ਸ਼ਬਦਾਂ ਦੇ ਅੰਤ ਵਿਚ ਆਮ ਤੌਰ ‘ਤੇ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਿਆ ਜਾਣਾ ਹੈ

ਜਸਵੀਰ ਸਿੰਘ ਪਾਬਲਾ

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)  ਉਪਰੋਕਤ ਕੋਸ਼ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਜੇਕਰ ਕਿਸੇ ਵੀ ਸ਼ਬਦ ਦੇ ਅੰਤ ਵਿੱਚ ਊੜਾ ਅੱਖਰ ਲੱਗਿਆ ਹੋਵੇ ਤਾਂ ਕੇਵਲ ਚਾਰ ਸ਼ਬਦਾਂ: “ਇਉਂ, ਕਿਉਂ, ਜਿਉਂ,ਤਿਉਂ” ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਦਾ ਮੂੰਹ ਖੁੱਲ੍ਹਾ ਹੀ ਰੱਖਣਾ ਹੈ, ਭਾਵੇਂ ਉਹਨਾਂ ਸ਼ਬਦਾਂ ਦੇ ਅੰਤ ਵਿੱਚ ਲੱਗੇ ਊੜੇ ਦੀ ਅਵਾਜ਼ ਹੋੜੇ ਦੀ ਹੋਵੇ ਤੇ ਭਾਵੇਂ ਔਂਕੜ ਦੀ; ਜਿਵੇਂ: ਖਾਓ,ਪੀਓ, ਆਓ, ਜਾਓ, ਲਓ, ਦਿਓ, ਘਿਓ, ਕਿਤਿਓਂ, ਵਾਟਿਓਂ, ਵਾਂਢਿਓਂ, ਖੱਬਿਓਂ, ਸੱਜਿਓਂ, ਥੱਲਿਓਂ, ਥੈਲਿਓਂ, ਅੰਬਾਲ਼ਿਓਂ, ਮੁਹਾਲ਼ੀਓਂ, ਫਗਵਾੜਿਓਂ, ਪਟਿਆਲ਼ਿਓਂ, ਲੁਧਿਆਣਿਓਂ ਆਦਿ।
ਦੇਖਣ ਵਿੱਚ ਆਇਆ ਹੈ ਕਿ ਜਗਰਾਓਂ ਅਤੇ ਸਮਾਓਂ ਸ਼ਬਦ ਵਰਤਣ ਵੇਲ਼ੇ ਬਹੁਤੇ ਸੱਜਣ ਅਜੇ ਵੀ ਇਹਨਾਂ ਸ਼ਹਿਰਾਂ ਦੇ ਨਾਂ ਪੁਰਾਤਨ ਰਵਾਇਤਾਂ ਅਨੁਸਾਰ ਅਰਥਾਤ ਊੜੇ ਨੂੰ ਔਂਕੜ ਪਾ ਕੇ ਹੀ ਲਿਖ ਰਹੇ ਹਨ ਜੋਕਿ ਅਜੋਕੇ ਵਿਆਕਰਨਿਕ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਗ਼ਲਤ ਹੈ। ਇਹ ਤਾਂ ਹੋ ਸਕਦਾ ਹੈ ਕਿ ਸਰਕਾਰ ਦੁਆਰਾ ਇਹਨਾਂ ਸ਼ਹਿਰਾਂ ਦੇ ਨਾਂਵਾਂ ਦੀ ਨੋਟੀਫ਼ਿਕੇਸ਼ਨ ਹੀ ਪੁਰਾਤਨ ਰਵਾਇਤਾਂ ਅਨੁਸਾਰ (ਊੜੇ ਨੂੰ ਔਂਕੜ ਪਾ ਕੇ) ਅਰਥਾਤ ਗਲਤ ਢੰਗ ਨਾਲ਼ ਹੋਈ ਹੋਵੇ ਪਰ ਅਜੋਕੇ ਨਿਯਮਾਂ ਅਨੁਸਾਰ ਸਾਨੂੰ ਅਜਿਹੇ ਸ਼ਹਿਰਾਂ ਦੇ ਨਾਂ ਊੜੇ ਦਾ ਮੂੰਹ ਖੁੱਲ੍ਹਾ ਰੱਖ ਕੇ ਹੀ ਲਿਖਣੇ ਚਾਹੀਦੇ ਹਨ ਤੇ ਜਾਰੀ ਹੋਏ ਨੋਟੀਫ਼ਿਕੇਸ਼ਨਾਂ ਵਿੱਚ ਸੋਧ ਕਰਵਾਉਣ ਦੇ ਉਪਰਾਲੇ ਵੀ ਨਾਲ਼ੋ-ਨਾਲ਼ ਜਾਰੀ ਰੱਖਣੇ ਚਾਹੀਦੇ ਹਨ। ਅਸੀਂ ਆਪਣੇ ਵਿਦਿਆਰਥੀ-ਜੀਵਨ ਸਮੇਂ ਦੇਖਦੇ ਰਹੇ ਹਾਂ ਕਿ ਸਰਕਾਰ ਵੱਲੋਂ ਦੁਰਘਟਨਾਵਾਂ ਤੋਂ ਬਚਣ ਲਈ ਸੜਕਾਂ ਦੇ ਕਿਨਾਰਿਆਂ ‘ਤੇ ਲੱਗੇ ਬੋਰਡਾਂ ਉੱਤੇ ਆਮ ਤੌਰ ‘ਤੇ ਊੜੇ ਨੂੰ ਔਂਕੜ ਪਾ ਕੇ ਲਿਖਿਆ ਹੁੰਦਾ ਸੀ: “ਬਚਾਉ ਵਿੱਚ ਹੀ ਬਚਾਉ ਹੈ” ਜਾਂ “ਬਚਾਓ ਵਿੱਚ ਹੀ ਬਚਾਓ ਹੈ” ਪਰ ਹੁਣ ਇਹਨਾਂ ਹੀ ਬੋਰਡਾਂ ਉੱਤੇ ਨਵੇਂ ਵਿਆਕਰਨਿਕ ਨਿਯਮਾਂ ਅਨੁਸਾਰ ਸ਼ੁੱਧ ਪੰਜਾਬੀ ਵਿੱਚ ਲਿਖਿਆ ਹੁੰਦਾ ਹੈ: “ਬਚਾਅ ਵਿੱਚ ਹੀ ਬਚਾਅ ਹੈ”। ਇਸ ਤੋਂ ਸਬਕ ਲੈਂਦਿਆਂ ਸਾਨੂੰ ਵੀ ਸਮੇਂ ਦੇ ਨਾਲ਼ ਬਦਲਦੇ ਹੋਏ ਵਿਆਕਰਨਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹਨਾਂ ਨਿਯਮਾਂ ਅਨੁਸਾਰ ਚੱਲਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਸੋ, ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉ) ਨੂੰ ਛੱਡ ਕੇ ਬਾਕੀ ਸਾਰੇ ਸ਼ਬਦਾਂ ਦੇ ਅੰਤ ਵਿੱਚ ਆਏ ਊੜੇ ਅੱਖਰ ਨਾਲ਼ ਕੇਵਲ ਹੋੜੇ ਦੀ ਲਗ ਹੀ ਲੱਗਣੀ ਹੈ ਅਰਥਾਤ ਊੜੇ ਦਾ ਮੂੰਹ ਖੁੱਲ੍ਹਾ ਰੱਖਣਾ ਹੈ, ਔਂਕੜ ਦੀ ਲਗ ਬਿਲਕੁਲ ਨਹੀਂ ਲਾਉਣੀ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਸ਼ਬਦ-ਜੋੜਾਂ ਦੇ ਨਿਯਮਾਂ ਵੱਲ ਜੇਕਰ ਜ਼ਰਾ ਜਿੰਨਾ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਬਹੁਤ ਹੀ ਅਸਾਨ ਜਾਪਦੇ ਹਨ ਅਤੇ ਇਹਨਾਂ ਉੱਤੇ ਅਮਲ ਕਰਨਾ ਵੀ ਓਨਾ ਹੀ ਅਸਾਨ ਹੈ।
ਉਪਰੋਕਤ ਚਾਰ ਸ਼ਬਦਾਂ (ਇਉਂ, ਕਿਉਂ, ਜਿਉਂ, ਤਿਉਂ) ਨੂੰ ਉੱਪਰ ਦੱਸੇ ਗਏ ਨਿਯਮਾਂ ਤੋਂ ਛੋਟ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਚਾਰ ਸ਼ਬਦਾਂ ਨੂੰ ਇਸੇ ਰੂਪ ਵਿੱਚ ਹੀ ਸਥਾਪਿਤ ਹੋਏ ਮੰਨ ਲਿਆ ਗਿਆ ਹੈ ਇਸ ਲਈ ਇਹਨਾਂ ਸ਼ਬਦਾਂ ਦੇ ਇਹੋ ਸ਼ਬਦ-ਰੂਪ ਹੀ ਸਹੀ ਮੰਨੇ ਗਏ ਹਨ।

ਜਸਵੀਰ ਸਿੰਘ ਪਾਬਲਾ ਸੰਪਰਕ ਨੰਬਰ- 98884 03052

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article(8)ਨਿਰੋਗੀ ਜੀਵਨ ਤੇ ਲੰਬੀ ਉਮਰ ( ਅੱਠਵਾਂ ਅੰਕ)
Next articleਬੁੱਧ ਚਿੰਤਨ