਦੀ ਰਹਿੰਦੀ ਕੀ ਖਾਣਾ ਹੈ ਤੇ ਕੀ ਨਹੀਂ?ਬਲਜੀਤ ਕੋਲੋਂ ਆਪਣੀ ਖੁਸ਼ੀ ਛੁਪਾਈ ਨਾ ਛੁਪੀ ਤੇ ਉਸਨੇ ਆਪਣੀ ਨਾਲ ਦੀ ਸਹੇਲੀ ਨੂੰ ਚਾਅ ਚਾਅ ਨਾਲ ਆਪਣੇ ਦਾਦੀ ਤੇ ਨਾਨੀ ਬਣਨ ਬਾਰੇ ਦੱਸ ਹੀ ਦਿੱਤਾ। ਅੱਗੋਂ ਸਤਵੀਰ ਨੇ ਵੀ ਵਧਾਈ ਦੇਂਦੇ ਹੋਏ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ,ਕਿਉੰਕਿ ਜਦੋਂ ਤੱਕ ਅਜਿਹਾ ਕੁਝ ਨਹੀਂ ਸੀ ਤਾਂ ਬਲਜੀਤ ਅਕਸਰ ਸਤਵੀਰ ਮੁਹਰੇ ਦੁੱਖ ਫਰੋਲ ਆਪਣਾ ਮਨ ਹਲਕਾ ਕਰ ਲੈਂਦੀ ਸੀ। ਕੁੱਝ ਦਿਨ ਮਗਰੋਂ ਸਤਵੀਰ ਬਲਜੀਤ ਨੂੰ ਮਿਲਣ ਲਈ ਆਈ ਤੇ ਏਧਰ ਓਧਰ ਦੀਆਂ ਗੱਲਾਂ ਕਰਦੇ ਕਰਦੇ ਸਤਵੀਰ ਨੇ ਇੱਕੋ ਦਮ ਬਲਜੀਤ ਨੂੰ ਕਿਹਾ,” ਦੇਖ ਬਲਜੀਤ ਏਨੇ ਸਮੇਂ ਬਾਅਦ ਤੇਰੇ ਘਰ ਖੁਸ਼ੀ ਆਉਣੀ ਏ,ਤੂੰ ਕਿਉੰ ਨਾ ਦੀਪ ਤੇ ਵੌਹਟੀ ਨੂੰ ਕਹਿ ਕੇ ਟੈਸਟ ਕਰਵਾ ਲੈਣ ਕਿ ਸੱਚੀ ਖੁਸ਼ੀ ਹੈ ਨਾ ? ਕਿ ਕੁੱਝ ਹੋਰ ਤਾਂ ਨਹੀਂ।” ਬਲਜੀਤ ਉਸਦੀ ਗੱਲ ਸੁਣ ਹੈਰਾਨ ਹੋਈ ਪੁੱਛਣ ਲੱਗੀ ਕੀ ਮਤਲਬ ਭੈਣਜੀ? ਮੈਂ ਸਮਝੀ ਨਹੀਂ! ਅੱਗੋਂ ਸਤਵੀਰ ਹੌਲੀ ਜਹੇ ਬਲਜੀਤ ਦੇ ਕੰਨ ਕੋਲ ਆ ਬੋਲੀ ਭੈਣਜੀ ਮੇਰਾ ਮਤਲਬ ਹੈ ਕਿ ਦੀਪ ਦੀ ਵਹੁੱਟੀ ਦੀ ਕੁੱਖ ਵਿੱਚ ਮੁੰਡਾ ਹੀ ਹੈ ਨਾ ?ਕਿਤੇ ਧੀ ਤਾਂ ਨਹੀਂ ? ਇਹ ਸੁਣ ਬਲਜੀਤ ਇੱਕ ਦਮ ਅੱਗ ਬਬੁਲਾ ਹੋ ਬੋਲੀ ਭੈਣ ਜੀ ਕਿਵੇਂ ਦੀ ਗੱਲ ਕਰਦੇ ਹੋ? ਅਸੀਂ ਵੀ ਤਾਂ ਕਿਸੇ ਦੀਆਂ ਧੀਆਂ ਹੀ ਹਾਂ, ਨਾਲੇ ਮੈਂ ਆਪਣੀ ਨੂੰਹ ਨੂੰ ਇਸ ਟੈਸਟ ਲਈ ਕਿਵੇਂ ਕਹਿ ਸਕਦੀ ਹਾਂ? ਕੱਲ੍ਹ ਨੂੰ ਮੇਰੀ ਧੀ ਘਰ ਵੀ ਬੱਚਾ ਹੋਣ ਵਾਲਾ ਹੈ, ਜੇਕਰ ਓਸਨੂੰ ਓਸਦੇ ਸਹੁਰੇ ਵਾਲੇ ਇਸੇ ਟੈਸਟ ਲਈ ਕਹਿ ਦੇਣ ਤਾਂ ਮੈਂ ਬਰਦਾਸ਼ਤ ਕਰ ਸਕਾਂਗੀ? ਤੇ ਨਾਲੇ ਕੀ ਹੋਇਆ ਜੇਕਰ ਧੀ ਆ ਵੀ ਗਈ ਰਹੇਗੀ ਤਾਂ ਸਾਡੇ ਘਰ ਦੀ ਰੌਣਕ ਹੀ ਨਾ !ਮੈਂ ਤਾਂ ਦੋਨਾਂ ਦਾ ਚਾਅ ਕਰਾਂਗੀ! ਕਿਉੰਕਿ ਮੈਂ ਬੱਚੇ ਜੰਮਣ ਦੀ ਪੀੜ ਤੋਂ ਵਾਕਿਫ਼ ਹਾਂ,ਏਨਾ ਕਹਿ ਬਲਜੀਤ ਉੱਠ ਰੋਸਈ ਵੱਲ ਚਲੀ ਗਈ। ਬਲਜੀਤ ਦਾ ਇੱਕੋ ਦਮ ਜਵਾਬ ਸੁਣ ਸਤਵੀਰ ਚੁੱਪ ਹੋਈ ਸੋਚੀ ਪੈ ਗਈ ਕਿ ਸੱਚ ਮੁੱਚ ਵਿਆਹ ਕੇ ਲਿਆਂਦੀ ਨੂੰਹ ਵੀ ਤਾਂ ਕਿਸੇ ਘਰ ਦੀ ਪਹਿਲਾਂ ਧੀ ਹੀ ਹੈ।ਹੁਣ ਸਤਵੀਰ ਆਪਣੀ ਕਹੀ ਗੱਲ ਨੂੰ ਸੋਚ ਸੋਚ ਪਛਤਾ ਰਹੀ ਸੀ ਤੇ ਇਸ ਪਛਤਾਵੇ ਨਾਲ ਹੀ ਉੱਠ ਆਪਣੇ ਘਰ ਵੱਲ ਤੁਰ ਪਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly