ਰਾਸ਼ਟਰੀ ਸ਼ਰਮ ਦਿਵਸ
(ਸਮਾਜ ਵੀਕਲੀ) ਸਾਡੇ ਦੇਸ਼ ਵਿੱਚ ਵੱਖ ਵੱਖ ਨਾਮਾਂ ਵਾਲੇ ਦਿਵਸ ਮਨਾਏ ਜਾਂਦੇ ਹਨ ਜਿਵੇਂ ਸ਼ਹੀਦ ਦਿਵਸ, ਗਣਤੰਤਰ ਦਿਵਸ, ਮਹਿਲਾ ਦਿਵਸ, ਬਾਲ ਦਿਵਸ, ਅਧਿਆਪਕ ਦਿਵਸ ਆਦੀ। ਜਦੋਂ ਕਦੇ ਵੀ ਅਸੀਂ ਕੋਈ ਦਿਵਸ ਮਨਾਉਂਦੇ ਹਾਂ ਤਾਂ ਰੈਲੀਆਂ ਕੱਢਦੇ ਹਾਂ, ਸੈਮੀਨਾਰ ਆਯੋਜਿਤ ਕਰਦੇ ਹਾਂ ਅਤੇ ਵਿਚਾਰ ਵਟਾਂਦਰਾ ਵੀ ਕਰਦੇ ਹਾਂ। ਇਹ ਦਿਵਸ ਮੀਡੀਆ ਅਤੇ ਅਖਬਾਰਾਂ ਵਿੱਚ ਸੁਰਖੀਆਂ ਬਣਦੀਆਂ ਹਨ। ਮੇਰਾ ਮੰਨਣਾ ਇਹ ਹੈ ਕਿ ਇਹਨਾਂ ਦਿਵਸਾਂ ਨੂੰ ਮਨਾਏ ਜਾਣ ਦੇ ਨਾਲ ਨਾਲ ਸਾਨੂੰ ਕਿਸੇ ਵਿਸ਼ੇਸ਼ ਦਿਨ,,, ਰਾਸ਼ਟਰੀ ਸ਼ਰਮ ਦਿਵਸ,, ਵੀ ਮਨਾਉਣਾ ਚਾਹੀਦਾ ਹੈ। ਜੇਕਰ ਤੁਸੀਂ ਸਮਝ ਰਹੇ ਹੋ ਕਿ ਮੈਂ ਪਹਿਲੀ ਮਈ ਨੂੰ ਮਨਾਏ ਜਾਣ ਵਾਲੇ ਮਜ਼ਦੂਰ ਦਿਵਸ ਦੀ ਗੱਲ ਕਰ ਰਿਹਾ ਹਾਂ ਤਾਂ ਤੁਹਾਡਾ ਅੰਦਾਜਾ ਗਲਤ ਹੈ। ਮੈਂ ਉਸ ਸ਼ਰਮ ਦਿਵਸ ਦੀ ਗੱਲ ਕਰ ਰਿਹਾ ਜਦੋਂ ਅਸੀਂ ਆਪਣਿਆਂ ਅਸਫ਼ਲਤਾਵਾਂ, ਲਾਪਰਵਾਹੀਆਂ ਅਤੇ ਸ਼ਰਮਿੰਦਾ ਕਰਨ ਵਾਲੀਆਂ ਗੱਲਾਂ ਅਤੇ ਆਪਣੇ ਡਿਗਦੇ ਹੋਏ ਆਚਰਨ ਉੱਤੇ ਅਫਸੋਸ ਪ੍ਰਗਟ ਕਰਨ ਲਈ ਇਸ ਸ਼ਰਮ ਦਿਵਸ ਨੂੰ ਮਨਾਈਏ। ਕੁਝ ਸਮਾਂ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁਪੋਸ਼ਣ ਤੇ ਰਿਪੋਰਟ ਜਾਰੀ ਕਰਦਿਆਂ ਹੋਇਆ ਕਿਹਾ ਉੱਚੀ ਵਿਕਾਸ ਦਰ ਦੇ ਬਾਵਜੂਦ ਸਾਡੇ ਦੇਸ਼ ਵਿੱਚ 42% ਬੱਚੇ ਕੋਪੋਸ਼ਣ ਦਾ ਸ਼ਿਕਾਰ ਹਨ, ਇਹ ਸੱਚ ਮੁੱਚ ਸ਼ਰਮ ਦੀ ਗੱਲ ਹੈ। ਮੈਂ ਕਹਿਨਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਦੁਆਰਾ ਅਜਿਹੀ ਗੱਲ ਕਬੂਲ ਕਰਨਾ ਇਕ ਵੱਡੀ ਦਲੇਰੀ ਦਾ ਕੰਮ ਹੈ ਜਿਸ ਕਰਕੇ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ ਲੇਕਿਨ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਹੈ। ਵਰਨਾ ਅੱਜ ਦੇ ਜਮਾਨੇ ਵਿੱਚ ਕੌਣ ਆਪਣੀ ਗਲਤੀ ਮੰਨਦਾ ਹੈ। ਜੇਕਰ ਅਸੀਂ ਇਸ ਕੁਪੋਸ਼ਣ ਨੂੰ ਦੂਰ ਕਰ ਸਕੀਏ ਤਾਂ ਇਹ ਸਾਡੀ ਵੱਡੀ ਕਾਮਯਾਬੀ ਹੋਵੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜੇਹੀ ਕਮੀ ਦਾ ਸ਼ਿਕਾਰ ਗਰੀਬੀ ਰੇਖਾ ਦੇ ਥੱਲੇ ਜਿੰਦਗੀ ਬਤੀਤ ਕਰਨ ਵਾਲੇ ਲੋਕ ਹੀ ਹਨ। ਸਾਡੇ ਦੇਸ਼ ਵਿੱਚ ਧਨ ਅਤੇ ਸੰਪਤੀ ਦੀ ਵੰਡ ਇਤਨੀ ਅਸਮਾਨ ਹੈ ਕਿ 10% ਅਮੀਰ ਲੋਕਾਂ ਕੋਲ ਦੇਸ਼ ਦੀ ਕੁਲ ਸੰਪੱਤੀ ਦਾ ਲਗਭਗ 80% ਭਾਗ ਹੈ। ਸਾਡੇ ਦੇਸ਼ ਵਿੱਚ ਜਿਸ ਤਰੀਕੇ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਆਮਦਨੀ ਬਹੁਤ ਘੱਟ ਹੈ ਉਸਨੂੰ ਦੇਖਦੇ ਹੋਏ ਬਹੁਤ ਸਾਰੇ ਘਰਾਂ ਵਿੱਚ ਤਾਂ ਦੋ ਟਾਈਮ ਚੁੱਲਾ ਵੀ ਨਹੀਂ ਜਲਦਾ। ਪਹਿਲੀ ਜਮਾਨੇ ਵਿੱਚ,,, ਦਾਲ ਰੋਟੀ,, ਅਤੇ ਸਾਗ ਸਬਜੀ,,, ਖਾਣਾ ਗਰੀਬਾਂ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀ। ਲੇਕਿਨ ਅੱਜ ਕੱਲ ਤਾਂ ਜਨਾਬ ਕੋਈ ਵੀ ਦਾਲ 100 ਰੁਪਏ ਕਿਲੋ ਤੋਂ ਘੱਟ ਨਹੀਂ ਅਤੇ ਕੋਈ ਵੀ ਸਬਜੀ ਇਹੋ ਜਿਹੀ ਨਹੀਂ ਜਿਸ ਨੂੰ 400 ਰੁਪਏ ਦਿਹਾੜੀ ਕਮਾਉਣ ਵਾਲਾ ਮਜ਼ਦੂਰ ਖਰੀਦ ਸਕੇ। ਸਰੋਂ ਦਾ ਤੇਲ 200 ਰੁਪਏ ਕਿਲੋ, ਟਮਾਟਰ 100 ਰੁਪਏ ਕਿਲੋ, ਗੋਭੀ ਸੌ ਰੁਪਏ ਕਿਲੋ, ਸ਼ਿਮਲਾ ਮਿਰਚ 160 ਕਿਲੋ, ਸਰੋਂ ਦਾ ਸਾਗ ਸੌ ਰੁਪਏ ਕਿਲੋ, ਪਿਆਜ 80 ਰੁਪਏ ਕਿਲੋ, ਆਲੂ 