ਕੌਫ਼ੀ ਵਿਦ ਜਸਪਾਲ ਮਾਨਖੇੜਾ

ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਕੁਝ ਲੋਕ ਬਹੁਪੱਖੀ ਸਖਸ਼ੀਅਤ ਦੇ ਮਾਲਿਕ ਹੁੰਦੇ ਹਨ। ਇਸੇ ਕੜੀ ਵਿੱਚ ਸ਼ਾਮਿਲ ਲੰਮੇ ਕੱਦ ਅਤੇ ਭਰਵੇਂ ਜੁੱਸੇ ਦਾ ਮਾਲਿਕ ਜਸਪਾਲ ਮਾਨਖੇੜਾ ਜਦੋ ਮਾਇਕ ਦੇ ਸਟੈਂਡ ਨੂੰ ਉੱਚਾ ਕਰਕੇ ਅਤੇ ਉਸਦਾ ਮੂੰਹ ਉਤਾਂਹ ਕਰਕੇ ਇਕਸਾਰ ਜਿਹੀ ਆਵਾਜ਼ ਨਾਲ ਬੋਲਣਾ ਸ਼ੁਰੂ ਕਰਦਾ ਹੈ ਤਾਂ ਸਰੋਤੇ ਉਸਦੇ ਸਿੱਧ ਪੱਧਰੇ ਅਲਫਾਜ਼ ਦਾ ਆਨੰਦ ਮਾਣਦੇ ਹਨ।  ਸ੍ਰੀ ਮਾਨਖੇੜਾ ਸਾਹਿਬ ਦਾ ਕੱਦ ਜਿੰਨਾ ਵੱਡਾ ਹੈ ਉਸਤੋਂ ਵੀ ਵੱਡਾ ਉਸਦਾ ਸਾਹਿਤਿਕ ਕੱਦ ਹੈ। ਭਾਵੇ ਸਰੀਰਕ ਕੱਦ ਕਾਠੀ ਤੋੰ ਇਹ ਇੱਕ ਸਾਹਿਤਕਾਰ ਨਹੀਂ ਇੱਕ ਭਲਵਾਨ ਜਿਹਾ ਨਜ਼ਰ ਆਉਂਦਾ ਹੈ ਪਰ ਉਸਦੀ ਕਲਮ ਵਿੱਚ ਉਸਦੇ ਜਿਸਮ ਨਾਲੋਂ ਵੱਧ ਦਮ ਹੈ ਅਤੇ ਉਸਨੂੰ ਵੀ ਆਪਣੀ ਕਲਮ ਦੀ ਕਦਰ ਹੈ। ਉਹ ਵਧੀਆ ਲੇਖਕ ਹੋਣ ਦੇ ਨਾਲ ਨਾਲ ਵਧੀਆ ਵਕਤਾ ਵੀ ਹੈ।
ਮੇਰੀ ਅੱਜ ਦੀ ਕੌਫ਼ੀ ਦਾ ਮਹਿਮਾਨ ਓਹੀ #ਜਸਪਾਲ_ਮਾਨਖੇੜਾ ਸੀ ਜਿਸ ਨਾਲ  ਖੁੱਲ੍ਹੀਆਂ ਗੱਲਾਂ ਕਰਨ ਦੀ ਮੈਨੂੰ ਚਿਰਾਂ ਤੋਂ ਸਿੱਕ ਸੀ। ਆਮ ਜਿਹੇ ਜ਼ਿਮੀਦਾਰ ਘਰਾਨੇ ਵਿਚ ਪੈਦਾ ਹੋਏ ਜਸਪਾਲ ਦੀ ਮੁੱਢਲੀ ਸਿੱਖਿਆ ਚ ਪੰਜਾਬ ਹਰਿਆਣੇ ਦੀ ਵੰਡ ਨੇ ਵਿਘਨ ਪਾ ਦਿੱਤਾ। ਕਿਉਂਕਿ ਇਹ੍ਹਨਾਂ ਦਾ ਪਿੰਡ ਮਾਨਖੇੜਾ ਹਰਿਆਣਾ ਪੰਜਾਬ ਦੀ ਹੱਦ ਦੇ ਨੇੜੇ ਸੀ। ਵੰਡ ਕਰਕੇ ਇਹ੍ਹਨਾਂ ਦਾ ਪਿੰਡ ਪੰਜਾਬ ਵਿੱਚ ਆ ਗਿਆ ਅਤੇ ਸਕੂਲ ਹਰਿਆਣੇ ਵਿੱਚ। ਹਿੰਦੀ ਭਾਸ਼ੀ ਹੋਣ ਤੋਂ ਡਰਦਾ ਜਸਪਾਲ ਪਿੰਡ ਛੱਡਕੇ ਮਾਸੀ ਕੋਲ੍ਹ ਪੜ੍ਹਨ ਚਲਾ ਗਿਆ। ਪਰ ਇੱਥੇ ਵੀ ਉਹ ਪ੍ਰੈਪ ਹੀ ਕਰ ਸਕਿਆ ਤੇ ਪੜ੍ਹਾਈ ਛੱਡਕੇ ਇਹ ਘਰ ਦੀ ਖੇਤੀ ਵਿੱਚ ਬਾਪੂ ਦਾ ਹੱਥ ਵਟਾਉਣ ਲੱਗਿਆ।  