ਸਮਾਜ ਵੀਕਲੀ ਯੂ ਕੇ-
ਇਜ: ਵਿਸ਼ਾਲ ਖੈਰਾ -99889-13417 ਵਾਸਤਵਿਕ ਕਲਮ ਤੋਂ
ਜਿਸ ਸਮਾਜ ਦੇ ਪੜੇ ਲਿਖੇ /ਬੁੱਧੀਮਾਨ ਵਿਆਕਤੀ ਆਪਣੇ ਸਮਾਜ ਦੇ ਹੱਕਾਂ ਪ੍ਰਤੀ ਇਮਾਨਦਾਰ, ਤਿਆਗਵਾਨ ਅਤੇ ਜਾਗਰੁਕ ਹੋਣ ਉਸ ਸਮਾਜ ਨੂੰ ਦੂਜਾ ਵਰਗ ਸਰੀਰਕ/ਮਾਨਸਿਕ ਗੁਲਾਮ ਕਦਈ ਨਹੀਂ ਬਣਾ ਸਕਦਾ।
ਜਿਸ ਸਮਾਜ ਦੇ ਪੜੇ ਲਿਖੇ/ਬੁੱਧੀਮਾਨ ਵਿਆਕਤੀ ਆਪਣੇ ਸਮਾਜ ਦੇ ਹੱਕਾਂ ਪ੍ਰਤੀ ਇਮਾਨਦਾਰ, ਤਿਆਗਵਾਨ ਅਤੇ ਜਾਗਰੁਕ ਹੋਣ ਦੇ ਬਾਵਯੂਦ ਆਪਣੇ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਨਾ ਸਮਝਣ, ਸਗੋਂ ਘੇਸਲੇ ਹੋਣ, ਅਣਜਾਣ ਹੋਣ ਦਾ ਨਾਟਕ ਕਰਨ ਅਤੇ ਸਮਾਜ ਦੇ ਕ੍ਰਾਂਤੀਕਾਰੀ ਮਹਾਪੁਰਸ਼ਾਂ ਦੀ ਬਦੌਲਤ ਚੰਗਾ ਖਾਣ ਪੀਣ ਅਤੇ ਪਹਿਨਣ ਲੱਗ ਜਾਣ/ਨੌਕਰੀਆਂ ਤੇ ਲੱਗ ਜਾਣ, ਉਹ ਸਮਾਜ ਦੂਜੇ ਵਰਗ ਦੁਆਰਾ ਸਰੀਰਕ /ਮਾਨਸਿਕ ਗੁਲਾਮ ਬਣਾਉਣਾ ਕੋਈ ਮੁਸ਼ਕਿਲ ਨਹੀਂ ਅਤੇ ਸਗੋਂ ਉਹ ਖੁੱਦ ਗੁਲਾਮ ਹੋਣ ਲਈ, ਦੁਸ਼ਮਣ ਦਾ ਕੰਮ ਆਸਾਨ ਕਰ ਦਿੰਦਾ ਹੈ। ਇਹ ਸਾਡੀ ਅੱਜ ਸਮੱਸਿਆ ਹੈ।
ਇਸ ਲਈ ਕਿਸੇ ਵੀ ਸਮਾਜ ਨੂੰ ਸੰਪੂਰਨ ਤੌਰ ਤੇ ਸੁਤੰਤਤਰ ਹੋਣ ਲਈ, ਉਸ ਸਮਾਜ ਦੇ ਪੜੇ ਲਿਖੇ /ਬੁੱਧੀਮਾਨ ਵਿਦਵਾਨਾ ਨੂੰ, ਆਪਣੇ ਸਮਾਜ ਦੇ ਸਪੂਰਨ ਹੱਕਾਂ ਪ੍ਰਤੀ, ਇਮਾਨਦਾਰੀ ਨਾਲ, ਸੰਪੂਰਨ ਤਿਆਗਵਾਨ ਅਤੇ ਜਾਗਰੁਕ ਹੋਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਅਤੇ ਸਮਾਜ ਦੀਆਂ ਜਿੰਮੇਵਾਰੀਆਂ ਪ੍ਰਤੀ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਸਮਾਜ ਸੁਧਾਰਕ ਵੱਜੋਂ ਤਿਆਗਵਾਨ ਰਹਿਣਾ ਚਾਹੀਦਾ ਹੈ।
ਦੁਜੀ ਤਰਫ ਸਮਾਜ ਨੂੰ ਇਸ ਗੱਲ ਦਾ ਇਲਮ ਹੋਣਾ ਉਨਾਂ ਹੀ ਜਰੂਰੀ ਹੈ ਕਿ ਜੋ ਸਾਡੇ ਹੱਕਾਂ ਦੀ ਗੱਲ ਕਰਨ ਲਈ ਸੰਪੂਰਨ ਤਿਆਗਵਾਨ ਸਮਾਜ ਸੁਧਾਰਕ ਸੇਵਾ ਕਰ ਰਿਹਾ ਹੈ ਉਸ ਦਾ ਹਰ ਪੱਖੋ ਸਹਿਯੋਗ ਕੀਤਾ ਜਾਵੇ।
ਇੱਕ ਸਮਾਜ ਸੁਧਾਰਕ/ਸੋਸ਼ਲ ਵਰਕਰ – ਅੱਜ ਕੱਲ ਇਹ ਆਮ ਅਤੇ ਪ੍ਰਚੱਲਿਤ ਧਾਰਨਾ ਹੈ ਕਿ ਇੱਕ ਸਮਾਜ ਸੁਧਾਰਕ ਉਹ ਹੁੰਦਾ ਹੈ, ਜਿਸ ਦਾ ਮੁੱਖ ਉਦੇਸ਼ ਸਮੁੱਚੇ ਭਾਈਚਾਰੇ ਅਤੇ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ‘ਤੇ ਧਿਆਨ ਕੇਂਦਰਿਤ ਕਰਨਾ ਜੋ ਕਮਜ਼ੋਰ, ਦੱਬੇ-ਕੁਚਲੇ ਅਤੇ ਗਰੀਬੀ ਵਿੱਚ ਰਹਿ ਰਹੇ ਹਨ, ਉਨ੍ਹਾਂ ਦੀਆਂ ਬੁਨਿਆਦੀ (ਰੋਟੀ, ਕੱਪੜਾ ਅਤੇ ਮਕਾਨ) ਲੋੜਾਂ ਨੂੰ ਹੀ ਸਿਰਫ ਪੂਰਾ ਕਰਨ ਵਿੱਚ ਮਦਦ ਕਰਨਾ ਹੁੰਦਾ ਹੈ । ਉਹ ਪ੍ਰਸ਼ਾਸ਼ਿਨਿਕ ਅਧਿਕਾਰੀਆਂ ਤੇ ਦਬਾਵ ਬਣਾ ਕੇ ਉਨ੍ਹਾ ਦੀਆਂ ਉੱਕਤ ਸਮੱਸਿਆਵਾਂ ਨੂੰ ਪੂਰਾ ਕਰਨ ਦੀ ਕੋਸਿਸ਼ ਕਰਦਾ ਹੈ।
ਉਕੱਤ ਗੱਲ ਗਲਤ ਵੀ ਨਹੀ ਹੈ ਪਰ ਇਹ ਮੰਤਵ/ਕੰਮ (ਵਸਤੂਆਂ ਦੇਣਾ ਜਾਂ ਪੰਚਾਇਤਾਂ, ਥਾਣੇ ਕਚਹਿਰੀਆਂ ਵਿੱਚ ਮਦਦ ਕਰਨਾ) ਸਮਾਜ ਸੁਧਾਰਕ ਦੀ ਪਰਿਭਾਸ਼ਾ ਤੋਂ ਬਹੁਤ ਹੇਠਾਂ ਰਹਿ ਜਾਂਦਾ ਹੈ ਕਿਉਂਕਿ ਇਹ ਸਿਲਸਿਲਾ ਕਦੇ ਖਤਮ ਹੋਣ ਵਾਲਾ ਨਹੀ ਹੈ।, ਭਾਵ ਮੰਤਵ ਬਹੁਤ ਛੋਟਾ ਹੈ, ਕਿਉਂਕਿ ਸਮਾਜ ਸੁਧਾਰਕ ਦੀ ਜਿੰਮੇਵਾਰੀ, ਸਮਾਜ ਦੀਆ ਉਹ ਗੈਰ ਰਾਜਨੀਤਕ ਸਮਾਜਿਕ ਜੜ੍ਹਾਂ (ਸਿਖਿਆ, ਸਿਹਤ, ਧਰਮ ਅਤੇ ਵਪਾਰ ਕਰਨ ਦੇ ਤੌਰ ਤਰੀਕੇ) ਨੂੰ ਮਜਬੂਤ ਕਰਨਾ ਹੈ, ਜਿਸ ਨਾਲ ਸਧਾਰਣ ਵਰਗ ਗਿਆਨ/ਜਾਗਰੁਕਤਾ ਰਾਹੀਂ ਅਗਿਆਨਤਾ ਨੂੰ ਦੂਰ ਕਰਦੇ ਹੋਏ ਆਪਣੀਆ ਬੁਣਿਆਦੀ ਜਰੂਰਤਾਂ (ਰੋਟੀ, ਕੱਪੜਾ ਅਤੇ ਮਕਾਨ) ਨੂੰ ਖੁੱਦ ਹੀ ਪੂਰਾ ਕਰਦਾ ਹੈ। ਉਹ ਰੋਜ਼ ਦੀ, ਦੋ ਪਲ ਦੀ, ਰੋਟੀ ਦਾ ਮੁਹਤਾਜ ਨਹੀਂ ਰਹਿੰਦਾ ਸਗੋਂ ਉਹ ਆਪਣੇ ਗਿਆਨ ਸਦਕਾ ਸਾਰੀ ਉਮਰ ਆਪਣੀ ਰੋਟੀ ਦਾ ਇੰਤਜਾਮ ਖੁੱਦ ਕਰਨ ਵਿੱਚ ਸਖਸ਼ਮ ਹੋ ਜਾਂਦਾ ਹੈ।
ਸਮਾਜ ਸੁਧਾਰਕ ਅਤੇ ਉਸਦਾ ਤਿਆਗ – ਇੱਕ ਸਮਾਜ ਸੁਧਾਰਕ ਆਪਣੀਆਂ ਨਿੱਜੀ ਖੁਆਇਸ਼ਾ, ਦੁੱਖ–ਸੁੱਖ, ਐਸ਼ੋ-ਅਰਾਮ ਅਤੇ ਪਰਿਵਾਰਕ ਰਿਸ਼ਤਿਆਂ ਦਾ ਮੁਕੰਮਲ ਤਿਆਗ ਕਰਕੇ, ਆਪਣੇ ਸਮਾਜ ਨੂੰ ਜਾਗਰੂਕ (ਭਾਵ, ਜਿਸ ਵਿਆਕਤੀ ਨੂੰ ਆਪਣੀਆਂ ਖੂਬੀਆਂ ਅਤੇ ਕਮੀਆਂ ਬਾਰੇ ਪਤਾ ਹੋਵੇ, ਜਿਸ ਨੂੰ ਦੁਸ਼ਮਣ ਦੀਆਂ ਖੂਬੀਆਂ ਅਤੇ ਕਮੀਆਂ ਦਾ ਪਤਾ ਹੋਵੇ ਅਤੇ ਆਪਣੇ ਮਹਾਪੁਰਸ਼ਾ ਦੇ ਇਤਿਹਾਸ ਬਾਰੇ ਪਤਾ ਹੋਵੇ) ਕਰਨ ਦੇ ਮਕਸਦ ਨਾਲ ਸਮਾਜ ਦਾ ਸੁਧਾਰ ਕਰਨ ਦੀ ਕੋਸਿਸ਼ ਕਰਦਾ ਹੈ, ਜਿਸ ਦਾ ਮੁੱਖ ਉਦੇਸ਼ ਆਪਣੀ ਨਿੱਜੀ ਜਰੂਰਤਾਂ ਦੀ ਪ੍ਰਵਾਹ ਕੀਤੇ ਬਿਨ੍ਹਾ, ਸਮਾਜ ਨੂੰ , ਉਨ੍ਹਾਂ ਦੀਆਂ ਬੁਨਿਆਦੀ ਜਰੂਰਤਾਂ ਜਿਵੇਂ ਸਿੱਖਿਆ, ਚਕਿਤਸਾ,ਵਪਾਰ ਅਤੇ ਇਤਿਹਾਸ ਤੋਂ (ਵਿਗਿਆਨਕ ਤੱਥਾਂ ਰਾਹੀਂ ) ਜਾਗਰੁਕ ਕਰਵਾਉਂਣਾ ਹੁੰਦਾ ਹੈ। ਜੇਕਰ ਉਸ ਤੇ, ਉਸ ਨਾਲ ਸਬੰਧਤ ਸਮਾਜ ਵਿਸ਼ਵਾਸ ਕਰੇ ਅਤੇ ਉਸ ਦੇ ਮੋਢੇ ਨਾਲ ਮੋਢੋ ਜੋੜ ਕੇ ਖੜੇ ਤਦ ਹੀ ਇਸ ਸੰਘਰਸ਼ ਵਿੱਚ ਉਹ ਕਾਮਯਾਬ ਹੋ ਸਕਦਾ ਹੈ ਪਰ ਦੁੱਖ ਦੀ ਗੱਲ ਹੈ, ਅਜੀਹਾ ਹੋ ਨਹੀਂ ਰਿਹਾ ਹੈ।
ਸੱਭ ਤੋਂ ਵੱਧ ਜਿੰਮੇਵਾਰੀਆਂ ਤਿਆਗ ਅਤੇ ਕਠਿਨਾਈਆਂ ਵੀ ਇੱਕ ਸੋਸ਼ਲ ਵਰਕਰ/ਸਮਾਜ ਸੁਧਾਰਕ ਦੇ ਹਿੱਸੇ ਹੀ ਆਉਂਦੀਆਂ ਹਨ, ਜਿਸ ਨੂੰ ਨਾ ਤਾਂ ਕੋਈ ਇੰਨਕਮ ਦਾ ਸਾਧਨ ਹੁੰਦਾ ਹੈ, ਨਾ ਰਾਜਨਿਤਕ ਸਹੂਲਤਾਂ, ਇੱਥੋਂ ਤੱਕ ਦੇਸ਼ ਵਿਦੇਸ਼ ਵਿੱਚ ਵੱਸਦੇ ਜਿਆਦਾਤਰ ਐਨ. ਆਰ. ਆਈ ਤਾਂ ਦੂਰ ਜਿਹਨਾਂ ਦੇ ਕਰਕੇ ਉਹ ਸੂਰਜ ਬਣ ਸਮਾਜ ਵਿੱਚ ਨਿਕਲਦਾ ਹੈ, ਉਹ ਸਮਾਜ ਦੇ ਸਹਿਯੋਗ ਤੋਂ ਵੀ ਵਾਂਝਾ ਹੀ ਤੁਰਿਆ ਚੱਲਦਾ ਹੈ।
ਸਮਾਜ ਸੁਧਾਰਕ ਦੀ ਜਰੂਰਤ/ਕਾਰਨ ਅਤੇ ਮੁੱਢ :- ਸਮਾਜ ਸੁਧਾਰਕ ਦੀ ਸਮਾਜਿਕ ਲੜਾਈ ਦਾ ਮੁੱਖ ਕਾਰਨ, ਸਮਾਜਿਕ ਅਵਿਗਿਆਨਕ ਦ੍ਰਿਸ਼ਟੀਕੋਣ, ਅਗਿਆਨਤਾ, ਅਸਿਖਿਅਕ ਸਮਾਜ, ਸਮਾਜ ਦਾ ਵਪਾਰਕ ਪੱਧਰ ਤੋਂ ਜਾਗਰੁਕ ਨਾ ਹੋਣਾ ਆਦਿ ਹੁੰਦਾ ਹੈ ਅਤੇ ਜਾਤੀ-ਪ੍ਰਥਾ/ਧਰਮ ਤੋਂ ਬਾਹਰ ਕੱਢ ਕੇ ਇੱਕ ਸੁਤੰਤਤਰ ਸਮਾਜ ਦੀ ਸਿਰਜਣਾ ਕਰਨਾ ਹੁੰਦਾ ਹੈ।
ਇਸ ਬਿਮਾਰੀ ਦਾ ਬੀਜ਼- ਨਾਸ਼ ਕਰਨ ਲਈ ਮੇਰੇ ਗਿਆਨ ਮੁਤਾਬਕ ਸੱਭ ਤੋਂ ਪਹਿਲਾਂ ਤਥਾਗਤ ਬੁੱਧ ਨੇ ਸਮਾਜ ਸੁਧਾਰਕ ਵਜੋਂ ਕੰਮ ਕੀਤਾ ਅਤੇ ਧੰਮ/ਵਿਗਿਆਨਕ ਮਾਰਗ ਦਿੱਤਾ ਅਤੇ ਭਾਰਤ ਵਿੱਚ ਸਮਾਜ ਸੁਧਾਰਕ ਕਲਾਸ ਦਾ ਮੁੱਢ ਬੰਨਿਆ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸਤਿਗੁਰ ਕਬੀਰ , ਗੁਰੂ ਰਵਿਦਾਸ, ਗੁਰੂ ਨਾਨਕ ਨੇ ਲੜਾਈ ਲੜੀ। ਬਆਦ ਵਿੱਚ ਸਨ 1848 ਵਿੱਚ ਜੋਤੀਬਾ ਫੂਲੇ ਅਤੇ ਉਨ੍ਹਾ ਦੀ ਪਤਨੀ ਸਵਿੱਤਰੀ ਬਾਈ ਫੂਲੇ ਨਾਲ ਮਿਲਕੇ ਭਾਰਤ ਦਾ ਪਹਿਲਾਂ ਲੜਕੀਆਂ ਦਾ ਸਕੂਲ ਪੂਨਾ ਵਿਖੇ ਖੋਲ੍ਹਿਆ। ਉਨ੍ਹਾਂ ਤੋਂ ਬਾਅਦ, ਸਮਾਜਿਕ ਲਹਿਰ ਦੀ ਅਗਵਾਈ, ਕੋਲ੍ਹਾਪੁਰ ਦੇ ਰਾਜਾ ਛਤ੍ਰਪਤੀ ਸ਼ਾਹੂ ਜੀ ਮਹਾਰਾਜ ਅਤੇ ਫਿਰ ਬਾਬਾਸਾਹਿਬ ਅੰਬੇਡਕਰ ਜੀ ਆਦਿ ਨੇ ਕੀਤੀ। ਅਜੋਕੇ ਸਮੇਂ ‘ਚ ਸਾਹਿਬ ਕਾਂਸ਼ੀ ਰਾਮ, ਇਸ ਲਹਿਰ ਦੀ ਅਗਵਾਈ ਕਰਨ ਲਈ ਅੱਗੇ ਆਏ। ਲੇਕਿਨ 9 ਅਕਤੂਬਰ 2006 ਨੂੰ ਸਾਹਿਬ ਕਾਂਸ਼ੀ ਰਾਮ ਦੇ ਪਰਿਨਿਰਵਾਣ ਤੋਂ ਬਾਅਦ, ਇਸ ਲਹਿਰ ਨੂੰ ਕੋਈ ਵੀ ਅੱਗੇ ਲੈ ਕੇ ਜਾਣ ਲਈ ਸਮਾਜ ਸੁਧਾਰਕ ਅੱਗੇ ਨਹੀਂ ਆ ਸਕਿਆ, ਜਿਸ ਦਾ ਮੁੱਖ ਕਾਰਨ ਕਿਸੇ ਜਾਗਰੁੱਕ, ਫੁੱਲ ਟਾਈਮਰ, ਸਮਾਜ ਸੁਧਾਰਕ ਦਾ ਅੱਗੇ ਨਾ ਆਉਣਾ, ਸਮਾਜ ਦਾ ਉਸ ਤੇ ਵਿਸ਼ਵਾਸ ਨਾ ਹੋਣਾ, ਰਾਜਨੀਤਕ ਸੁਆਰਥ ਅਤੇ ਰੀਜਰਵੇਸ਼ਨ ਦਾ ਸਹਾਰਾ ਲੈ ਕੇ ਬਾਬੂ ਬਣ ਕੇ, ਘੇਸਲੇ ਹੋ ਕੇ ਸ੍ਰਾਜ ਲਈ ਚਿੰਤਤ ਨਾ ਰਹਿਣਾ ।
ਸਮਾਜ ਸੁਧਾਰਕ ਬਣਨਾ ਸੂਰਮਿਆਂ ਦਾ ਕੰਮ – ਤਿਆਗਵਾਨ/ਸੱਚਾ, ਸੰਪੂਰਨ ਸਮਾਜ ਸੁਧਾਰਕ ਬਣਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਆਮ ਲੋਕਾਂ ਦੇ ਸਰਵਜਨਕ ਹੱਕਾਂ ਦੀ ਬਹਾਲੀ ਲਈ, ਸੰਘਰਸ਼ਿਤ ਰਹਿਣਾ, ਇੱਕ ਸਮਾਜ ਸੁਧਾਰਕ, ਸਮਾਜਿਕ ਕ੍ਰਾਂਤੀਕਾਰੀ ਦਾ ਰੋਲ ਆਪਣੇ ਲਈ ਚੁਣਨਾ, ਵੱਡੇ ਦਿਲ ਵਾਲੇ, ਇੱਕ ਸੂਰਮੇ ਦਾ ਕੰਮ ਹੀ ਹੋ ਸਕਦਾ ਹੈ, ਜੋ ਪਲ- ਪਲ ਸਮਾਜ ਲਈ ਲੜਦਾ ਅਤੇ ਮਰਦਾ ਹੈ, ਭਾਵ ਸਮਾਜ ਸੁਧਾਰਕ ਬਣਨਾ ਇੱਕ ਸੂਲੀ ਤੇ ਚੜਨ ਨਾਲੋ ਵੀ ਔਖਾ ਹੈ। ਬਾਬਾ ਸਾਹਿਬ ਨੇ ‘ਰਾਨਾਡੇ, ਗਾਂਧੀ ਅਤੇ ਜਿਨਾਹ’ ਪੁਸਤੱਕ ਵਿੱਚ ਲਿਖਿਆ ਹੈ ਕਿ ਰਾਜਨੀਤਕ ਨੇਤਾ, ਚਾਰ ਦਿਨ ਜੇਲ੍ਹ ਕੱਟ ਆਵੇ ਤਾਂ ਲੋਕ, ਗਲ ਵਿੱਚ ਹਾਰ ਪਾਉਂਦੇ ਨਹੀਂ ਥੱਕਦੇ ਪਰ ਜਿਹੜਾ ਸ਼ਖਸ ਸਮਾਜਿਕ ਬੁਰਾਈਆਂ, ਸਮਾਜਿਕ ਕੁਰੀਤੀਆਂ, ਸਮਾਜਿਕ ਰਵਾਇਤਾਂ ਨੂੰ ਚੁਨੌਤੀ ਦਿੰਦਾ ਹੈ, ਇੱਕ ਤਰ੍ਹਾਂ ਨਾਲ ਸਾਰੇ ਜ਼ਮਾਨੇ ਦਾ ਗੁੱਸਾ ਸਹੇੜ ਬਹਿੰਦਾ ਰਹਿੰਦਾ ਹੈ।
ਸਾਹਿਬ ਕਾਂਸ਼ੀ ਰਾਮ ਜੀ ਨੇ ਵੀ ਪਹਿਲਾਂ ਹੀ ਇਹ ਗੱਲ ਸਮਝ ਲਈ ਸੀ ਕਿ,”ਜਿਸ ਸਮਾਜ ਦੀਆਂ ਗੈਰ-ਰਾਜਨੀਤਿਕ ਜੜਾਂ ਮਜਬੂਤ ਨਹੀਂ ਹੁੰਦੀਆਂ, ਉਨ੍ਹਾਂ ਦੀ ਰਾਜਨੀਤੀ ਕਾਮਯਾਬ ਨਹੀਂ ਹੋ ਸਕਦੀ” ਪਰ ਹਾਲਾਤਾਂ ਤੇ ਝਾਤ ਮਾਰੀਏ ਤਾਂ ਲੋਕ ਰਾਜਨੀਤਿਕ ਨੇਤਾਵਾਂ (ਖਾਸ ਤੌਰ ਤੇ ਦੂਸਰੇ ਵਰਗ ਨਾਲ ਸੰਬੰਧਤ) ਨੂੰ ਹੀ ਆਪਣਾ ਨੇਤਾ/ਆਕਾ ਮੰਨਦੇ ਆ ਰਹੇ ਹਨ, ਭਾਵੇਂ ਉਨਾ ਤੇ ਬਲੱਤਕਾਰ, ਚੋਰੀ, ਠੱਗੀ ਵਰਗੇ ਅਣਗਿਣਤ ਕੇਸ ਦਰਜ ਹੋਣ, ਜਦੋਂ ਕਿ ਅਸਲ ਨੇਤਾ ਸਮਾਜ ਦੇ ਤਿਆਗਵਾਨ, ਇਮਾਨਦਾਰ, ਜਾਗਰੂਕਕ ਸਮਾਜਿਕ ਨੇਤਾ ਹੋਣੇ ਚਾਹੀਦੇ ਹਨ , ਜਿਨ੍ਹਾ ਨੇ ਆਪਣਾ ਸਭ ਕੁੱਝ (ਘਰ, ਪਰਿਵਾਰ, ਪੈਸਾ, ਵਪਾਰ) ਤਿਆਗ ਕੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਆਪਣੀ ਨਿੱਜੀ ਜਿੰਮੇਵਾਰੀ ਸਮਝਿਆ ਹੋਵੇ, ਨਾ ਕਿ ਲੋਭੀ ਰਾਜਨੀਤਕ ਨੇਤਾ।
ਉਦਾਹਰਣ ਬਾਬਾ ਸਾਹਿਬ ਡਾਰਕਟਰ ਅੰਬੇਡਕਰ ਜੀ ਦੇ ਤਿੰਨ ਮਸ਼ਹੂਰ ਨਾਅਰੇ ਅੱਜ਼ ਕਾਫੀ ਪ੍ਰਚੱਲਿਤ ਹਨ ਜੋ ਹਨ- ਪੜ੍ਹੋ, ਸੰਘਰਸ਼ ਕਰੋ ਅਤੇ ਜੁੜੋ , ਜਿਨ੍ਹਾਂ ਨੂੰ ਉਨ੍ਹਾ ਨੇ ਆਪਣੀ ਜਿੰਦਗੀ ਵਿੱਚ ਉਕਤ ਅਨੁਸਾਰ ਵਿਸੇਸ਼ ਅਹਿਮੀਅਤ ਵੀ ਦਿੱਤੀ ਅਤੇ ਪੁਰਜੋਰ ਕੰਮ ਕੀਤਾ। ਇਸੇ ਲਈ ਅੱਜ ਸਮਾਜ ਵਿੱਚ ਵੱਖ- ਵੱਖ ਸਮਾਜ ਸੁਧਾਰਕਾਂ ਵੱਲੋਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ/ਪਾਰਟੀਆਂ ਵੀ ਬਣਾਈਂਆਂ ਗਈਂਆਂ ਹਨ। ਇੱਕ ਸਮਾਜ ਸੁਧਾਰਕ ਵੱਜੋਂ ਬਾਬਾ ਸਾਹਿਬ ਡਾਰਕਟਰ ਅੰਬੇਡਕਰ ਜੀ ਨੇ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ, ਕੰਮ ਕਰਨ ਦੇ ਲਈ, ਵੱਖ -ਵੱਖ ਤਿੰਨ ਸੰਸਥਾਵਾਂ ਬਣਾਈਆਂ। ਸਮਾਜਿਕ ਖੇਤਰ ਵਿੱਚ ਕੰਮ ਕਰਨ ਲਈ People’s Education Society, ਧਾਰਮਿਕ ਖੇਤਰ ਵਿੱਚ ਕੰਮ ਕਰਨ ਲਈ Buddhist Society of India ਅਤੇ ਰਾਜਨੀਤਿਕ ਖੇਤਰ ਵਿੱਚ Republican Party of India. ਬਣਾਈ। ਉਨ੍ਹਾਂ ਨੇ 1936 ਵਿੱਚ ਛਾਪੇ ਆਪਣੇ ਮਸ਼ਹੂਰ ਭਾਸ਼ਣ, ” ਜਾਤੀ ਦਾ ਖਾਤਮਾ” ਵਿੱਚ ਵੀ ਦੱਸਿਆ ਸੀ ਕਿ ਰਾਜਨੀਤਿਕ ਕ੍ਰਾਂਤੀਆਂ ਤੋਂ ਪਹਿਲਾਂ ਸਮਾਜਿਕ ਅਤੇ ਧਾਰਮਿਕ ਕ੍ਰਾਂਤੀਆਂ ਹੁੰਦੀਆਂ ਹਨ, ਸੋ ਸਾਨੂੰ ਇਨ੍ਹਾ ਸੰਸਥਾਵਾਂ ਤੇ ਕੰਮ ਕਰਨਾ ਚਾਹਿਦਾ ਸੀ ਪਰ ਅਸੀਂ ਆਪੋ ਆਪਣੇ ਸਮਾਜਿਕ ਸੰਗਠਣ ਬਣਾ ਕੇ ਛੋਟੇ-2 ਰਸਤੇ ਚੁੱਣ ਲਏ, ਜਿਸ ਕਾਰਨ ਕੋਈ ਸਿੱਟੇ ਨਹੀਂ ਨਿਕਲ ਰਹੇ ਅਤੇ ਅਸੀਂ ਅੱਜ ਵੀ ਸਮਾਜਿਕ ਗੁਲਾਮ ਹੀ ਹਾਂ।
ਸਮਾਜ ਸੁਧਾਰਕ ਦੀਆਂ ਕਿਸਮਾਂ – ਜੇਕਰ ਥੋੜੇ ਸ਼ਬਦਾ ਵਿੱਚ ਹੀ ਗੱਲ ਕਰੀਏ ਤਾ ਸੋਸ਼ਲ ਵਰਕਰਜ/ਸਮਾਜ ਸੁਧਾਰਕ ਵੀ ਦੋ ਪ੍ਰਕਾਰ ਦੇ ਹੁੰਦੇ ਹਨ, ਜੋ ਸਮਾਜ ਸੇਵਾ ਵਿੱਚ ਆਪਣਾ ਵੱਖਰਾ- ਵੱਖਰਾ ਰੋਲ ਅਦਾ ਕਰਦੇ ਹਨ ਅਤੇ ਸਮਾਜ ਨੂੰ ਲੋੜ ਵੀ ਇਹ ਦੋਨਾ ਕਿਸਮਾਂ ਦੇ ਸਮਾਜ ਸੁਧਾਰਕਾਂ ਦੀ ਹੈ ਪਰ ਉਸ ਤੋਂ ਵੀ ਜਿਆਦਾ ਪਹਿਲੇ ਸਮਾਜ ਸੁਧਾਰਕ ਦੀ, ਜੋ ਹੇਠ ਲਿਖੇ ਅਨੁਸਾਰ ਹਨ :-
1) Whole Hearted – ਉਹ ਸੋਸ਼ਲ ਵਰਕਰਜ/ਸਮਾਜ ਸੁਧਾਰਕ ਜੋ ਆਪਣਾ ਸੰਪੂਰਨ ਤਿਆਗ, ਸਮਰਪਿਤ ਭਾਵਨਾ ਨਾਲ, 24 ਘੰਟੇ ਸਮਾਜ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਅਤੇ ਉਹਨਾਂ ਨੂੰ ਆਪਣੇ ਕਿਸੇ ਵੀ ਨਿੱਜੀ ਸੁਆਰਥ, ਘਰ, ਪਰਿਵਾਰ, ਪਾਰ, ਸਿਹਤ ਆਦਿ ਦੀ ਕੋਈ ਲਾਲਸਾ ਨਹੀਂ ਰਹਿੰਦੀ, ਜਿਵੇਂ ਤਥਾਗਤ ਬੁੱਧ, ਗੁਰੂ ਰਵਿਦਾਸ, ਜੋਤੀਬਾ ਫੁਲੇ, ਡਾਕਟਰ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਆਦਿ ਜਿਨ੍ਹਾ ਨੂੰ ਅਸੀਂ ਲੋਕ ਆਪਣੇ ਰਹਿਬਰ ਸਮਝਦੇ ਹਾਂ। ਇਹ ਹੀ ਕਾਰਨ ਸੀ ਕਿ ਸਮਾਜ ਨੂੰ ਇੱਕ ਜਾਗ੍ਰਿਤ, ਕ੍ਰਾਂਤੀਕਾਰੀ ਵਿਚਾਰ ਸੁਣਨ ਨੂੰ ਮਿਲਦੇ ਸੀ ਅਤੇ ਅਸੀਂ ਆਪਣੀ ਮਰਜੀ ਨਾਲ ਸੁਤੰਤਰ ਜਿੰਦਗੀ ਨਾਲ ਜੀਅ ਰਹੇ ਹਾਂ।
