ਪੀਲੀਆਂ ਚੂੜੀਆਂ ਤੋਂ ਗੁੱਤ ਤੱਕ

ਡਾ ਇੰਦਰਜੀਤ ਕਮਲ
ਡਾ ਇੰਦਰਜੀਤ ਕਮਲ 
(ਸਮਾਜ ਵੀਕਲੀ) ਘਟਨਾ ਪੁਰਾਣੀ ਹੈ  ਜਦੋਂ ਦੇਸ਼ ਭਰ ਵਿੱਚ ਔਰਤਾਂ ਦੀਆਂ ਗੁੱਤਾਂ ਕੱਟਣ ਦੀਆਂ ਘਟਨਾਵਾਂ ਹੁੰਦੀਆਂ ਸਨ । ਰੱਖੜੀ ਵਾਲੇ ਦਿਨ  ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਇੱਕ ਕਸਬੇ  ਤੋਂ ਇੱਕ ਰੁਲੀਖੁਲੀ  ਜਿਹੀ ਮੁਟਿਆਰ ਨੂੰ ਲੈਕੇ ਮੇਰੇ ਕਲੀਨਿਕ ‘ਤੇ ਪਹੁੰਚੇ ਤਾਂ ਮੈਨੂੰ ਸਮਝਣ ਵਿੱਚ ਦੇਰੀ ਨਾ ਲੱਗੀ ਕਿ ਉਹ ਮਾਨਸਿਕ ਰੋਗੀ ਹੈ । ਹੁਲੀਏ ਤੋਂ ਹੀ ਪਰਿਵਾਰ ਗਰੀਬੜਾ ਜਿਹਾ ਲੱਗ ਰਿਹਾ ਸੀ । ਮੁਟਿਆਰ 12 ਜਮਾਤਾਂ ਪੜ੍ਹੀ ਸੀ ਅਤੇ ਗੱਲਬਾਤ ਤੋਂ ਪਤਾ ਲਗਦਾ ਸੀ ਕਿ ਉਹ ਪੜ੍ਹਨ ਵਿੱਚ ਠੀਕ ਰਹੀ ਹੋਵੇਗੀ । ਉਹਦੇ ਨਾਲ ਆਉਣ ਵਾਲਿਆਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਹਨੇ ਇੱਕ ਦਿਨ ਦੱਸਿਆ ਕਿ ਰਾਤ ਨੂੰ ਇੱਕ ਕਾਲੇ ਕਪੜਿਆਂ ਵਾਲੇ ਨੇ ਆ ਕੇ ਇਹਨੂੰ ਕਿਹਾ ਕਿ ਇਹ ਪੀਲੇ ਰੰਗ ਦੀਆਂ ਚੂੜੀਆਂ  ਪਾਵੇ । ਘਰਦਿਆਂ ਨੇ ਇਹਨੂੰ ਸੁਪਨਾ ਸਮਝਕੇ ਗੱਲ ਆਈ ਗਈ ਕਰ ਦਿੱਤੀ | #KamalDiKalam
                                    ਕੁਝ ਦਿਨ ਬਾਅਦ ਇਹੋ ਮੁਟਿਆਰ ਸੁੱਤੀ ਹੋਈ ਉੱਠ ਕੇ ਬੈਠ ਗਈ ਅਤੇ ਮਰਦਾਨਾਂ ਆਵਾਜ਼ ਵਿੱਚ ਕਹਿਣ ਲੱਗੀ ,” ਪੀਲੀਆਂ ਚੂੜੀਆਂ ਪਵਾਓਗੇ ਜਾਂ ਕੋਈ ਨੁਕਸਾਨ ਕਰਵਾਕੇ ਹੀ ਪਵਾਓਗੇ ?”