ਇਹ੍ਹਨਾਂ ਦਿਨਾਂ ਵਿੱਚ ਹੀ ਜਸਪਾਲ ਨੂੰ ਲਿਖਣ ਦੀ ਚਿਣਗ ਲੱਗੀ। ਪਰ ਇਸ ਤੋਂ ਪਹਿਲ਼ਾਂ ਇਹ ਪੰਜਾਬ ਸਟੂਡੈਂਟ ਯੂਨੀਅਨ ਦੀ ਲਹਿਰ ਦਾ ਹਿੱਸਾ ਬਣ ਗਿਆ ਅਤੇ ਵਿਚਾਰਾਂ ਵਿੱਚ ਪਰਿਵਰਤਨ ਆ ਗਿਆ ਸੀ। ਇਹ ਇਸ ਦੇ ਵਿਦ੍ਰੋਹੀ ਸੁਰ ਹੀ ਸਨ ਕਿ ਜਸਪਾਲ ਨੇ ਆਪਣੇ ਕਾਂਗਰਸੀ ਪਿਤਾ ਦੇ ਉਲਟ ਜਾਕੇ ਵਿਰੋਧੀ ਧਿਰ ਨੂੰ ਆਪਣੀ ਵੋਟ ਪਾਈ। ਕਾਲਜ ਛੁੱਟਣ ਤੋਂ ਬਾਅਦ ਵੀ ਜਸਪਾਲ ਕਮਿਊਨਿਸਟ ਵਿਚਾਰਧਾਰਾ ਤੋਂ ਪ੍ਰਭਾਵਿਤ ਰਿਹਾ। ਫਿਰ  ਇਸ ਨੇ ਤਲਵੰਡੀ ਸਾਬੋ ਜਾਕੇ ਚੁੰਗੀ ਮੁਹਰਰ ਦੀ ਨੌਕਰੀ ਕੀਤੀ। ਇਹ ਜਿੰਦਗੀ ਦੀ ਸ਼ੁਰੂਆਤ ਸੀ ਅਚਾਨਕ ਨੌਕਰੀ ਚਲੀ ਜਾਣ ਤੇ ਇਹ ਪਾਰਟੀ ਦਾ ਹੋਕੇ ਹੀ ਰਹਿ ਗਿਆ ਅਤੇ ਦਸ ਮਹੀਨੇ ਘਰੇ ਪੈਰ ਨਹੀਂ ਪਾਇਆ। ਜਿਸ ਨਾਲ ਇਸ ਦੇ ਵਿਚਾਰਾਂ ਵਿੱਚ ਖੜੋੜਤਾ ਆਈ। ਜਸਪਾਲ ਦਾ ਗੱਲ ਸੁਣਾਉਣ ਦਾ ਅੰਦਾਜ਼ ਬਹੁਤ ਪਿਆਰਾ ਹੈ। ਬਹੁਤੀ ਮੈਂ ਮੈਂ ਕਰਕੇ ਆਪਣੀਆਂ ਖ਼ੂਬੀਆਂ ਦਾ ਵਿਖਿਆਨ ਨਹੀਂ ਕਰਦਾ ਅਤੇ ਨਾ ਹੀ ਆਪਣੀਆਂ ਕਮੀਆਂ ਅਤੇ ਕਮਜ਼ੋਰੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਕੁਝ ਦੇਰ ਬਾਅਦ ਇਸਨੇ ਉਸੇ ਚੁੰਗੀ ਵਾਲੀ ਪੋਸਟ ਤੇ ਫਿਰ ਤੋਂ ਬਠਿੰਡਾ ਵਿਖੇ ਜੋਇਨ ਕੀਤਾ। ਪੜ੍ਹਾਈ ਦੀ ਚੱਸ ਹੋਣ ਕਰਕੇ ਗਿਆਨੀ ਕੀਤੀ ਫਿਰ ਵਾਇਆ ਬਠਿੰਡਾ ਬੀਂ ਏ ਕੀਤੀ। ਐਮ ਏ ਪੰਜਾਬੀ ਵੀ ਕੀਤੀ। ਲਿਖਣ ਵਾਲੇ ਪਾਸੇ ਝੁਕਾਵ ਹੋਣ ਕਰਕੇ ਇਹ ਆਪਣਾ ਬਹੁਤਾ ਸਮਾਂ ਸਾਹਿਤ ਸਭਾਵਾਂ ਨੂੰ ਵੀ ਦੇਣ ਲੱਗਿਆ। ਹੁਣ ਸਮੇਂ ਨਾਲ ਬਤੌਰ ਸੈਨਿਟਰੀ ਇੰਸਪੈਕਟਰ ਪ੍ਰਮੋਸ਼ਨ ਹੋ ਗਈ। ਇਸੇ ਦੌਰਾਨ ਇਸ ਨੂੰ ਪੰਜਾਬੀ ਸਾਹਿਤ ਸਭਾ ਦੇ ਵੱਡੇ ਵੱਡੇ ਮਹਾਂਰਥੀਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਵੱਖ ਵੱਖ ਅਹੁਦਿਆਂ ਤੇ ਕੰਮ ਕਰਦਾ ਹੋਇਆ ਜਸਪਾਲ ਮਾਨਖੇੜਾ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ  ਸਮੇਂ ਤੋਂ ਸਾਹਿਤ ਸਭਾ ਦਾ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾ ਰਿਹਾ ਹੈ। ਇਸ ਵਾਰ ਪੰਜਾਬੀ ਸਾਹਿਤ ਸਭਾ (ਰਜਿ) ਲੁਧਿਆਣਾ  ਦਾ ਉੱਪ ਪ੍ਰਧਾਨ ਚੁਣਿਆ ਗਿਆ। ਜੇ ਜਸਪਾਲ ਜੀ ਦੇ ਪੰਜਾਬੀ ਮਾਂ ਬੋਲ਼ੀ ਪ੍ਰਤੀ ਯੋਗਦਾਨ ਦੀ ਗੱਲ ਕਰੀਏ ਤਾਂ ਇਹ ਦੇਣ ਵੀ ਕਾਬਿਲ ਏ ਤਾਰੀਫ ਹੈ। ਸ੍ਰੀ ਮਾਨਖੇੜਾ ਜੀ ਨੇ ਤਿੰਨ ਕਹਾਣੀ ਸੰਗ੍ਰਹਿ ਅਣਗਿਣਤ ਵਰ੍ਹਾ, ਬਸਰੇ ਦੀ ਲਾਮ, ਠਰੀ ਅੱਗ ਦਾ ਸੇਕ, ਦੋ ਨਾਵਲ ਹੁਣ ਮੈਂ ਉਹ ਨਹੀਂ, ਹਰ ਮਿੱਟੀ ਦੀ ਆਪਣੀ ਖਸਲਤ, ਵਾਰਤਕ ਚੂਰ ਭੂਰ,
ਸਾਡਾ ਤੁਹਾਡਾ ਆਪਣਾ ਅਤੇ ਪ੍ਰਸਿੱਧ ਆਗੂ ਸ੍ਰੀ ਹਰਦੇਵ ਅਰਸ਼ੀ ਦੀ ਜੀਵਣੀ ਰੋਹੀ ਦਾ ਲਾਲ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਅਜੇ ਵੀ ਕਲਮ ਦਾ ਸਫ਼ਰ ਜਾਰੀ ਹੈ।
ਕੋਈਂ ਵੀ ਸਖਸ਼ ਸੰਪੂਰਨ ਨਹੀਂ ਹੁੰਦਾ। ਗੁਣ ਔਗੁਣ ਜਸਪਾਲ ਮਾਨਖੇੜਾ ਵਿੱਚ ਵੀ ਹੋਣਗੇ। ਪਰ ਦੂਸਰਿਆਂ ਤੋਂ ਕੰਮ ਲੈਣ ਦਾ ਹੁਨਰ, ਟੀਂਮ ਦੀ ਅਗਵਾਹੀ ਕਰਨ ਦੀ ਕਲਾ ਅਤੇ ਆਪਣੀ ਲੀਡਰਸ਼ਿਪ ਨੂੰ ਬਰਕਰਾਰ ਰੱਖਣ ਦੀ ਕਾਬਲੀਅਤ ਕੋਈਂ ਮਮੂਲੀ ਗੁਣ ਨਹੀ ਹਨ। ਆਪਣਾ ਅਲੱਗ ਚੁੱਲ੍ਹਾ ਤਾਂ ਕਦੋਂ ਵੀ ਤਪਾਇਆ ਜਾ ਸਕਦਾ ਹੈ ਪਰ ਸਾਂਝੇ ਚੁੱਲ੍ਹੇ ਨੂੰ ਕਾਇਮ ਰੱਖਣ ਦੀ ਕਲਾ ਕਿਸੇ ਕਿਸੇ ਵਿੱਚ ਹੀ ਹੁੰਦੀ ਹੈ।
