ਨਸ਼ਿਆਂ ਦਾ ਨਾਗ

ਜਗਮੋਹਣ ਕੌਰ 
ਜਗਮੋਹਣ ਕੌਰ 
(ਸਮਾਜ ਵੀਕਲੀ) ਭਾਵੇਂ ਸ਼ਾਮੇ ਦੀ ਕਮਾਈ ਘੱਟ ਸੀ ਪਰ ਗੁਜ਼ਾਰਾ ਬਾਕੀਆਂ ਨਾਲੋਂ ਵਧੀਆ ਚੱਲਦਾ ਸੀ। ਸ਼ਾਮੇ ਦਾ ਇੱਕ ਯਾਰ ਮੱਘਰ ਰਾਜਸਥਾਨ ਚੋਂ ਨਸ਼ਾ – ਪੱਤਾ ਲਿਆ ਕੇ ਇੱਧਰ – ਉੱਧਰ ਲੁੱਕ- ਛਿਪ ਕੇ ਵੇਚਦਾ ਸੀ। ਇਕ ਦਿਨ ਸ਼ਾਮਾਂ ਤੇ ਮੱਘਰ ਆਥਣ ਨੂੰ ਗਲਾਸੀ ਖੜਕਾ ਰਹੇ ਸੀ ਤਾਂ ਮੱਘਰ ਨੇ ਕਿਹਾ,” ਸ਼ਾਮਿਆ ਹੱਡ  ਭੰਨ ਕੇ ਜਿੰਨੀ ਮਰਜ਼ੀ ਕਮਾਈ ਕਰਲਾ, ਰਹਿਣਾ ਨੰਗ ਦਾ ਨੰਗ ਈ ਏ, ਜਿਹੜੀ ਕਮਾਈ ਤੂੰ ਕਰਦਾ , ਖੂਹ ਦੀ ਮਿੱਟੀ ਏ ਖੂਹ ਨੂੰ ਹੀ ਲੱਗੀ ਜਾਣੀ ਏ, ਜੇ ਖੁੱਲਾ ਕਮਾਉਣਾ ਤਾਂ ਮੇਰੇ ਵਾਲਾ ਕੰਮ ਕਰ ਲੈ,” ਅੱਗੋ ਸ਼ਾਮੇ ਨੇ ਹੱਸਦੇ ਹੋਏ ਕਿਹਾ,”ਨਾ ਬਾਈ ਮੇਰੇ ਤੋਂ ਤੇਰੇ ਵਾਂਗ ਹਰ ਤੀਏ ਦਿਨ ਰਾਜਸਥਾਨ ਨਹੀਂ ਜਾ ਹੋਣਾ’, “ਅੱਗੋਂ ਮੱਘਰ ਵੀਂ ਹੱਸਦਾ ਬੋਲਿਆ,”ਯਾਰ ਦੇ ਹੁੰਦਿਆਂ ਤੈਨੂੰ ਰਾਜਸਥਾਨ ਜਾਣ ਦੀ ਲੋੜ ਨਹੀਂ, ਆਹ ਚੁੱਕ ਸੌਦਾ ਏਥੇ ਹਵੇਲੀ ‘ਚੋਂ ਹੀ ਏਧਰ ਓਧਰ ਫੜਾ ਦਿਆ ਕਰੀ, ਮੇਰਾ ਹਿਸਾਬ ਹਫਤੇ ਦੇ ਹਫਤੇ ਕਰ ਦਿਆ ਕਰੀਂ ਤੇ ਬਾਕੀ ਸਭ ਤੇਰਾ।” ਲਾਲਚ ਵੱਸ ਸ਼ਾਮਾਂ ਮੱਘਰ ਦੀਆਂ ਗੱਲਾਂ  ‘ਚ ਆ ਹੀ ਗਿਆ, ਤੇ ਕੰਮ ਸੁਰੂ ਕਰ ਲਿਆ।
                     ਛੇ ਕੁ ਮਹੀਨੇ ਬਾਅਦ ਸ਼ਾਮੇ ਦੀ ਘਰਵਾਲੀ ਬੰਸੋ ਨੂੰ ਪਤਾ ਲੱਗ ਹੀ ਗਿਆ, ਓਹਨੇ ਸ਼ਾਮੇ ਦੀ ਪੂਰੀ ਲਾਹ – ਪਾਹ ਕਰਦਿਆਂ ਕਿਹਾ, ‘ਤੂੰ ਲੋਕਾਂ ਦੇ ਧੀਆਂ-ਪੁੱਤਰਾਂ ਨੂੰ ਨਸ਼ੇ ਤੇ ਲਾ ਰਿਹਾ, ਯਾਦ ਰੱਖੀ ਸਾਡਾ ਵੀ ਇੱਕੋ – ਇੱਕ ਮੁੰਡਾ ਏ, ਜੇ ਕੱਲ ਨੂੰ ਇਹ ਨਸ਼ੇ ਤੇ ਲੱਗ ਗਿਆ, ਫਿਰ ਕੀ ਕਰਾਂਗੇ? ।ਪਹਿਲਾਂ ਤਾਂ ਸ਼ਾਮਾ ਮੰਨਿਆ ਹੀ ਨਹੀਂ, ਜਦੋਂ ਮੰਨਿਆ ਤਾਂ ਕਹਿਣ ਲੱਗਿਆ,” ਮੈਂ ਏਨਾ ਵੀ ਨਹੀਂ ਵੇਚਦਾ, ਬੱਸ ਥੋੜਾ ਬਹੁਤਾ ਏ। ਓਹ ਵੀ ਕਦੀ ਕਦਾਈਂ, ਛੱਡ ਹੀ ਦਿਆਂਗਾ, ਐਵੇਂ ਨਾ ਬੋਲੀ ਜਾਇਆ ਕਰ।”
    ਇੱਕ ਦਿਨ ਕਾਲਜ ਪੜ੍ਹਦੇ ਸ਼ਾਮੇ ਦੇ ਮੁੰਡੇ ਬਿੰਦਰ ਨੂੰ ਨਾਲ ਦੇ ਦੋਸਤਾਂ ਨੇ ਕਿਹਾ,”ਯਾਰ  ਆਪਣੇ ਬਾਪੂ ਵਾਲੇ ਸਮਾਨ ਦਾ ਕਦੀ ਸਾਨੂੰ ਵੀ ਸਵਾਦ ਦਿਖਾ ਦੇ”, ਬਾਪੂ ਦਾ ਸਮਾਨ !..  ਓਹ ਕਿਹੜਾ ? ਬਿੰਦਰ ਹੈਰਾਨ ਸੀ, ਦੋਸਤ ਆਖ ਰਹੇ ਸਨ,,”ਅੱਧਾ ਕਾਲਜ ਤੇਰੇ ਬਾਪੂ ਤੋਂ ਫੀਮ ਭੁੱਕੀ ਤੇ ਹੋਰ ਸਮਾਨ ਲੈ ਕੇ ਆਉਂਦਾ ਤੇ ਤੂੰ ਕਹਿੰਦਾ ਬਾਪੂ ਦਾ ਸਮਾਨ ਕਿਹੜਾ?” ਬਿੰਦਰ ਨੂੰ ਬਾਪੂ ਦੇ ਕੰਮ ‘ਤੇ ਸ਼ੱਕ ਤਾਂ ਪਹਿਲੇ ਹੀ ਸੀ,ਅੱਜ ਓਹ ਸ਼ੱਕ ਯਕੀਨ ਚ ਬਦਲ ਰਿਹਾ ਸੀ, ਇੱਕ ਦਿਨ ਹਵੇਲੀ ‘ਚ ਫੋਲਾ – ਫਰਾਲੀ ਕਰਦਿਆਂ ਕੁੱਝ ਲਿਫਾਫੇ  ਮਿਲੇ, ਓਹਨਾਂ ਚ ਸੱਚੀਂ ਫੀਮ ਭੁੱਕੀ ਹੀ ਸੀ, ਓਹਨੇ ਥੋੜੀ – ਥੋੜੀ ਲਿਫਾਫਿਆਂ