                                    ਹੁਣ ਘਰ ਦੇ ਡਰ ਗਏ ਅਤੇ ਅਗਲੇ ਦਿਨ ਇੱਕ ਸਾਧ ਦੇ ਡੇਰੇ ਜਾ ਕੇ ਸਾਧ ਨੂੰ ਸਾਰੀ ਗੱਲ ਦੱਸੀ ਤਾਂ ਸਾਧ  ਜੀ ਨੇ ਅੰਤਰਧਿਆਨ ਹੋ ਕੇ ਰੱਬ ਨਾਲ ਸਿੱਧੀਆਂ ਕੁੰਡੀਆਂ ਜੋੜੀਆਂ ਤੇ  ਦੱਸਿਆ ,” ਤੁਹਾਡੇ ਤੋਂ ਵੱਡੇ ਪੀਰ ਦੀ ਸੁੱਖਣਾ ਦੀ ਭੁੱਲ ਹੋਈ ਏ । ਦੋ ਦਰਜਨ ਪੀਲੀਆਂ ਚੂੜੀਆਂ ਲਿਆਕੇ ਇਹਦੇ ਦੋਹਾਂ ਹੱਥਾਂ ‘ਚ 11-11 ਚੂੜੀਆਂ ਚੜ੍ਹਾਓ ‘ਤੇ ਦੋ ਚੂੜੀਆਂ ਚੜ੍ਹਾਵੇ ਦੇ ਨਾਲ ਇੱਥੇ ਵੱਡੇ ਪੀਰ ਨੂੰ ਚੜ੍ਹਾਓ  ।”
                                   ਸੁੱਖਣਾ ਬਾਰੇ ਘਰਦਿਆਂ ਨੂੰ ਕੁਝ ਸਮਝ ਲੱਗੀ ਜਾਂ ਨਹੀਂ , ਪਰ ਅਗਲੇ ਦਿਨ ਦੋ ਦਰਜਨ ਕੱਚ ਦੀਆਂ ਪੀਲੀਆਂ ਚੂੜੀਆਂ ਸਮੇਤ ਲੜਕੀ ਨੂੰ ਲੈ ਕੇ ਸਾਧ  ਕੋਲ ਪਹੁੰਚ ਗਏ । ਸਾਧ  ਨੇ ਚੂੜੀਆਂ ਚੜ੍ਹਾਉਣ ਦੀ  ਸਾਰੀ ਰਸਮ ਆਪਣੇ ਹੱਥੀਂ ਕੀਤੀ ਅਤੇ ਦੋ ਚੂੜੀਆਂ ਨਾਲ ਚੜ੍ਹਾਵਾ ਡਕਾਰ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ।ਅਗਲੇ ਦਿਨ ਦਕੀ ਉੱਠੀ ਤਾਂ ਸਾਰੀਆਂ ਚੂੜੀਆਂ ਉਹਦੇ ਬਿਸਤਰੇ ‘ਤੇ ਟੁੱਟੀਆਂ ਪਈਆਂ ਸਨ । ਸਾਰਾ ਟੱਬਰ ਘਬਰਾਹ ਗਿਆ । ਮੁਟਿਆਰ ਨੇ ਘਰਦਿਆਂ ਨੂੰ ਦੱਸਿਆ ਕਿ ਕਾਲੇ ਕੱਪੜਿਆਂ ਵਾਲਾ ਰਾਤੀਂ ਫਿਰ ਆਇਆ ਸੀ , ਉਹਨੂੰ ਚੂੜੀਆਂ ਪਸੰਦ ਨਹੀਂ ਆਈਆਂ , ਜਿਸ ਕਾਰਨ ਉਹ ਚੂੜੀਆਂ ਤੋੜ ਗਿਆ ਤੇ ਵਧੀਆ ਚੂੜੀਆਂ ਪਾਉਣ ਲਈ ਕਹਿ ਕੇ ਗਿਆ ਹੈ ।