2) Half Hearted – ਉਹ ਸਮਾਜ ਸੇਵਕ ਜੋ ਆਪਣੇ ਕੰਮਾਂਕਾਰਾਂ/ਪਰਿਵਾਰ ਦੇ ਨਾਲ ਨਾਲ ਪਾਰਟ ਟਾਈਮ ਸਮਾਜ ਸੇਵਾ ਕਰਦੇ ਹਨ। ਇਹ ਸਮਾਜ ਸੇਵਕ ਆਪਣੇ ਪੱਧਰ ਤੇ ਇੱਕਲੇ ਜਾਂ ਛੋਟੇ ਮੋਟੇ ਸੰਗਠਨ ਦੇ ਰੂਪ ਵਿੱਚ ਨਿਰੰਤਰ ਸੇਵਾ ਵਿੱਚ ਰਹਿੰਦੇ ਹਨ ਜੋ ਕਿ ਅੱਜ ਕੱਲ ਕਾਫੀ ਸਮਾਜਿਕ /ਧਾਰਮਿਕ ਸੰਸਥਾਵਾ ਦੇ ਰੂਪ ਵਿੱਚ ਨਿਰੰਤਰ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ।
ਉਪਰੋਕਤ ਦੋਨੋ ਸਮਾਜ ਸੁਧਾਰਕ ਆਪਣੇ ਸਮਾਜ ਪ੍ਰਤੀ ਅੰਦਰੋ ਚਿੰਤਿਤ/ਦੁਖੀ ਹਨ ਕਿ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕੀ ਹੋ ਸਕਦਾ ਹੈ ? ਕਿਉਕਿ ਸਮਾਜ ਅੱਜ ਵੀ ਇਹਨਾ ਦੀ ਬਾਂਹ ਵੜਨ ਨੂੰ ਤਿਆਰ ਹੀ ਨਹੀਂ, ਗੱਲ ਤਾਂ ਦੂਰ ਛੋਟੇ ਮੋਟੇ ਵਿਚਾਰ ਚਰਚਾ ਕਰਨ ਵਾਸਤੇ ਸਮਾਂ ਦੇਣ ਨੂੰ ਵੀ ਤਿਆਰ ਨਹੀਂ ਜਦੋਂ ਕਿ ਹੈਰਾਨ. ਦੀ ਗੱਲ ਹੈ ਕਿ ਸਮੱਸਿਆ ਸਮਾਜ ਦੀ ਹੈ ਅਤੇ ਸਮੱਸਿਆ ਵੀ ਸਮਾਜ ਹੀ ਹੈ। ਇਸਦਾ ਮੁੱਖ ਕਾਰਨ ਸਮਾਜ ਦਾ ਕੁੱਝ ਹੱਦ ਤੱਕ ਵਿੱਤੀ ਪੱਧਰ ਸੁਧਰ ਜਾਣਾ, ਕੁੱਝ ਮਾਨਸਿਕ ਗੁਲਾਮੀ ਜਾਂ ਕੁੱਝ ਘੇਸ੍ਲਾਪਨ। ਵੱਡਾ ਕਾਰਨ ਰਿਜਰਵੇਸ਼ਨ ਦਾ ਸਹਾਰਾ ਲੈ ਕੇ, ਬਾਬੂ ਬਣ ਕੇ ਬੈਠੇ, ਬੈਠ ਕੇ ਖਾ ਰਹੇ ਕੁੱਝ ਬੁੱਧੀਜੀਵੀ ਅਤੇ ਬੁੱਧਮਾਨ ਲੋਕ।
ਮੌਜੂਦਾ ਹਾਲਾਤ – ਉੱਕਤ ਨੂੰ ਮੁੱਖ ਰੱਖ ਕੇ ਜੇਕਰ ਜਲੰਧਰ ਜਿਲ੍ਹੇ ਦੇ ਲਾਗੇ ਛਾਗੇ ਦੇ ਏਰੀਏ ਵਿੱਚ ਨਿਗ੍ਹਾ ਮਾਰੀਏ ਤਾਂ ਸੰਗਠਨ ਪ੍ਰਬੁੱਧ ਭਾਰਤ ਫਾਉਂਡੇਸ਼ਨ ਡੱਲੇਵਾਲ, ਧੰਮਾਂ ਫੈਡਰੇਸ਼ਨ ਆਫ ਇੰਡੀਆ, ਅੰਬੇਡਕਰ ਸੇਨਾ ਪੰਜਾਬ/ਫਿਲੌਰ, ਟੀਮ ਹਦੀਆਬਾਦ ਪਾਰਕ ਫਗਵਾੜਾ, ਅੰਬੇਡਕਰ ਸੈਨਾ ਮੂਲਨਿਵਾਸੀ ਫਗਵਾੜਾ ਸੰਸਥਾਵਾਂ, ਦਿਹਾਤੀ ਮਜਦੂਰ ਸਭਾਵਾਂ ਅਤੇ ਸਮਾਜ ਸੁਧਾਰਕ ਸ੍ਰੀ ਸਤਵਿੰਦਰ ਮਦਾਰਾ ਜੀ (ਸੰਪੂਰਨ ਤਿਆਗੀ (ਏਕਤਾ ਕਨਵੀਨਰ) ਆਦਿ ਦਿਨ-ਰਾਤ ਸਮਾਜਿਕ ਪੱਧਰ ਤੇ ਬਤੌਰ ਸਮਾਜ ਸੁਧਾਰਕ ਕੰਮ ਕਰ ਰਹੀਆਂ/ਰਹੇ ਹਨ ਪਰ ਲੋਕ ਇਨ੍ਹਾਂ ਸੰਸਥਾਵਾਂ/ਸਭਾਵਾਂ ਅਤੇ ਸਮਾਜਕ ਸੁਧਾਰਾਂ ਨੂੰ ਆਪਣਾ ਕੀਮਤੀ ਸਮਾਂ ਦੇਣ ਦੀ ਬਜਾਏ, ਆਪਣਾ ਸਮਾਂ ਇੱਧਰ- ਉੱਧਰ ਜਾ ਕੇ, ਖਰਾਬ ਕਰਨ ਵਿੱਚ ਵਿਅੱਸਥ ਹਨ, ਜਿੱਥੇ ਜਾ ਕੇ ਉਹਨਾਂ ਦੀ ਵਿਵੱਸਥਾ ਦਾ ਕੁੱਝ ਵੀ ਸੁਧਾਰ ਹੋਣ ਵਾਲਾ ਨਹੀ ਹੈ, ਬਲਕਿ ਸਮਾਂ ਬਰਬਾਦ ਹੀ ਹੋਵੇਗਾ। ਇਹਨਾ ਸੰਸਥਾਵਾਂ ਦੇ ਸੋਸ਼ਲ ਵਰਕਰ/ਸਮਾਜ ਸੁਧਾਰਕ, ਇਸ ਗੱਲ ਤੋਂ ਚਿੱਤਿਤ ਹੋਣ ਦੇ ਨਾਲ ਨਾਲ ਸਮਾਜ ਦੀਆ ਤਕਲੀਫਾਂ ਤੋਂ ਕਾਫੀ ਪਰੇਸ਼ਾਨ ਵੀ ਹਨ, ਕਿਉਕਿ ਉਹ ਜਿਸ ਸਮਾਜ ਨੂੰ, ਇਸ ਦੇਸ਼ ਦਾ ਹੁਕਮਰਾਨ ਦੇਖਣਾ ਚਹੁੰਦੇ ਹਨ ਉਹ ਖੁੱਦ ਹੀ ਇਨ੍ਹਾ ਦੀ ਗੱਲ ਸੁਨਣ ਨੂੰ ਤਿਆਰ ਨਹੀਂ ਹੈ ਪਰ ਇੱਕ ਇਹ ਸਮਝ ਲੈਣੀ ਜਰੂਰੀ ਹੈ ਕਿ ਸੋਸ਼ਲ ਵਰਕਰ/ਸਮਾਜ ਸੁਧਾਰਕ ਬਣਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।
ਅੰਤ ਅਤੇ ਬਹੁਜਨ ਸਮਾਜ ਦੀ ਜਿੰਮੇਵਰੀ :- ਇੱਕ ਜਾਗਰੂਕ/ਸੱਚਾ/ਤਿਆਗਵਾਨ ਸਮਾਜ ਸੁਧਾਰਕ ਹਮੇਸ਼ਾ ਸਮਾਜਿਕ, ਆਰਥਿਕ ਅਤੇ ਧਾਰਮਿਕ ਪੱਧਰ ਤੇ ਕੇਡਰਾਂ ਰਾਹੀਂ ਪਿੰਡ- ਪਿੰਡ ਅਤੇ ਗਲੀ ਗਲੀ ਜਾ ਕੇ, ਸਮਾਜ ਵਿੱਚ ਵਿਚਰ ਕੇ, ਮਿਹਨਤ ਨਾਲ ਜਾਗਰੂਕ ਸਮਾਜ ਦੀ ਸਿਰਜਣਾ ਕਰਦਾ ਹੈ, ਭਾਵ ਬੰਜਰ ਜਮੀਨ ਤੇ ਹਲ ਵਾਹੁੰਦਾ ਹੈ, ਜਮੀਨ ਨੂੰ ਖੇਤੀ ਲਈ ਤਿਆਰ ਕਰਦਾ ਹੈ, ਬੀਜ ਦਾ ਛਿੱਟਾ ਦਿੰਦਾ ਹੈ, ਫਿਰ ਖਾਦ ਪਾਣੀ ਦੇ ਕੇ ਫਸਲ ਤਿਆਰ ਕਰਦਾ ਹੈ । ਅਖੀਰ ਵਿੱਚ ਰਾਜਨੀਤੀ ਵਿੱਚ ਰਾਜਨੀਤਿਕ ਫਲ੍ਹ ਲਗਦਾ ਹੈ ਤਾਂ ਜੋ ਵਿਵੱਸਥਾ ਪ੍ਰੀਵਰਤਨ ਸਿਸ਼ਨ ਨੂੰ ਸਥਾਪਿਤ ਕੀਤਾ ਜਾ ਸਕੇ।
ਜੇਕਰ ਬਾਬਾ ਸਾਹਿਬ ਜੀ ਦੀ ਬਾਂਹ ਛਤਰਪਤੀ ਸ਼ਾਹੂ ਜੀ ਮਹਾਰਾਜ ਅਤੇ ਜੋਤਿਬਾ ਰਾਓ ਫੂਲੇ (ਸਮਾਜ ਸਧਾਰਕ) ਨਾ ਫੜਦੇ, ਨਾ ਵਿੱਤੀ ਸਹਿਯੋਗ ਕਰਦੇ ਅਤੇ ਉਹਨਾ ਨੂੰ ਨਾ ਸਮਾਂ ਦਿੰਦੇ ਤਾਂ ਸ਼ਾਇਦ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵਰਗੇ ਮਹਾਨ ਵਿਦਵਾਨ ਦੇ ਨਾਮ ਨਾਲ ਪ੍ਰਸਿੱਧ ਮਹਾਨ ਧਾਰਮਿਕ (ਬੁੱਧ ਅਤੇ ਉਨ੍ਹਾ ਦਾ ਧੰਮ ਦੇ ਲੇਖਕ), ਭਾਰਤੀ ਕਾਨੂੰਨਸਾਜ਼, ਅਰਥ-ਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਆਦਿ ਵਰਗੇ ਮਹਾਨ ਨਾਮ ਨਾ ਜੁੜਦੇ, ਜਿਨ੍ਹਾਂ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਲਹਿਰਾਂ ਨੂੰ ਪ੍ਰੇਰਿਤ ਕੀਤਾ ਅਤੇ ਬਹੁਜਨ ਸਮਾਜ ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਅਵਾਜ ਉਠਾਈ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿੱਚ ਭਾਵ “ਆਦਰਯੋਗ ਪਿਤਾ” ਕਹਿੰਦੇ ਸਨ।