50 ਰੁਪਏ ਕਿਲੋ ਵਿਕ ਰਿਹਾ ਹੋਵੇ ਤਾਂ ਆਮ ਆਦਮੀ ਕੀ ਖਾਵੇਗਾ ਅਤੇ ਕੀ ਪੀਵੇਗਾ। ਮਕਾਨਾਂ ਦੇ ਕਿਰਾਏ, ਸਕੂਲੀ ਬੱਚਿਆਂ ਦੀਆਂ ਫੀਸਾਂ,,, ਇਹਨਾਂ ਨੇ ਆਮ ਲੋਕਾਂ ਦਾ ਲੱਕ ਤੋੜ ਰੱਖਿਆ ਹੈ। ਵੱਖ ਵੱਖ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਫੜਨ ਲੱਗਿਆਂ ਹਨ ਜਿਨਾਂ ਦਾ ਮੁਕਾਬਲਾ ਆਮ ਆਦਮੀ ਨਹੀਂ ਕਰ ਸਕਦਾ। ਇਸ ਸਮੱਸਿਆ ਨੂੰ ਲੈ ਕੇ ਸਾਨੂੰ,,, ਸ਼ਰਮ ਦਿਵਸ,, ਮਨਾਉਣਾ ਚਾਹੀਦਾ ਹੈ। ਜਿਸ ਤਰੀਕੇ ਨਾਲ ਸਾਡੇ ਦੇਸ਼ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੇਕਾਰੀ ਵਧ ਰਹੀ ਹੈ। ਲੱਖਾਂ ਰੁਪਏ ਖਰਚ ਕਰਕੇ ਉੱਚੀ ਡਿਗਰੀ ਲੈ ਕੇ ਵੀ ਨੌਜਵਾਨ ਬੱਚੇ ਗਲੀਆਂ ਵਿੱਚ ਨਿਰਾਸ਼ ਘੁੰਮ ਰਹੇ ਹਨ। ਨੌਕਰੀ ਮਿਲਦੀ ਨਹੀਂ। ਨਿਰਾਸ਼ ਹੋ ਕੇ ਉਹਨਾਂ ਨੂੰ ਨਸ਼ੇ ਦੀ ਲੱਤ ਲੱਗ ਜਾਂਦੀ ਹੈ। ਜਾਂ ਫਿਰ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖ ਲੈਂਦੇ ਹਨ। ਜਿਸ ਤਰੀਕੇ ਨਾਲ ਬੇਕਾਰੀ ਵਧ ਰਹੀ ਹੈ ਉਸ ਲਈ ਵੀ ਸਾਨੂੰ,,, ਸ਼ਰਮ ਦਿਵਸ,, ਮਨਾਉਣਾ ਚਾਹੀਦਾ ਹੈ। ਖੇਤੀਬਾੜੀ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ। ਸਾਰੇ ਆਰਥਿਕ ਕੰਮ ਧੰਦੇ ਖੇਤੀਬਾੜੀ ਤੇ ਨਿਰਭਰ ਕਰਦੇ ਹਨ। ਲੇਕਿਨ ਜਿਸ ਤਰੀਕੇ ਨਾਲ ਸਾਡੇ ਕਿਸਾਨ ਵੀਰਾਂ ਦੀ ਆਮਦਨੀ ਬਹੁਤ ਘੱਟ ਹੈ, ਉਹਨਾਂ ਨੂੰ ਲਾਗਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਫਸਲਾਂ ਦੀ ਪੂਰੀ ਕੀਮਤ ਨਹੀਂ ਮਿਲਦੀ, ਖੇਤੀ ਲਈ ਕਰਜ਼ਾ ਲੈਂਦੇ ਹਨ, ਮੋੜ ਨਹੀਂ ਸਕਦੇ, ਖੁਦਕਸ਼ੀ ਕਰ ਲੈਦੇ ਹਨ, ਜਮੀਨ ਵੇਚ ਵੇਚ ਕੇ ਸ਼ਹਿਰਾਂ ਵਿੱਚ ਮਜ਼ਦੂਰੀ ਕਰਨ ਵਾਸਤੇ ਜਾਣ ਲਈ ਮਜਬੂਰ ਹੋ ਰਹੇ ਹਨ, ਸਰਕਾਰੀ ਕਰਜ਼ਾ ਨਾ ਮੋੜਨ ਕਰਕੇ ਉਹਨਾਂ ਦੀ ਕੁੜਕੀ ਹੋ ਜਾਂਦੀ ਹੈ। ਕਿਸਾਨਾਂ ਦੀ ਦੁਰਦਸ਼ਾ ਕਰਕੇ ਵੀ ਸਾਨੂੰ,,, ਸ਼ਰਮ ਦਿਵਸ,,, ਮਨਾਉਣਾ ਚਾਹੀਦਾ ਹੈ। ਜਿਸ ਤਰੀਕੇ ਨਾਲ ਅੱਜ ਕੱਲ ਭਰਿਸ਼ਟਾਚਾਰ ਦਾ ਬੋਲ ਬਾਲਾ ਹੈ। ਕਿਸੇ ਦਾ ਕੋਈ ਵੀ ਕੰਮ ਰਿਸ਼ਵਤ ਤੋਂ ਬਿਨਾਂ ਨਹੀਂ ਚੱਲਦਾ। ਦਾਵਾ ਕਰਨ ਵਾਸਤੇ ਸਰਕਾਰ ਜੋ ਵੀ ਕਹਿੰਦੀ ਰਵੇ, ਵੱਖਰੀ ਗੱਲ ਹੈ ਲੇਕਿਨ ਅਸਲੀਅਤ ਇਹ ਹੈ ਕਿ ਰਿਸ਼ਵਤ ਤੋ ਬਿਨਾ ਕੋਈ ਕੰਮ ਨਹੀਂ ਹੁੰਦਾ। ਜਿਸ ਤਰੀਕੇ ਨਾਲ ਸਾਡੇ ਦੇਸ਼ ਵਿੱਚ ਲਾਚਾਰ, ਮਜਬੂਰ ਅਤੇ ਬੇਬਸ ਔਰਤਾਂ ਦੀ ਅਸਮਤ ਲੁੱਟੀ ਜਾਂਦੀ ਹੈ, ਸ਼ਰਮ ਦੇ ਮਾਰੇ ਉਹਨਾਂ ਦੇ ਪਰਿਵਾਰ ਦੇ ਲੋਕ ਕਿਸੇ ਨੂੰ ਦੱਸ ਨਹੀਂ ਸਕਦੇ ਅਤੇ ਨਾ ਹੀ ਥਾਣੇ ਵਾਲੇ ਐਫਆਈਆਰ ਦਰਜ ਕਰਦੇ ਹਨ, ਬਲਕਿ ਕਈ ਵਾਰ ਤਾਂ ਬਲਾਤਕਾਰ ਜਾਂ ਗੈਂਗ ਰੇਪ ਦੇ ਬਾਅਦ ਮਹਿਲਾ ਨੂੰ ਮਾਰ ਦਿੱਤਾ ਜਾਂਦਾ ਹੈ ਉਹ ਸਾਡੇ ਵਾਸਤੇ ਇਨਸਾਨੀ ਤੋਂ ਡਿੱਗੀ ਹੋਈ ਗੱਲ ਹੈ ਜਿਸ ਕਰਕੇ ਸਾਨੂੰ,,, ਸ਼ਰਮ ਦਿਵਸ,, ਮਨਾਉਣਾ ਚਾਹੀਦਾ ਹੈ। ਜਿਸ ਤਰੀਕੇ ਨਾਲ ਸਾਡੇ ਰਾਜਨੇਤਾ ਸਦਨ ਦੇ ਅੰਦਰ ਅਤੇ ਸਦਨ ਦੇ ਬਾਹਰ ਵਿਹਾਰ ਕਰਦੇ ਹਨ ਉਹ ਵੀ ਸਾਨੂੰ ਸ਼ਰਮਿੰਦਾ ਕਰਦਾ ਹੈ। ਅਸੀਂ ਆਪਣੇ ਨੁਮਾਇੰਦਿਆਂ ਨੂੰ ਇਸ ਉਮੀਦ ਨਾਲ ਵੋਟਾਂ ਰਾਹੀਂ ਚੁਣਦੇ ਹਾਂ ਕਿ ਉਹ ਸਦਨ ਵਿੱਚ ਜਾ ਕੇ ਸਾਡੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਸ਼ਿਸ਼ ਕਰਨਗੇ ਲੇਕਿਨ ਉਹ ਤਾਂ ਇਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਿਲ ਹੋ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਮਨਿਸਟਰ ਬਣਾਇਆ ਜਾ ਸਕੇ ਅੱਜਕੱਲ ਤਾਂ ਚੁਣੇ ਹੋਏ ਜਨ ਪ੍ਰਤਿਨਿਧੀਆਂ ਦੀ ਖਰੀਦ ਅਤੇ ਵੇਚ ਹੋ ਰਹੀ ਹੈ। ਜਿਸ ਕਰਕੇ ਸਰਕਾਰਾਂ ਬਦਲ ਜਾਂਦੀਆਂ ਹਨ। ਅਸੀਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੇ ਵਿਸ਼ਵਾਸ ਨਹੀਂ ਕਰ ਸਕਦੇ। ਇਸ ਗੱਲ ਲਈ ਵੀ ਸਾਨੂੰ,,, ਸ਼ਰਮ ਦਿਵਸ,, ਮਨਾਉਣਾ ਚਾਹੀਦਾ ਹੈ।
ਮੇਰਾ ਮੰਨਣਾ ਹੈ ਕਿ ਜਿੰਨਾ ਜਿੰਨਾ ਗੱਲਾਂ ਨੂੰ ਲੈ ਕੇ ਰਾਸ਼ਟਰ ਦੇ ਤੌਰ ਤੇ ਸਾਨੂੰ ਸ਼ਰਮ ਆਉਂਦੀ ਹੈ ਉਸ ਨੂੰ ਲੈ ਕੇ ਸਾਨੂੰ ਹਰ ਸਾਲ ਇੱਕ ਦਿਨ,, ਸ਼ਰਮ ਦਿਵਸ,, ਮਨਾਉਣਾ ਚਾਹੀਦਾ ਹੈ। ਇਸ ਦਿਨ ਲੋਕਾਂ ਨੂੰ ਇਕੱਠੇ ਹੋ ਕੇ ਆਪਣੀਆਂ ਗਲਤੀਆਂ ਅਤੇ ਅਪਰਾਧਾਂ ਕਰਕੇ ਪਛਤਾਵਾ ਪ੍ਰਗਟ ਕਰਨਾ ਚਾਹੀਦਾ ਹੈ, ਦਰਦ ਭਰੇ ਗੀਤ ਗਾਣੇ ਚਾਹੀਦੇ ਹਨ, ਫਟੇ ਪੁਰਾਣੇ ਕੱਪੜੇ ਪਾਉਣੇ ਚਾਹੀਦੇ ਹਨ, ਨੱਕ ਨਾਲ ਲਕੀਰਾਂ ਕੱਢਨੀਆਂ ਚਾਹੀਦੀਆਂ ਹਨ, ਆਪਣੇ ਕੰਨ ਫੜ ਕੇ ਜਿਨਾਂ ਗੱਲਾਂ ਕਰਕੇ ਸ਼ਰਮ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਨਾ ਕਰਨ ਦੀ ਸੌਂ ਚੁੱਕਣੀ ਚਾਹੀਦੀ ਹੈ। ਵਾਰ ਵਾਰ ਆਪਣੇ ਲਾਭ ਲਈ ਪਾਰਟੀਆਂ ਬਦਲਣ ਵਾਲੇ ਰਾਜਨੇਤਾਵਾਂ ਨੂੰ ਪਬਲਿਕ ਅੱਗੇ ਆਪਣੇ ਸ਼ਰਮਿੰਦਗੀ ਜਾਹਿਰ ਕਰਨੀ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਵੀ ਦਿਖਾਣੀਆਂ ਚਾਹੀਦੀਆਂ ਹਨ।
ਪ੍ਰੋਫੈਸ਼ਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly