ਹੱਥੀਂ ਲਾਏ ਬੂਟੇ
—————–
ਪਸ਼ੂ ਪੰਛੀ ਤੋਂ ਕੋਈ ਨੁਕਸਾਨ ਹੋ ‘ਜੇ ,
ਕਦੇ ਬੇ-ਜ਼ੁਬਾਨ ਨੂੰ ਕੁੱਟੀਏ ਨਾ ।
ਆਪਣੇ ਵਿਹੜੇ ਦਾ ਪੱਤ-ਸੁੱਤ ਕਰ ‘ਕੱਠਾ ,
ਕਿਸੇ ਹੋਰ ਦੇ ਬੂਹੇ ਵੱਲ ਸੁੱਟੀਏ ਨਾ ।
ਭੈਣਾਂ ਭਾਈਆਂ ‘ਚੋਂ ਤੁਸੀਂ ਜੇ ਹੋਵੋਂ ਵੱਡੇ ,
ਗਲ਼ਾਂ ਆਪ ਤੋਂ ਛੋਟੇ ਦਾ ਘੁੱਟੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਹੱਥੀਂ ਲਾਏ ਹੋਏ ਬੂਟੇ ਨੂੰ ਪੁੱਟੀਏ ਨਾ ।
ਇੱਕੋ ਗੱਲ ਨੂੰ
————–
ਲੜਨਾ ਝਗੜਨਾ ਮਾੜਾ ਹੈ ਕੰਮ ਹੁੰਦਾ ,
ਦੇਸ਼ ਕੌਮ ਲਈ ਲੜਨ ਤੋਂ ਝਿਜਕੀਏ ਨਾ ।
ਪਹਿਲਾਂ ਸੋਚ ਵਿਚਾਰ ਕੇ ਪੈਰ ਧਰੀਏ ,
ਜਿੱਥੇ ਧਰ ਲਈਏ ਮੁੜ ਕੇ ਥਿੜਕੀਏ ਨਾ ।
ਜੁੱਤੀ ਆਪਣੀ ਮੇਚ ਜਦ ਆਉਂਣ ਲੱਗੇ ,
ਧੀਆਂ ਪੁੱਤਾਂ ਨੂੰ ਲੋੜੋਂ ਵੱਧ ਝਿੜਕੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਵਾਰ ਵਾਰ ਇੱਕ ਗੱਲ ਨੂੰ ਰਿੜਕੀਏ ਨਾ ।
ਆਪਣੀ ਚਾਦਰ ਵੇਖ ਕੇ
————————-
ਲਈਏ ਮਿੱਥ ਨਿਸ਼ਾਨਾ ਕੋਈ ਇੱਕ ਪਹਿਲਾਂ,
ਡਾਂਗਾਂ ਹਵਾ ਵਿੱਚ ਐਵੇਂ ਨਾ ਮਾਰੀਏ ਜੀ ।
ਪੜ੍ਹ ਲਿਖ ਕੇ ਨਾਲ਼ ਤਜ਼ਰਬਿਆਂ ਦੇ ,
ਆਪਣੀ ਦਿੱਖ ਨੂੰ ਆਪ ਨਿਖਾਰੀਏ ਜੀ ।
ਕੁਦਰਤ ਰਾਣੀ ਦੀ ਰਜ਼ਾ ਦੇ ਵਿੱਚ ਰਹੀਏ ,
ਨਾ ਹੀ ਮੌਤ ਨੂੰ ਦਿਲੋਂ ਵਿਸਾਰੀਏ ਜੀ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਚਾਦਰ ਵੇਖ ਕੇ ਪੈਰ ਪਸਾਰੀਏ ਜੀ ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037