ਸੰਘਰਸ਼ਸ਼ੀਲ ਮਜਦੂਰਾਂ ਅਤੇ ਲੁਧਿਆਣੇ ਜਿਲ੍ਹੇ ਵਿੱਚ ਕੈਂਸਰ ਗੈਸ ਫੈਕਟਰੀਆਂ ਵਿਰੁੱਧ ਜੂਝਦੇ ਲੋਕਾਂ ਦੀ ਹਮਾਇਤ ਵਿੱਚ ਜਨਤਕ ਜਥੇਬੰਦੀਆਂ ਨੇ ਅਵਾਜ ਬੁਲੰਦ ਕੀਤੀ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) 10 ਅਕਤੂਬਰ, 2024 ਨੂੰ ਲੁਧਿਆਣੇ ਦੀਆਂ ਵੱਖ-ਵੱਖ ਮਜਦੂਰ, ਕਿਸਾਨ, ਨੌਜਵਾਨ ਤੇ ਜਮਹੂਰੀ ਜਥੇਬੰਦੀਆਂ ਦੇ ਵਫਦ ਵੱਲੋਂ ਡੀਸੀ ਦਫਤਰ ਲੁਧਿਆਣਾ ਵਿਖੇ ਮੰਗ ਪੱਤਰ ਸੌਂਪਕੇ ਮਰੂਤੀ ਮਾਨੇਸਰ ਦੇ ਸੰਘਰਸ਼ਸ਼ੀਲ ਮਜਦੂਰਾਂ ਅਤੇ ਲੁਧਿਆਣੇ ਜਿਲ੍ਹੇ ਦੀਆਂ ਗੈਸ ਫੈਕਟਰੀਆਂ ਵਿਰੁੱਧ ਜੂਝ ਰਹੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਅਵਾਜ ਬੁਲੰਦ ਕੀਤੀ ਗਈ। ਇਸ ਮੌਕੇ ਏ.ਡੀ.ਸੀ. ਅਮਰਜੀਤ ਬੈਂਸ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪੇ ਗਏ। ਵਫਦ ਵਿੱਚ ਲਖਵਿੰਦਰ, ਪ੍ਰਧਾਨ ਕਾਰਖਾਨਾ ਮਜਦੂਰ ਯੂਨੀਅਨ; ਸੁਰਿੰਦਰ ਸਿੰਘ, ਆਗੂ, ਇਨਕਲਾਬੀ ਮਜਦੂਰ ਕੇਂਦਰ; ਹਰਜਿੰਦਰ ਸਿੰਘ, ਪ੍ਰਧਾਨ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ; ਜਗਦੀਸ਼ ਚੰਦ, ਜਨਰਲ ਸਕੱਤਰ, ਸੀਟੀਯੂ (ਪੰਜਾਬ) ਲੁਧਿਆਣਾ; ਰਘਬੀਰ ਸਿੰਘ ਬੈਨੀਪਾਲ, ਸੂਬਾਈ ਜੱਥੇਬੰਦਕ ਸਕੱਤਰ, ਜਮਹੂਰੀ ਕਿਸਾਨ ਸਭਾ, ਪੰਜਾਬ; ਜਗਦੀਸ਼ ਸਿੰਘ, ਪ੍ਰਧਾਨ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ, ਪੰਜਾਬ; ਜਸਵੰਤ ਜੀਰਖ, ਸੂਬਾ ਆਗੂ, ਜਮਹੂਰੀ ਅਧਿਕਾਰ ਸਭਾ; ਟੀਨਾ ਅਤੇ ਤਰਨ, ਨੌਜਵਾਨ ਭਾਰਤ ਸਭਾ ਅਤੇ ਗੁਰਦੀਪ ਸਿੰਘ, ਆਗੂ, ਜਲ ਸਪਲਾਈ ਸੈਨੀਟੇਸ਼ਨ ਵਿਭਾਗ ਕੰਨਟ੍ਰੈਕਟ ਯੂਨੀਅਨ ਅਤੇ ਇਹਨਾਂ ਜਥੇਬੰਦੀਆਂ ਦੇ ਹੋਰ ਆਗੂ ਸ਼ਾਮਲ ਹੋਏ। ਪ੍ਰਧਾਨ ਮੰਤਰੀ ਦੇ ਨਾਂ ਦਿੱਤੇ ਗਏ ਮੰਗ ਪੱਤਰ ਵਿੱਚ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਮਰੂਤੀ ਮਾਨੇਸਰ ਦੇ ਮਜਦੂਰਾਂ ਦੇ ਮੰਗਾਂ ਮਸਲੇ ਹੱਲ ਕਰਨ ਲਈ ਭਾਰਤ ਸਰਕਾਰ ਬਣਦੀ ਭੂਮਿਕਾ ਨਿਭਾਵੇ। ਇਸ ਮੰਗ ਪੱਤਰ ਵਿੱਚ ਮੰਗਾਂ ਉਠਾਈਆਂ ਗਈਆਂ ਹਨ ਕਿ ਮਰੂਤੀ ਮਾਨੇਸਰ ਦੇ ਨਾਜਾਇਜ ਰੂਪ ਵਿੱਚ ਨੌਕਰੀ ਤੋਂ ਕੱਢੇ ਸਭਨਾਂ ਮਜਦੂਰਾਂ ਨੂੰ ਨੌਕਰੀ ਉੱਤੇ ਤੁਰੰਤ ਬਹਾਲ ਕੀਤਾ ਜਾਵੇ। ਨਜਾਇਜ ਰੂਪ ਵਿੱਚ ਜੇਲ੍ਹਾਂ ਵਿੱਚ ਡੱਕੇ ਸਭਨਾਂ ਮਰੂਤੀ ਮਜਦੂਰਾਂ ਨੂੰ ਕੇਸ ਰੱਦ ਕਰਕੇ ਤੁਰੰਤ ਰਿਹਾ ਕੀਤਾ ਜਾਵੇ। ਜਪਾਨੀ ਕੰਪਨੀ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਮਜਦੂਰਾਂ ਨਾਲ਼ ਕੀਤੇ ਧੱਕੇ ਲਈ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ। ਸਭਨਾਂ ਮਜਦੂਰਾਂ ਲਈ ਪੱਕੇ ਰੁਜਗਾਰ ਦੀ ਗਰੰਟੀ ਕੀਤੀ ਜਾਵੇ। ਜਦੋਂ ਮਰਜੀ ਰੱਖੋ, ਜਦੋਂ ਮਰਜੀ ਕੱਢੋ ਦੀ ਮਜਦੂਰ ਵਿਰੋਧੀ ਨੀਤੀ ਰੱਦ ਕੀਤੀ ਜਾਵੇ। ਮਜਦੂਰਾਂ ਨੂੰ ਹੱਕਾਂ ਲਈ ਅਵਾਜ ਉਠਾਉਣ, ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਦੇ ਸੰਵਿਧਾਨਕ ਹੱਕਾਂ ਉੱਤੇ ਹਮਲੇ ਬੰਦ ਕੀਤੇ ਜਾਣ। ਮਜਦੂਰ ਵਿਰੋਧੀ ਨਵੇਂ ਚਾਰ ਕਿਰਤ ਕਨੂੰਨ (ਕੋਡ) ਰੱਦ ਕਰੋ। ਮਜਦੂਰਾਂ ਦੇ ਪੱਖ ਵਿੱਚ ਕਿਰਤ ਕਨੂੰਨਾਂ ਨੂੰ ਮਜਬੂਤ ਬਣਾਇਆ ਜਾਵੇ। ਕਨੂੰਨੀ ਕਿਰਤ ਹੱਕਾਂ ਦੀ ਸਖਤੀ ਨਾਲ਼ ਪਾਲਣਾ ਕਰਵਾਈ ਜਾਵੇ। ਇਹਨਾਂ ਦੀ ਉਲੰਘਣਾ ਕਰਨ ਵਾਲ਼ੇ ਸਰਮਾਏਦਾਰਾਂ ’ਤੇ ਸਖਤ ਕਾਰਵਾਈ ਯਕੀਨੀ ਬਣਾਈ ਜਾਵੇ। ਲੋਕ ਦੋਖੀ ਨਵੇਂ ਤਿੰਨ ਫੌਜਦਾਰੀ ਕਨੂੰਨਾਂ ਸਮੇਤ ਸਾਰੇ ਜਾਬਰ ਕਨੂੰਨ ਰੱਦ ਕੀਤੇ ਜਾਣ।
ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵਿੱਚ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਲੁਧਿਆਣੇ ਸਮੇਤ ਪੂਰੇ ਪੰਜਾਬ ਵਿੱਚ ਲਾਈਆਂ ਜਾ ਰਹੀਆਂ ਸੀ.ਬੀ.ਜੀ.-ਸੀ.ਐਨ.ਜੀ. ਗੈਸ ਫੈਕਟਰੀਆਂ ਉੱਤੇ ਮੁਕੰਮਲ ਰੋਕ ਲਗਾਈ ਜਾਵੇ। ਮਨੁੱਖਤਾ ਤੇ ਵਾਤਾਵਰਣ ਦੀ ਸੁਰੱਖਿਆ ਨੂੰ ਛਿੱਕੇ ਟੰਗ ਕੇ ਅੰਨ੍ਹੇਵਾਹ ਸਨਅਤੀਕਰਨ ਦੀ ਨੀਤੀ ਰੱਦ ਹੋਵੇ। ਬੁੱਢਾ ਨਾਲ਼ਾ, ਲੁਧਿਆਣਾ ਦੀ ਸਵੱਛਤਾ ਯਕੀਨੀ ਬਣਾਈ ਜਾਵੇ। ਲੁਧਿਆਣੇ ਦੀਆਂ ਗਰੀਬ ਬਸਤੀਆਂ ਵਿੱਚ ਸਾਫ-ਸਫਾਈ ਦਾ ਪ੍ਰਬੰਧ ਹੋਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛਾਉਣੀ ਕਲਾਂ ਨੇ ਦੂਜੀ ਵਾਰ ਸਰਪੰਚ ਦਾ ਮਾਣ ਬਖਸ਼ਿਆ ਸੁਰਿੰਦਰ ਪੱਪੀ ਨੂੰ
Next articleਗੁਰਦੁਆਰਾ ਗੁਰੂ ਰਵਿਦਾਸ ਜੀ ਸਹੂੰਗੜਾ ਦੇ ਅੱਗੇ ਖੜੇ ਗੰਦੇ ਪਾਣੀ ਤੇ ਗਾਰ ਨੂੰ ਸੇਵਾਦਾਰਾਂ ਨੇ ਮਿਲ ਕੇ ਸਾਫ ਕੀਤਾ