 ‘ ਚੋ ਕੱਢਕੇ ਲਿਫਾਫੇ ਓਦਾਂ ਹੀ ਰੱਖ ਦਿੱਤੇ, ਦੋਸਤਾ ਦੇ ਨਾਲ੍ ਬੈਠ ਕੇ ਬਿੰਦਰ ਨੇ ਖ਼ੁਦ ਵੀ ਨਸ਼ਾ ਕੀਤਾ, ਬਸ ਫਿਰ ਕੀ ਸੀ, ਜਦ ਵੀ ਮੌਕਾ  ਮਿਲਦਾ ਬਿੰਦਰ ਇੱਧਰ – ਉੱਧਰ ਦੇਖ ਕੇ ਬਾਪੂ ਦੇ ਲਿਫਾਫਿਆਂ ਨੂੰ ਠੂੰਘਾ ਮਾਰ ਲੈਂਦਾ,  ਕੁਝ ਹੀ ਮਹੀਨਿਆਂ ਬਾਅਦ ਉਹ ਨਸ਼ੇ ਦਾ ਪੱਕਾ ਆਦੀ ਹੋ ਗਿਆ, ਇੱਕ ਵਾਰੀ ਤਾਂ ਬੰਸੋ ਨੇ ਖੁਦ ਬਿੰਦਰ ਨੂੰ ਹਵੇਲੀ ‘ਚ ਨਸ਼ੇ ਨਾਲ ਧੁੱਤ  ਵੇਖਿਆ। ਰਾਤ ਨੂੰ ਬੰਸੋ ਨੇ ਸ਼ਾਮੇ ਨਾਲ ਗੱਲ ਕੀਤੀ, ਪਰ ਸ਼ਾਮਾ ਕਿੱਥੇ ਏਹ ਗੱਲ ਸੁਣੇ ।
ਬੰਸੋ ਤੇ ਸ਼ਾਮੇ ਦੀ ਬਹਿਸ ਚੱਲ ਹੀ ਰਹੀ ਸੀ ਕੇ ਨਸ਼ੇ ‘ਚ ਧੁੱਤ ਬਿੰਦਰ ਦੋਵਾਂ ਦੇ ਕੋਲ ਆ ਕੇ ਡਿੱਗ ਪਿਆ, ਬੰਸੋ ਨਾਲੇ ਬਿੰਦਰ ਨੂੰ ਚੁੱਕ ਰਹੀ ਸੀ ਨਾਲੇ ਸ਼ਾਮੇ ਨੂੰ ਰੋ – ਰੋ ਕੇ ਕੋਸ ਰਹੀ ਬੋਲ ਰਹੀ ਸੀ “ਕਿੰਨੀ ਵਾਰ ਕਿਹਾ ਸੀ, ਜਿਹੜਾ ਨਸ਼ੇ ਦਾ ਨਾਗ ਤੂੰ ਆਪਣੇ ਘਰੇ ਪਾਲ ਰਿਹਾ, ਇਹੋ ਜ਼ਹਿਰੀ ਨਾਗ ਕਿਸੇ ਦਿਨ ਆਪਣੀ ਔਲਾਦ ਨੂੰ ਡੰਗੇਗਾ, ਪਰ ਤੂੰ ਮੇਰੀ ਇੱਕ ਨਹੀਂ ਮੰਨੀ, ਆਹ ਦੇਖ ਲੈ, ਸਾਡਾ ਜਵਾਨ ਪੁੱਤ ਨਸ਼ੇ  ਦੇ ਨਾਗ ਨੇ  ਡੰਗ ਲਿਆ….. ਹਾਏ, ਮੈਂ ਲੁੱਟੀ ਗਈ… ਓ ਲੋਕੋ.”
ਜਗਮੋਹਣ ਕੌਰ 
ਬੱਸੀ ਪਠਾਣਾਂ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਿਸਾਨ ਯੂਨੀਅਨ ਦੁਨੀਆਂ ਟੀਮਾਂ ਵੱਲੋਂ ਵੱਖ ਵੱਖ ਮੰਡੀਆਂ ਦਾ ਦੌਰਾ,ਮੌਜੂਦਾ ਹਾਲਾਤਾਂ ਦਾ ਲਿਆ ਜਾਇਜ਼ਾ
Next articleਗੁਰੂ ਹਰਿਗੋਬਿੰਦ ਪਬਲਿਕ ਸਕੂਲ ਨਡਾਲਾ ਵਿਖੇ ਲਗਾਈ ਗਈ ਡਾ: ਏ.ਪੀ. ਜੇ . ਅਬਦੁਲ ਕਲਾਮ ਯਾਦਗਾਰੀ ਵਿਗਿਆਨ ਪ੍ਰਦਰਸ਼ਨੀ