(ਸਮਾਜ ਵੀਕਲੀ)
ਗਲ਼ਿਆ ਸੜਿਆ ਘੁਲ਼ਿਆ ਮਿਲ਼ਿਆ ਖੌਰੇ ਕਦ ਤੋਂ ਚਲਦਾ ਝੇੜਾ
ਬੀਤ ਗਿਆ ਜਾਂ ਇੰਝ ਸਮਝ ਲਓ ਅੱਜ ਤੋਂ ਅੱਗੇ ਕੱਲ੍ਹ ਦਾ ਗੇੜਾ
ਬੇਅੰਤ ਰੂਪ ਬਦਲਕੇ ਜਲ ਦੇ ਅੰਦਰ ਗੋਤੇ ਲਾਵੇ ਜੀਵਨ
ਭਾਂਤ ਭਾਂਤ ਦੇ ਬਦਲ ਲੈਂਦਾ ਹੈ ਪਲ ਦੇ ਵਿੱਚ ਪਹਿਰਾਵੇ ਜੀਵਨ
ਗੇੜੇ ਲਾਉਂਦੇ ਭੂੰਡ ਭੰਬੱਕੜ ਮਸਤੀ ਦੇ ਵਿੱਚ ਆ ਮੰਡਰਾਏ
ਗੱਲਾਂ ਦਾ ਰਸ ਪੀ ਪੀ ਕੇ ਜੀ ਕੋਈ ਮਿੱਠਾ ਸ਼ਹਿਦ ਬਣਾਏ
ਕਦੇ ਗੰਦਗੀ ਦੇ ਗੋਲ਼ਿਆਂ ਤੇ ਬਹਿ ਬਹਿ ਜੋਰ ਲਗਾਵੇ ਜੀਵਨ
ਭਾਂਤ ਭਾਂਤ ਦੇ ਬਦਲ ਲੈਂਦਾ ਹੈ ਪਲ ਦੇ ਵਿੱਚ ਪਹਿਰਾਵੇ ਜੀਵਨ
ਗੋਲ਼ ਗੋਲ਼ ਹੈ ਗੋਲ਼ ਕਹਾਣੀ ਸਮਝ ਆਇਆ ਨਾ ਚਲਦਾ ਚੱਕਰ
ਏਥੇ ਟੱਕਰ ਓਸ ਘਰ ਟੱਕਰ ਜਾਂਦਾ ਨਾਢੂ ਖਾਂ ਕੋਈ ਟੱਕਰ
ਵਰਤ ਵਰਤ ਕੇ ਉਣੀਆਂ ਅਕਲਾਂ ਕਿੱਧਰੇ ਰੋਅਬ ਜਮਾਵੇ ਜੀਵਨ
ਭਾਂਤ ਭਾਂਤ ਦੇ ਬਦਲ ਲੈਂਦਾ ਹੈ ਪਲ ਦੇ ਵਿਚ ਪਹਿਰਾਵੇ ਜੀਵਨ
ਉੱਡ ਜਾਂਦਾ ਹੈ ਖਿਆਲਾਂ ਵਾਲ਼ਾ ਏਧਰ ਓਧਰ ਭੌਰ ਪਤੰਦਰ
ਜੇ ਸਾਂਤ ਏਹ ਧੰਨਿਆਂ ਹੋਜੇ ਰੱਬ ਵਸਦਾ ਹੈ ਮਨ ਦੇ ਅੰਦਰ
ਨਹੀਂ ਤਾਂ ਪੱਲੇ ਛੱਡ ਜਾਂਦਾ ਹੈ ਪਿੱਛੋਂ ਏਹ ਪਛਤਾਵੇ ਜੀਵਨ
ਭਾਂਤ ਭਾਂਤ ਦੇ ਬਦਲ ਲੈਂਦਾ ਹੈ ਪਲ ਦੇ ਵਿਚ ਪਹਿਰਾਵੇ ਜੀਵਨ
ਧੰਨਾ ਧਾਲੀਵਾਲ