ਸਮਾਜ ਵੀਕਲੀ ਯੂ ਕੇ,
ਅੱਜ ਕੱਲ੍ਹ ਪੈਲਸਾਂ ਵਿੱਚ ਹੁੰਦੇ ਬਹੁਤੇ ਵਿਆਹਾਂ ਵਿੱਚ ਮਹਿੰਗੀ ਦਾਰੂ ਵੀ ਕੋਲਡ ਡ੍ਰਿੰਕ ਵਾੰਗੂ ਵਰਤਾਈ ਜਾਂਦੀ ਹੈ। ਫਿਰ ਪੀਣ ਵਾਲਿਆਂ ਦੇ ਬ੍ਰੇਕ ਨਹੀਂ ਲੱਗਦੇ। ਖ਼ਾਸਕਰ ਜਿਹੜੇ ਆਪਣੀਆਂ ਤੀਵੀਆਂ ਨੂੰ ਘਰ ਛੱਡ ਕੇ ਆਏ ਹੁੰਦੇ ਹਨ। ਪਰ ਬਹੁਤੇ ਜਿਹੜੇ ਅਜਿਹੇ ਬ੍ਰੇਕ ਆਪਣੇ ਨਾਲ ਲਿਆਏ ਹੁੰਦੇ ਹਨ ਉਹ ਪਹਿਲੇ ਅੱਧੇ ਘੰਟੇ ਵਿੱਚ ਹੀ ਉਸਨੂੰ ਗੋਲ ਗੱਪੇ ਪਾਓ- ਭਾਜੀ ਨਾਲ ਰਜਾਕੇ ਫਿਰ ਸਹੇਲੀਆਂ ਨਾਲ ਸੂਟ ਚਰਚਾ ਲਈ ਖੁਲ੍ਹਾ ਛੱਡ ਦਿੰਦੇ ਹਨ ਤੇ ਆਪ ਕਿਸੇ ਤਰਲ ਪਦਾਰਥ ਵਾਲੇ ਗਰੁੱਪ ਵਿੱਚ ਸ਼ਾਮਿਲ ਹੋ ਜਾਂਦੇ ਹਨ। ਫਿਰ ਦਾਰੂ ਮੁੱਕਦੀ ਨਹੀਂ ਗਰੁੱਪ ਉੱਠਦਾ ਨਹੀਂ।
ਇਸ ਜੁੰਡਲੀ ਦੇ ਕੁੱਝ ਸਮਝਦਾਰ ਲੋਕਾਂ ਦੀ ਅੱਖਾਂ ਸਾਹਮਣੇ ਟੇਬਲ ਤੇ ਬੈਠੀ ਆਪਣੀ ਗ੍ਰਹਿ ਮੰਤਰੀ ਦੀ ਘੂਰਦੀ ਹੋਈ ਨਿਗ੍ਹਾ ਤੇ ਵੀ ਹੁੰਦੀ ਹੈ। ਇਹ੍ਹਨਾਂ ਵਿਆਹਾਂ ਵਿੱਚ ਪਿਓ ਪੁੱਤ ਇੱਕ ਦੂਜੇ ਦੇ ਸਾਹਮਣੇ ਹੀ ਗਲਾਸੀਆਂ ਖੜਕਾਉਂਦੇ ਆਮ ਦੇਖੇ ਜਾਂਦੇ ਹਨ। ਪਰ ਕੁੱਝ ਕੁ ਫ਼ੁਕਰੇ ਕਿਸਮ ਦੇ ਲੋਕ ਪੀਂਦੇ ਘੱਟ ਤੇ ਹੱਥ ਵਿੱਚ ਗਿਲਾਸ ਫੜ੍ਹਕੇ ਦੂਜਿਆਂ ਨੂੰ ਵਿਖਾਉਣ ਵਿੱਚ ਆਪਣੀ ਜਿਆਦਾ ਸ਼ਾਨ ਸਮਝਦੇ ਹਨ। ਉਹ ਦਿਖਾਵਾ ਕਰਕੇ ਖੁਸ਼ ਹੋ ਜਾਂਦੇ ਹਨ। ਮੁਫ਼ਤ ਦੀ ਦਾਰੂ ਦਾ ਵੀ ਇੰਜ ਦਿਖਾਵਾ ਕਰਦੇ ਹਨ ਬੱਸ ਉਹ ਹੀ ਪੀਂਦੇ ਹਨ ਹੋਰ ਕੋਈਂ ਨਹੀਂ ਪੀ ਸਕਦਾ।
ਬਹੁਤ ਹੀ ਘੱਟ ਲੋਕ ਇੰਨੇ ਸਮਝਦਾਰ ਤੇ ਸਲੀਕੇਦਾਰ ਹੁੰਦੇ ਹਨ ਜਿਹੜੇ ਦਾਰੂ ਦੇ ਸਮੁੰਦਰ ਵਿੱਚ ਮੌਕਾ ਦੇਖਕੇ ਚੁੰਝ ਵੀ ਮਾਰ ਆਉਂਦੇ ਹਨ ਤੇ ਆਪਣੀ ਨਾਲਦੀ ਦਾ ਹੱਥ ਵੀ ਨਹੀਂ ਛੱਡਦੇ। ਮਤਲਬ ਉਹ ਸੱਪ ਵੀ ਮਾਰ ਲੈਂਦੇ ਹਨ ਤੇ ਆਪਣੀ ਸੋਟੀ ਵੀ ਨਹੀਂ ਟੁੱਟਣ ਦਿੰਦੇ।
ਕੱਲ੍ਹ ਰਾਤ ਵਾਲੀ ਸਕਾਈ ਹਾਈਟਸ ਵਾਲੇ ਵਿਆਹ ਵਿੱਚ ਮੈਨੂੰ ਮੇਰੇ ਮਿੱਤਰ ਅਜਿੰਦਰ ਗਿੱਲ ਦੀ ਇਹ ਜੋਡ਼ੀ ਵਧੀਆ ਲੱਗੀ। ਜਿਸ ਨੇ ਸੱਪ ਤੇ ਸੋਟੀ ਵਾਲੀ ਗੱਲ ਕੀਤੀ।
ਬਾਕੀ ਆਪਾਂ ਮੇਰੇ ਵਰਗੇ ਬਿਸਲੇਰੀ ਪੀਣ ਦੇ ਸ਼ੌਕੀਨਾ ਦਾ ਜ਼ਿਕਰ ਨਹੀਂ ਕਰਦੇ। ਸਹੁੰ ਰੱਬ ਦੀ।
ਰਮੇਸ਼ ਸੇਠੀ ਬਾਦਲ