ਐਧਰ ਵੇਖ

ਡਾ਼ ਮੇਹਰ ਮਾਣਕ
(ਸਮਾਜ ਵੀਕਲੀ)
ਖੁਸ਼ਬੂ ਮਹਿਕ ਅੰਦਾਜ਼ ਚਲੇ ਗਏ ਸਭ ਤੇਰੇ ਨਾਲ਼।
ਡੂੰਘੀ ਖਾਮੋਸ਼ੀ ਤੇ ਨਮੋਸ਼ੀ ਰਹਿ ਗਈ ਬਸ ਮੇਰੇ ਨਾਲ਼।
ਫੁੱਲ ਪੱਤੀਆਂ ਜੋਬਨ ਮੱਤੀਆਂ ਬੁਰੀ ਤਰ੍ਹਾਂ ਮਸਲ਼ ਕੇ
ਕਿਉਂ ਤੂੰ ਮਹਿੰਦੀ ਲਾ ਗਿਆ ਸਜ਼ਰ ਦੇ ਚਿਹਰੇ ਨਾਲ਼।
ਭਰੇ ਬਾਗ਼ ਹੋ ਗਏ ਬੰਜਰ ਚੁਫ਼ੇਰੇ ਹੁਣ ਸੰਨਾਟਾ ਹੈ
ਟੰਗ ਦਿੱਤੀ ਹੈ ਮੈਂ ਵੰਝਲੀ ਕਦੋਂ ਦੀ ਬਨੇਰੇ ਨਾਲ਼।
ਸ਼ਤਰੰਜ ਦੀਆਂ ਚਾਲਾਂ ‘ਚ ਹੁੰਦੀ ਮੁਹਾਰਤ ਜੇ ਮੈਨੂੰ
ਮਾਰਦੇ ਨਾ ਮੈਨੂੰ ਉਹ ਫੇਰ ਦਿਨ ਦੇ ਹਨੇਰੇ ਨਾਲ਼।
ਬੜਾ ਰੰਜ ਹੈ ਕਿ ਕਿਉਂ ਹੋ ਗਿਆ ਤੂੰ ਨਾ ਉਮੀਦ
ਬਾਤ ਤਾਂ ਅਸਲੋਂ ਜੁੜੀ ਐ ਚਕਰਵਿਊ ਦੇ ਘੇਰੇ ਨਾਲ਼।
ਬੁੱਤ ਬਣਾ ਕੇ ਕੋਈ ਸਜਾਅ ਦੇਵੇਗਾ ਕਿਵੇਂ ਚੁਰਾਹੇ ‘ਤੇ
ਬੇਵਸੀਆਂ ਦੇ ਦੌਰ ਵਿੱਚ ਲੜਿਆ ਹਾਂ ਮੈਂ ਜੇਰੇ ਨਾਲ਼।
ਡਾ਼ ਮੇਹਰ ਮਾਣਕ
Previous articleਪਰਮਜੀਤ ਕੌਰ ਬਣੇ ਰਾਏਪੁਰ ਅਰਾਈਆਂ ਦੇ ਸਰਪੰਚ
Next articleਲੱਗ ਗਿਆ ਜ਼ਮਾਨਾ