ਇਸ ਲਈ ਇਹ ਸਮਾਜ ਸੁਧਾਰਕ ਹੀ ਦੇਸ਼ ਦੇ ਅਸਲ ਨੇਤਾ ਹੁੰਦੇ ਹਨ ਅਤੇ ਸਮਾਜ ਨੂੰ ਇਹਨਾ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜ਼ੋ ਅਸੀਂ ਹਜਾਰਾਂ ਸਾਲ ਪੁਰਾਣੀ ਮਾਨਸਿਕ ਗੁਲਾਮੀ (ਬਿਮਾਰੀ) ਦਾ ਇਲਾਜ ਕਰਨ ਉਪਰੰਤ, ਇਸ ਦੇਸ਼ ਵਿੱਚ ਬਹੁਜਨ ਰਹਿਬਰਾਂ ਦੇ ਅਧੂਰੇ ਸੁਪਨੇ ਪ੍ਰਬੁੱਧ ਭਾਰਤ (ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ) ਦਾ ਨਿਰਮਾਣ ਕਰ ਸਕੀਏ। ਇਹ ਤਾਂ ਹੀ ਸੰਭਵ ਹੈ, ਜਦੋਂ ਅਸੀ ਗੈਰ ਰਾਜਨੀਤਕ ਜੜ੍ਹਾਂ ਮਜ਼ਬੂਤ ਕਰਨ ਵਾਲੇ ਸੋਸ਼ਲ ਵਰਕਰ/ਸਮਾਜ ਸੁਧਾਰਕ ਨੂੰ ਪੂਰਨ ਤੌਰ ਤੇ ਇਮਾਨਦਾਰੀ ਨਾਲ (ਨਾ ਕਿ ਦਿਖਾਵੇ ਦਾ) ਸਹਿਯੋਗ ਕਰੀਏ ਤਾਂ ਜ਼ੋ ਸਿੱਖਿਆ, ਵਪਾਰ, ਚਕਿਤਸਾ ਅਤੇ ਧਰਮ ਦੇ ਮਾਧਿਅਮ ਰਾਹੀਂ ਅਸੀ ਬਹੁਜਨ ਸਮਾਜ ਦੀਆਂ ਗੈਰ ਰਾਜਨੀਤਕ ਜੜ੍ਹਾਂ ਮਜ਼ਬੂਤ ਕਰ ਸਕੀਏ ਅਤੇ ਆਪਣਾ ਉਦੇਸ਼ (ਰਾਜਨੀਤਿਕ ਸੱਤਾ) ਹਾਸਿਲ ਕਰ ਸਕੀਏ ਅਤੇ ਸੱਤਾ ਜਰੀਏ ਆਪਣਾ ਲਕਸ਼ (ਵਿਵਸਥਾ ਪਰਿਵਰਤਨ) ਪ੍ਰਬੁੱਧ ਭਾਰਤ ਦਾ ਨਿਰਮਾਣ ਕਰ ਸਕੀਏ ਜੋ ਕਿ ਸਾਡਾ ਅਸਲ ਮਿਸ਼ਨ ਹੈ।
ਮਿਸ਼ਨ ਕੋਈ ਇਕੱਲਾ ਸਮਾਜ ਸੁਧਾਰਕ ਜਾਂ ਆਮ ਇਨਸਾਨ ਨਹੀ ਚਲਾ ਸਕਦਾ । ਉਸ ਲਈ ਹਰ ਇੱਕ ਇਨਸਾਨ ਦੀ ਵੱਖਰੀ-2 ਭੂਮਿਕਾ ਹੈ। ਕੋਈ ਕੰਮ ਕਰਨ ਵਾਲਾ ਸਾਥੀ (ਵਪਾਰੀ) ਪੈਸਾ ਦੇ ਸਕਦਾ ਹੈ, ਸਮਾਂ ਦੇਣ ਵਾਲਾ ਸਮਾਂ ਦੇ ਸਕਦਾ ਹੈ ਅਤੇ ਕੋਈ ਗਿਆਨਵਾਨ ਪਲੈਨਿੰਗ ਕਰਨ ਵਿੱਚ ਸਹਿਯੋਗ (ਸਲਾਹਕਾਰ) ਕਰ ਸਕਦਾ ਹੈ। ਹਰ ਇੱਕ ਸਾਥੀ ਵੱਖਰੀ-2 ਭੂਮੀਕਾ ਨਾਲ ਸਹਿਯੋਗ ਕਰ ਸਕਦਾ ਹੈ ਪਰ ਕਿਸੇ ਇੱਕ ਵੱਲੋਂ ਤਿੰਨੋ ਸਹਿਯੋਗ ਕਰਨ ਨਾਲ ਸਾਡੀ ਨਿੱਜੀ ਸਥਿੱਤੀ ਵਿਗੜ ਸਕਦੀ ਹੈ। ਇਸ ਲਈ ਸਾਨੂੰ ਆਪਣੀ ਹਿਮਤ/ਗਿਆਨ/ਸਥਿਤੀ ਅਨੁਸਾਰ ਮੱਦਦ ਕਰਨੀ ਚਾਹੀਦੀ ਹੈ।
ਸਾਹਿਬ ਕਾਂਸ਼ੀ ਰਾਮ ਜੀ ਦੀ ਤਿਆਰ ਕੀਤੀ ਮੂਵਮੈਂਟ ਵਿੱਚ ਰਾਜਨੇਤਾ ਵੀ ਸਮਾਜ ਸੇਵਾ ਰਾਹੀਂ ਹੀ ਪੈਦਾ ਹੁੰਦਾ ਸੀ , ਜਦ ਤੱਕ ਸਮਾਜ ਅਤੇ ਸੰਗਠਨ ਆਪਣੇ ਅਸਲੀ ਨੇਤਾ ਨੂੰ ਨਹੀਂ ਪਹਿਚਾਣੇਗਾ, ਤਦ ਤੱਕ, ਸਮਾਜ ਕਦੀ ਤਰੱਕੀ ਨਹੀਂ ਕਰ ਸਕੇਗਾ। ਸਾਨੂੰ ਮਹਾਂਪੁਰਸ਼ਾਂ ਦੇ ਕੱਢੇ ਨਤੀਜਿਆਂ ਤੋਂ ਸਬਕ ਲੈ ਕੇ, ਉਸੇ ਅਨੁਸਾਰ ਨਵੇਂ ਤਰੀਕਿਆਂ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਮਹਾਂਪੁਰਸ਼ਾਂ ਦੇ ਅੰਦੋਲਨ ਨੂੰ ਮੰਜਲੇ ਮਕਸੂਦ ਤੱਕ ਪਹੁੰਚਾਇਆ ਜਾ ਸਕੇ।
ਇਜ: ਵਿਸ਼ਾਲ ਖੈਰਾ 99889-13417 ਵਾਸਤਵਿਕ ਕਲਮ ਤੋਂ