ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬੀ ਸਾਹਿਤ ਜਗਤ ਦੇ ਜਾਣੇ-ਪਹਿਚਾਣੇ ਵਿਦਵਾਨ, ਬਹੁ-ਪੱਖੀ ਸਖਸ਼ੀਅਤ, ਸਾਹਿਤਕਾਰ, ਖੋਜ਼ੀ ਲੇਖਕ, ਕਨੇਡਾ ਅਤੇ ਸਾਡੇ ਮੁਲਕ ਅੰਦਰ ਸਾਹਿਤਕ, ਸਮਾਜਕ, ਜਮਹੂਰੀ, ਲੋਕ-ਪੱਖੀ ਸਰਗਰਮੀਆਂ ਨਾਲ ਜਿਨ੍ਹਾਂ ਦਾ ਹਰ ਪਲ ਦਿਲ ਧੜਕਦਾ ਹੈ ਸਾਧੂ ਬਿਨਿੰਗ ਦਾ ਅੱਜ ਦੇਸ਼ ਭਗਤ ਯਾਦਗਾਰ ਹਾਲ ਆਉਣ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਿੱਘਾ ਸਨਮਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕਈ ਦਹਾਕੇ ਪਹਿਲਾਂ ਵੈਨਕੂਵਰ ਕਨੇਡਾ ਦੀ ਧਰਤੀ ‘ਤੇ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ ਬਹੁਤ ਹੀ ਮਕਬੂਲ ਹੋਏ ਮੈਗਜ਼ੀਨ ‘ਵਤਨੋ ਦੂਰ’ ਰਾਹੀਂ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਮਾਣ-ਮੱਤੇ ਮੀਲ ਪੱਥਰ ਗੱਡੇ।
ਸਾਧੂ ਬਿਨਿੰਗ ਉਸ ਟੀਮ ਦੇ ਕਪਤਾਨਾ ਵਿੱਚ ਸ਼ਮਾਰ ਹਨ ਜਿਨ੍ਹਾਂ ਦੀ ਵਿਸ਼ੇਸ਼ ਮਿਹਨਤ ਸਦਕਾ ਸਾਧੂ ਸਿੰਘ ਧਾਮੀ ਦਾ ਮਿੱਟੀ ਅਤੇ ਜੜਾਂ ਨਾਲ ਜੁੜਿਆ ਨਾਵਲ ‘ਮਲੂਕਾ’ ਬੇਹੱਦ ਮਕਬੂਲ ਹੋਇਆ।
ਇਸ ਮੌਕੇ ਹੋਈ ਗੰਭੀਰ ਵਿਚਾਰ-ਚਰਚਾ ਮੌਕੇ ਪੰਜਾਬੀ ਸਾਹਿਤ, ਪੱਤਰਕਾਰਤਾ, ਮਾਂ-ਬੋਲੀ ਪੰਜਾਬੀ, ਪਰਵਾਸ ਦੇ ਦੁੱਖੜਿਆਂ ਦੀ ਕਲੇਜੇ ਰੁੱਗ ਭਰਦੀ ਕਹਾਣੀ, ਰੋਟੀ ਰੋਜੀ ਲਈ ਕਨੇਡਾ ਦੀਆਂ ਸੜਕਾਂ ‘ਤੇ ਦਿਨ-ਰਾਤ ਜਗਰਾਤੇ ਕੱਟਦੇ ਅਤੇ ਜਾਗੋ ਕੱਢਦੇ ਵਿਦਿਆਰਥੀਆਂ ਦੀ ਦਾਸਤਾਂ ਸਾਂਝੀ ਕੀਤੀ।
ਗ਼ਦਰੀ ਬਾਬਿਆਂ ਦੇ ਮੇਲੇ ਦਾ ਦੇਸ਼-ਬਦੇਸ਼ ਵਸਦੇ ਲੋਕਾਂ ਵਿੱਚ ਇੱਕ ਪੁੱਲ, ਇੱਕ ਸੰਗਮ ਦਾ ਕੰਮ ਕਰਨਾ, ਸਾਡੀ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਤੋਰਨ ਦਾ ਕੰਮ ਕਰਨਾ ਹੈ। ਇਹ ਵੀ ਵਿਚਾਰਾਂ ਹੋਈਆਂ ਕਿ ਸਮੂਹਿਕ ਉਪਰਾਲੇ, ਦੇਸ਼ ਭਗਤ ਯਾਦਗਾਰ ਹਾਲ ਨੂੰ ਆਪਣਾ ਹਕੀਕੀ ਘਰ ਸਮਝਣ ਦੀ ਸੂਝ-ਬੂਝ ਅਤੇ ਸਮਿਆਂ ਦੇ ਹਾਣੀ ਬਣਕੇ ਤੁਰਦੀਆਂ ਸਰਗਰਮੀਆਂ ਸਦਕਾ ਹੀ ਹੈ।
ਸਾਧੂ ਬਿਨਿੰਗ ਨੇ ਪੁਸਤਕਾਂ ਦਾ ਸੈੱਟ ਮਾਣ ਨਾਲ ਕਮੇਟੀ ਤੋਂ ਪ੍ਰਾਪਤ ਕਰਦਿਆਂ ਇਸਨੂੰ ਸਭ ਤੋਂ ਅਨਮੋਲ ਨਜ਼ਰਾਨਾ ਕਰਾਰ ਦਿੱਤਾ। ਉਹਨਾਂ ਨੇ 7, 8, 9 ਨਵੰਬਰ ਨੂੰ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਦੀ ਮੁਬਾਰਕਵਾਦ ਦਿੰਦਿਆਂ ਆਰਥਕ ਸਹਾਇਤਾ ਕੀਤੀ, ਜਿਸਦਾ ਕਮੇਟੀ ਨੇ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਗੁਰਮੀਤ ਸਿੰਘ, ਪ੍ਰੋ. ਗੋਪਾਲ ਬੁੱਟਰ ਅਤੇ ਰਣਜੀਤ ਸਿੰਘ ਔਲਖ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly