ਮਮਤਾ – ਇੱਕ ਅਹਿਸਾਸ

ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਮਮਤਾ ਦਾ ਅਹਿਸਾਸ ਸਿਰਫ ਔਰਤਾਂ ਵਿੱਚ ਨਹੀਂ ਹੁੰਦਾ। ਮਮਤਾ ਇੱਕ ਅਜਿਹਾ ਜਜ਼ਬਾ ਹੈ ਇਕ ਅਜਿਹਾ ਅਹਿਸਾਸ ਹੈ ਜੋ ਮਰਦ ਜਾਂ ਔਰਤ ਕਿਸੇ ਵਿੱਚ ਵੀ ਹੋ ਸਕਦਾ ਹੈ। ਇਸ ਨੂੰ ਔਰਤਾਂ ਤੱਕ ਮਹਿਦੂਦ ਕਰ ਦਿੱਤਾ ਗਿਆ। ਇਹ ਠੀਕ ਨਹੀਂ ਹੈ।
ਆਪਣੇ ਬੱਚੇ ਪ੍ਰਤੀ ਮਮਤਾ ਦਾ ਭਾਵ ਹੋਣਾ ਆਮ ਹੈ। ਇਹ ਮਾਤਾ ਤੇ ਪਿਤਾ ਦੋਵਾਂ ਵਿੱਚ ਹੁੰਦਾ ਹੈ। ਅਸੀਂ ਪਿਤਾ ਨੂੰ ਮਮਤਾ ਤੋਂ ਸੱਖਣਾ ਨਹੀਂ ਕਹਿ ਸਕਦੇ। ਉਹ ਆਪਣੇ ਬੱਚੇ ਲਈ ਆਪਣੀ ਜਾਨ ਤੱਕ ਲਾ ਦਿੰਦਾ ਹੈ। ਆਪਣੇ ਬੱਚੇ ਦਾ ਹਰ ਤਰ੍ਹਾਂ ਦਾ ਖਰਚਾ ਉਠਾਉਂਦਾ ਹੈ ਤੇ ਨਾਲ ਨਾਲ ਉਸਦਾ ਖਿਆਲ ਵੀ ਰੱਖਦਾ ਹੈ। ਉਹ ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰਦਾ ਹੈ ਕਿ ਬੱਚੇ ਨੂੰ ਇੱਕ ਬਿਹਤਰ ਜ਼ਿੰਦਗੀ ਦੇ ਸਕੇ। ਇਹ ਵੀ ਤਾਂ ਮਮਤਾ ਦਾ ਹੀ ਇੱਕ ਰੂਪ ਹੈ।
ਜਦੋਂ ਮਾਂ ਬੱਚੇ ਦਾ ਖਿਆਲ ਸਰੀਰਕ ਤੌਰ ਤੇ ਰੱਖਦੀ ਹੈ ਉੱਥੇ ਪਿਤਾ ਮਾਨਸਿਕ ਤੌਰ ਤੇ ਬੱਚੇ ਦਾ ਖਿਆਲ ਰੱਖਦਾ ਹੈ। ਉਹ ਬੱਚੇ ਨੂੰ ਹਰ ਉਹ ਚੀਜ਼ ਮੁਹਈਆ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਜੋ ਬੱਚੇ ਦੀ ਜਰੂਰਤ ਹੈ। ਇਹ ਵੀ ਮਮਤਾ ਹੀ ਹੈ। ਪਿਤਾ ਹਮੇਸ਼ਾ ਹੀ ਇਹ ਕੋਸ਼ਿਸ਼ ਕਰਦਾ ਹੈ ਕਿ ਆਪਣੇ ਬੱਚੇ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਬਣਾਉਣ ਲਈ ਕੁਝ ਨਾ ਕੁਝ ਅਜਿਹਾ ਯਤਨ ਕਰੇ ਕਿ ਉਸਦੇ ਬੱਚੇ ਦੀ ਜ਼ਿੰਦਗੀ ਸੁਖਾਲੀ ਹੋਵੇ।
ਮਮਤਾ ਦਾ ਭਾਵ ਸਿਰਫ ਆਪਣੇ ਬੱਚਿਆਂ ਤੱਕ ਹੀ ਸੀਮਤ ਨਹੀਂ ਰਹਿੰਦਾ। ਮਨੁੱਖ ਵਿੱਚ ਮਮਤਾ ਦੂਜਿਆਂ ਪ੍ਰਤੀ ਵੀ ਹੁੰਦੀ ਹੈ।
ਅਸੀਂ ਹਰ ਬੱਚੇ ਨੂੰ ਪਿਆਰ ਕਰਦੇ ਹਾਂ। ਕੋਈ ਸਾਡੀ ਰਿਸ਼ਤੇਦਾਰੀ ਵਿੱਚ ਹੋਵੇ ਸਾਡੇ ਦੋਸਤਾਂ ਮਿੱਤਰਾਂ ਦੇ ਬੱਚੇ ਹੋਣ ਜਾਂ ਅਧਿਆਪਕਾਂ ਲਈ ਉਹਨਾਂ ਦੇ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ। ਇਹਨਾਂ ਸਭ ਬੱਚਿਆਂ ਪ੍ਰਤੀ ਸਾਡੇ ਮਨ ਵਿੱਚ ਮਮਤਾ ਦਾ ਭਾਵ ਹੁੰਦਾ ਹੈ।
ਅਧਿਆਪਕ ਜਦੋਂ ਬੱਚੇ ਨੂੰ ਕੁਝ ਸਿਖਾਉਂਦਾ ਹੈ ਉਸ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਸਨੂੰ ਆਤਮ ਨਿਰਭਰ ਹੋਣ ਵਿੱਚ ਮਦਦ ਕਰਦਾ ਹੈ, ਉਸਨੂੰ ਇੱਕ ਸੰਪੂਰਨ ਸ਼ਖਸ਼ੀਅਤ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਵੀ ਮਮਤਾ ਦਾ ਹੀ ਇੱਕ ਰੂਪ ਹੈ। ਕਈ ਵਾਰ ਜਦੋਂ ਬੱਚੇ ਨੂੰ ਕੋਈ ਬਿਮਾਰੀ ਪਰੇਸ਼ਾਨ ਕਰਦੀ ਹੈ ਤਾਂ ਅਧਿਆਪਕ ਜਿਸ ਤਰੀਕੇ ਨਾਲ ਉਸ ਬੱਚੇ ਦਾ ਖਿਆਲ ਰੱਖਦਾ ਹੈ ਉਹ ਮਮਤਾ ਨਹੀਂ ਤਾਂ ਹੋਰ ਕੀ ਹੈ?
ਵੱਡੇ ਭੈਣ ਭਰਾ ਵੀ ਆਪਣੇ ਛੋਟੇ ਭੈਣਾਂ ਭਰਾਵਾਂ ਪ੍ਰਤੀ ਮਮਤਾ ਦਾ ਭਾਵ ਰੱਖਦੇ ਹਨ। ਉਹ ਉਹਨਾਂ ਦਾ ਖਿਆਲ ਬਿਲਕੁਲ ਮਾਂ ਦੀ ਤਰ੍ਹਾਂ ਰੱਖਦੇ ਹਨ। ਜੇਕਰ ਕਿਸੇ ਹਾਦਸੇ ਵਿੱਚ ਮਾਂ ਪਿਓ ਨੂੰ ਗਵਾ ਦੇਣ ਤਾਂ ਉਹ ਆਪਣੇ ਬੱਚਿਆਂ ਵਾਂਗ ਉਹਨਾਂ ਛੋਟੇ ਭੈਣ ਭਰਾਵਾਂ ਨੂੰ ਪਾਲਦੇ ਹਨ ਇਹ ਮਮਤਾ ਨਹੀਂ ਤਾਂ ਹੋਰ ਕੀ ਹੈ?
ਜਦੋਂ ਕੋਈ ਮਨੁੱਖ ਕਿਸੇ ਜੀਵ ਜੰਤੂ ਨਾਲ ਪਿਆਰ ਕਰਦਾ ਹੈ, ਉਸਨੂੰ ਸੰਭਾਲਦਾ ਹੈ, ਉਸ ਦਾ ਖਿਆਲ ਰੱਖਦਾ ਹੈ, ਉਸਨੂੰ ਖਾਣ ਪੀਣ ਨੂੰ ਦਿੰਦਾ, ਬਿਮਾਰੀ ਵਿੱਚ ਉਸ ਦਾ ਇਲਾਜ ਕਰਵਾਉਂਦਾ ਹੈ, ਇਹ ਵੀ ਮਮਤਾ ਦਾ ਇੱਕ ਰੂਪ ਹੈ। ਸਾਡਾ ਜੀਵ ਜੰਤੂਆਂ ਪ੍ਰਤੀ ਪਿਆਰ ਸਾਡੇ ਅੰਦਰ ਦੀ ਮਮਤਾ ਦੀ ਇੱਕ ਹੋਰ ਦਿਸ਼ਾ ਤੋਂ ਵਿਆਖਿਆ ਕਰਦਾ ਹੈ।
ਜਰੂਰੀ ਨਹੀਂ ਕਿ ਮਮਤਾ ਦੇ ਭਾਫ ਲਈ ਅਸੀਂ ਖੁਦ ਮਾਂ ਪਿਓ ਹੋਈਏ। ਜੇਕਰ ਔਲਾਦ ਨਹੀਂ ਹੈ ਤਾਂ ਵੀ ਸਾਡੇ ਅੰਦਰ ਮਮਤਾ ਹੋ ਸਕਦੀ ਹੈ। ਮਮਤਾ ਦਾ ਇੱਕ ਮੋਹ ਹੈ। ਇੱਕ ਜਿੰਮੇਵਾਰੀ ਹੈ। ਇੱਕ ਅਹਿਸਾਸ ਹੈ। ਇੱਕ ਅਜਿਹਾ ਅਹਿਸਾਸ ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਕਿਸੇ ਵਿੱਚ ਆਪਣਾ ਰੂਪ ਦੇਖਣਾ। ਕਿਸੇ ਦੀ ਅੱਗੇ ਵਧਣ ਲਈ ਮਦਦ ਕਰਨਾ। ਇਹ ਸਭ ਮਮਤਾ ਹੀ ਹੈ।
ਜਦੋਂ ਤੁਸੀਂ ਆਪਣੇ ਦੋਸਤਾਂ ਦਾ ਖਿਆਲ ਕਰਦੇ ਹੋ। ਉਹਨਾਂ ਦੀ ਮਦਦ ਕਰਦੇ ਹੋ। ਉਹਨਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੇ ਹੋ ਤੇ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਮਮਤਾ ਹੀ ਹੁੰਦੀ ਹੈ। ਅਕਸਰ ਦੇਖਿਆ ਹੈ ਕਿ ਅਸੀਂ ਆਪਣੇ ਯਾਰਾਂ ਦੋਸਤਾਂ ਦਾ ਇਸ ਤਰਾਂ ਖਿਆਲ ਰੱਖਦੇ ਹਾਂ ਕਿ ਉਹਨਾਂ ਨੂੰ ਖਾਣ ਨੂੰ ਕੀ ਪਸੰਦ ਹੈ ਇਹ ਤੱਕ ਸਾਨੂੰ ਪਤਾ ਹੁੰਦਾ ਹੈ ਫਿਰ ਇਹ ਮਮਤਾ ਨਹੀਂ ਤਾਂ ਹੋਰ ਕੀ ਹੈ?
ਮਮਤਾ ਵਰਗੇ ਪਵਿੱਤਰ ਅਹਿਸਾਸ ਨੂੰ ਸਿਰਫ ਮਾਂ ਤੱਕ ਰੱਖਣਾ ਨਾਇਨਸਾਫੀ ਹੈ। ਇਹ ਅਹਿਸਾਸ ਆਪਣੇ ਆਪ ਵਿੱਚ ਬਹੁਤ ਵੱਡਾ ਹੈ। ਮਮਤਾ ਉਹ ਮਨੁੱਖੀ ਗੁਣ ਹੈ ਜੋ ਮਨੁੱਖ ਨੂੰ ਮਨੁੱਖ ਬਣਾਉਂਦਾ ਹੈ। ਹਰ ਮਨੁੱਖ ਦੇ ਅੰਦਰ ਕਿਤੇ ਇਹ ਗੁਣ ਛੁਪਿਆ ਹੈ ਫਿਰ ਉਹ ਔਰਤ ਹੋਵੇ ਜਾਂ ਮਰਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮਮਤਾ ਹੀ ਕਿਸੇ ਮਨੁੱਖ ਦਾ ਅਸਲੀ ਗੁਣ ਹੈ। ਸ੍ਰਿਸ਼ਟੀ ਨੂੰ ਸਭ ਤੋਂ ਵੱਧ ਲੋੜ ਇਸੇ ਗੁਣ ਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਵਿਰਕ ਦੇ ਸਿਰ ਸਜਿਆ ਭਲੂਰ ਦੀ ਸਰਪੰਚੀ ਦਾ ਤਾਜ
Next article🙏 ਧੰਨਵਾਦ ਜੀਓ 🙏