ਜਸਪਾਲ ਮਾਨਖੇੜਾ ਬਹੁਤੇ ਆਮਤੌਰ ਤੇ ਸਾਦੇ ਲਿਬਾਸ ਵਿੱਚ ਹੀ ਵਿਚਰਦਾ ਹੈ ਜੇਬਾਂ ਵਾਲੇ ਪਜਾਮੇ ਜਾਂ ਪਜਾਮੇ ਵਰਗੀ ਪੈਂਟ ਅਤੇ ਉਪਰ ਖੁਲ੍ਹੀ ਛੱਡੀ ਕਮੀਜ਼ ਪਹਿਣਕੇ ਸਟੇਜ ਤੇ ਬੈਠਾ ਆਪਣੇ ਵੱਖਰੇ ਅੰਦਾਜ਼ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕਰਦਾ ਹੈ। ਭਾਵੇਂ ਸ੍ਰੀ ਜਸਪਾਲ ਧਾਲੀਵਾਲ ਜੱਟ ਹੈ ਪਰ ਵਿਹਾਰ ਪੱਖੋਂ ਮਹਾਜਨ ਸੋਚ ਦਾ ਲੱਗਦਾ ਹੈ। ਸ੍ਰੀ ਜਸਪਾਲ ਮਾਨਖੇੜੇ ਦਾ ਜ਼ਿਕਰ ਅਧੂਰਾ ਹੈ ਜੇ ਅਸੀਂ ਉਸਦੇ ਸਾਥੀ ਰਣਬੀਰ ਰਾਣਾ ਦਾ ਜਿਕਰ ਛੱਡ ਦੇਈਏ ਤਾਂ। ਇਹ੍ਹਨਾਂ ਦੀ ਦੋਸਤੀ ਇੱਕ ਦੂਜੇ ਦੇ ਪਰਛਾਂਵੇ ਵਰਗੀ ਹੈ। ਇਹ ਇੱਕ ਦੂਜੇ ਦੀ ਰਮਜ਼ ਸਮਝਦੇ ਹਨ ਇਸ਼ਾਰਾ ਕਰਨ ਦੀ ਵੀ ਨੋਬਤ ਨਹੀਂ ਆਉਂਦੀ। ਰਣਬੀਰ ਰਾਣਾ ਵੀ ਸਾਹਿਤ ਨਾਲ ਜੁੜਿਆ ਹੈ ਅਤੇ ਸ੍ਰੀ ਜਸਪਾਲ ਦਾ ਸਹਿਕਰਮੀ ਵੀ ਹੈ।
ਇੱਕ ਹੀ ਮਿਲਣੀ ਵਿੱਚ ਜਸਪਾਲ ਮਾਨਖੇੜਾ ਜੀ ਦੀ ਸਖਸ਼ੀਅਤ ਨੂੰ ਪੂਰਾ ਛਾਣਨਾ ਲਾਉਣਾ ਮੁਸ਼ਕਿਲ ਸੀ ਫਿਰ  ਅਗਲੀ ਕੌਫ਼ੀ ਦੇ ਬਹਾਨੇ ਨਾਲ ਫਿਰ ਮਿਲਣ ਦੇ ਵਾਅਦੇ ਨਾਲ ਜਸਪਾਲ ਜੀ ਨੇ ਵਿਦਾ ਲਈ। ਜਾਂਦੇ ਹੋਏ ਉਹਨਾਂ ਨੇ ਮੇਰੇ ਕਹਾਣੀ ਸੰਗ੍ਰਹਿ 149 ਮਾਡਲ ਟਾਊਨ ਨੂੰ ਹੱਸਕੇ ਸਵੀਕਾਰ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜਗਜੀਤ ਸਿੰਘ ਲੱਡਾ ਦੀ ਪੁਸਤਕ ਨੂੰ ਸਨਮਾਨ ਮਿਲਣ ‘ਤੇ ਖ਼ੁਸ਼ੀ ਦਾ ਪ੍ਰਗਟਾਵਾ
Next articleਕਲ਼ਮ ਦਾ ਧਨੀ