ਸ਼ੀਸ਼ੇ ਦਾ ਜੰਗਲ

(ਸਮਾਜ ਵੀਕਲੀ)
ਇਹ ਜੋ ਸ਼ੀਸ਼ਿਆਂ ਦਾ ਜੰਗਲ ਹੈ ਮੁਸਕਰਾ ਰਿਹਾ।
 ਹੌਲੀ ਹੌਲੀ ਸ਼ਹਿਰ ਇਕ ਜਿਉਂਦੇ ਪਿੰਡ ਨੂੰ ਖਾ ਰਿਹਾ।
ਵੱਡੇ ਸ਼ੌਪਿੰਗ ਮਾੱਲ ਅੰਦਰ  ਕੌਣ ਖੜਾ ਭਮੱਤਰਿਆ ,
ਖ਼ੁਦ ਖੜਾ ਨੀਲਾਮ ਹੋਇਆ
ਖ਼ੁਦ ਦਾ ਭਾਅ ਲਗਾ ਰਿਹਾ।
ਪਾਣੀ ਪਾਣੀ ਹੋ ਗਿਆ ਉਹ ਆਪਣੀ ਨਜ਼ਰ ਦੇ ਸਾਹਮਣੇ
ਕਾਗਜ਼ੀ ਰਿਸ਼ਤੇ ਵਾਸਤੇ ਜੋ ਅੱਗ ਨੂੰ ਪਰਚਾ ਰਿਹਾ।
ਕੱਦ ਜਿਨਾਂ ਦੇ ਲੰਮ ਸਲੰਮੇ ਦਿਸਣ ਔਕਾਤਾਂ ਬੌਣੀਆਂ
ਪੱਥਰ‌ ਦਾ ਇਕ ਸ਼ਖਸ ਖ਼ੁਦ ਨੂੰ
ਕੱਚ ਦੇ ਵਸਤਰਾਂ ਛੁਪਾ ਰਿਹਾ।
 ਚਕਣਾ ਚੂਰ ਹੋ ਗਿਆ ਉਹ ਆਪਣੀ ਸਿਖਰ ਤੋਂ ਡਿੱਗ ਕੇ
ਮੋਢਿਆਂ ਤੇ ਚੁੱਕ ਖੁਦ ਨੂੰ ਜੋ ਕਬਰਾਂ ਵੱਲ ਨੂੰ ਜਾ ਰਿਹਾ।
ਕੱਲ ਹੱਟੀ ਹਿਜ਼ਰਤ ਕਰ ਗਈ
ਚੁੱਪ ਚਪੀਤੇ ਅਗਲੇ ਮੋੜ ਤੋਂ
ਬਾਜ਼ਾਰ ਦਾ ਬਘਿਆੜ ਉਹਦਾ
 ਹੱਕ ਉਜਰਤ ਖਾ ਰਿਹਾ।
ਦਰਿਆ ਦੀ ਅੱਖ ਚ ਅੱਥਰੂ ਮਿੱਟੀ ਦੀ ਰੂਹ ਚ ਰੋਸ ਕਿਉਂ
ਲਹੂ ਦੇ ਨਾਲ ਸੰਜਿਆ ਇਕ ਸੁਪਨਾ ਪਰਦੇਸ ਜਾ ਰਿਹਾ।
ਹਲ ਪੰਜਾਲੀ ਕਹੀ ਦਾਤੀ ਅੱਜ ਖੇਤਾਂ ਚ ਸੂਲੀ ਹੋ ਗਏ
ਤੇ ਖੰਜਰਾਂ ਦੀ ਬਲਗਣ ਚ ਸੂਹਾ ਗੁਲਾਬ ਛੱਟਪਟਾ ਰਿਹਾ।
ਇਕ ਚਿਹਰੇ ਚ ਕਿੰਨੇ ਚਿਹਰੇ ਮਖੌਟਾ ਹੋ ਗਏ
ਵੇਖ ਵੇਖ ਕੇ ਸ਼ੀਸ਼ਾ ਵੀ ਖੁਦ ਖੁਦ ਸ਼ਰਮਾ ਰਿਹਾ।
ਖੇਤ ਸਿਮਟ ਕੇ ਰਹਿ ਗਏ ਇਕ ਦੋ ਕਨਾਲ ਕੋਠੀ
ਓਰਾ ਓਰਾ ਜਮੀਨ ਨੂੰ ਚਿੱਟਾ ਚਿੱਟਾ ਦੀਮਕ  ਖਾ ਰਿਹਾ।
ਅਵਤਾਰਜੀਤ
Previous articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਸੜਕ ਤੇ ਧਰਨਾ ਲਾਕੇ ਕੀਤਾ ਟ੍ਰੈਫਿਕ ਜਾਮ
Next articleਬੁੱਧ ਕਵਿਤਾ