                                  ਸਾਧ ਕੋਲ ਜਾਣ ਦੀ ਥਾਂ ਉਸ ਮੁਟਿਆਰ ਨੂੰ ਚੂੜੀਆਂ ਪਸੰਦ ਕਰਨ ਲਈ ਬਜਾਰ ਲੈ ਗਏ , ਪਰ ਸਾਰਾ ਬਜਾਰ ਘੁੰਮ ਕੇ ਉਹਨੂੰ ਵਧੀਆ ਤੋਂ ਵਧੀਆ ਚੂੜੀਆਂ  ਵਿੱਚੋਂ ਵੀ ਕੋਈ ਪਸੰਦ ਨਾ ਆਈਆਂ ! ਥੱਕ ਹਾਰ ਕੇ ਉਹ ਵਾਪਸ ਆ ਗਏ । ਰਾਤ ਸਾਰੇ ਘਰ ਦੇ ਬੇਚੈਨੀ ਨਾਲ ਲੰਮੇ ਪੈ ਗਏ । ਥੋੜੀ ਦੇਰ ਬਾਅਦ ਹੀ ਉਹ ਮੁਟਿਆਰ ਉੱਠ ਕੇ ਆਪਣੇ ਮੰਜੇ ਉੱਪਰ ਬੈਠ ਗਈ ਅਤੇ ਆਪਣੀ ਗੁੱਤ ਨੂੰ ਘੁੰਮਾਉਦੀ ਹੋਈ ਮਰਦਾਨਾਂ ਆਵਾਜ਼ ‘ਚ ਕਹਿਣ ਲੱਗੀ ,” ਲਗਦਾ ਏ ਤੁਸੀਂ ਹੁਣ ਇਹਦੀ ਲੰਮੀ ਤੇ ਮੋਟੀ ਗੁੱਤ ਕਟਵਾ ਕੇ ਹੀ ਮੰਨੋਗੇ ।”  ਸਾਰਾ ਟੱਬਰ ਉਹਦੇ ਅੱਗੇ ਹੱਥ ਜੋੜਕੇ ਬਹਿ ਗਿਆ ਅਤੇ ਤਰਲੇ ਕਰਣ ਲੱਗਾ । ਘਰਦਿਆਂ ਨੇ ਤਰਲੇ ਲੈਂਦੇ ਹੋਏ ਪੁੱਛਿਆ ਕਿ ਅਖੀਰ ਮਸਲਾ ਹੱਲ ਕਿਵੇਂ ਹੋਊ ? ਤਾਂ ਉਸੇ ਮਰਦਾਨਾਂ ਆਵਾਜ਼ ਨੇ ਕਿਹਾ ,’ ਇਹਦੀ ਮਾਂ ਸਭ ਜਾਣਦੀ ਏ ! ‘ ਮਾਂ  ਨੇ ਝੱਟ ਆਪਣੀ ਹੀ ਧੀ ਦੇ ਪੈਰ ਫੜ ਲਏ ਤੇ ਕਹਿਣ ਲੱਗੀ ,” ਬਾਬਾ ਜੀ , ਮੇਰੇ ਤੋਂ ਕੋਈ ਭੁੱਲ ਹੋ ਗਈ ਏ ਤਾਂ ਮੈਨੂੰ ਸਜ਼ਾ ਦੇ ਦਿਓ  ,ਮੇਰੀ ਧੀ ਨੂੰ ਬਖਸ਼ ਦਿਓ ।“
                             ਮੁਟਿਆਰ ਅੰਦਰਲੇ ਬਾਬਾ ਜੀ ਨੇ ਚੌੜੇ ਹੋ ਕੇ ਦੋ ਦਿਨ ਦਾ ਵਕਤ ਦਿੱਤਾ ਤੇ  ਮਾਂ ਨੂੰ ਚੇਤਾਵਨੀ ਦਿੱਤੀ ਕਿ ਆਪਣੇ ਦਿਮਾਗ ‘ਤੇ ਜ਼ੋਰ ਪਾ ਕੇ ਮਸਲੇ ਦਾ ਹੱਲ ਲੱਭ , ਨਹੀਂ ਤਾਂ ਇਹਦੀ ਲੰਮੀ ਤੇ ਮੋਟੀ ਗੁੱਤ ਦੇ ਨਾਲ ਨਾਲ ਹੋਰ ਵੀ ਨੁਕਸਾਨ ਸਹਿਣ ਲਈ ਤਿਆਰ ਰਹਿ ।
                              ਛੋਟੀਆਂ ਮੋਟੀਆਂ ਘਟਨਾਵਾਂ ਹੋਰ ਵੀ ਹੋਈਆਂ , ਪਰ ਅਸਲ ਮਸਲੇ  ਵੱਲ ਆਉਂਦੇ ਹਾਂ । ਅਗਲੀ ਸਵੇਰ ਹੀ ਉਹਨਾਂ ਨੂੰ ਕਿਸੇ ਨੇ ਮੇਰੇ ਬਾਰੇ ਦੱਸ ਪਾ ਦਿੱਤੀ ਤੇ ‘ ਮਰਦਾ ਕੀ ਨਾ ਕਰਦਾ ‘ ਵਾਂਗ ਉਹ ਮੇਰੇ ਕਲੀਨਿਕ ਤੇ ਪਹੁੰਚ ਗਏ । ਸਾਰੀ ਕਹਾਣੀ ਸੁਣਨ ਤੋਂ ਬਾਦ ਮੇਰੇ ਦਿਮਾਗ ਵਿੱਚ ਮਸਲੇ ਦੀ ਤਸਵੀਰ ਕਾਫੀ ਸਾਫ਼ ਹੋ ਗਈ ਸੀ , ਫਿਰ ਵੀ ਅਸਲੀਅਤ ਜਾਣਨੀ ਜ਼ਰੂਰੀ ਸੀ । ਮੈਂ ਉਹਨਾਂ ਮਾਂ ਬੇਟੀ  ਤੋਂ ਬਿਨ੍ਹਾਂ ਬਾਕੀ ਸਭ ਨੂੰ ਬਾਹਰ ਜਾਣ ਲਈ ਕਿਹਾ !
                                 ਸਾਰਿਆਂ ਦੇ ਬਾਹਰ ਜਾਣ ਤੋਂ ਬਾਅਦ ਮੈਂ ਪਹਿਲਾਂ ਉਹਦੀ ਮਾਂ ਤੋਂ ਕੁਝ ਜਾਣਕਾਰੀ ਹਾਸਲ ਕੀਤੀ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਕਿ ਇੱਥੇ ਸਾਡੇ ਤਿੰਨਾਂ ਵਿੱਚ ਜੋ ਵੀ ਗੱਲਬਾਤ ਹੋਏਗੀ ਉਹ ਬਾਹਰ ਨਹੀਂ ਨਿਕਲਣੀ ਚਾਹੀਦੀ ਤਾਂਕਿ ਘਰਦਾ ਮਾਹੌਲ ਠੀਕਠਾਕ ਰਹੇ ।
                              ਸਾਰੀ ਗੱਲਬਾਤ ਤੋਂ ਨਤੀਜਾ ਇਹ ਨਿਕਲਿਆ ਕਿ ਲੜਕੀ ਨੇ ਕਿਸੇ ਵੇਲੇ ਆਪਣੀ ਮਾਂ ਤੋਂ ਸੋਨੇ ਦੀਆਂ ਚੂੜੀਆਂ ਮੰਗੀਆਂ ਸਨ , ਪਰ ਮਾਂ ਨੇ ਗਰੀਬੀ ਦਾ ਵਾਸਤਾ ਦੇ ਕੇ ਗੱਲ ਟਾਲ ਦਿੱਤੀ ਅਤੇ ਆਪਣੇ ਘਰ ਵਾਲੇ ਕੋਲ ਵੀ ਜ਼ਿਕਰ ਨਾ ਕੀਤਾ , ਜਿਹੜਾ ਮਿਹਨਤ ਮਜ਼ਦੂਰੀ ਕਰਕੇ ਟੱਬਰ ਪਾਲ ਰਿਹਾ ਸੀ । ਇਸ ਤੋਂ ਬਾਅਦ ਉਹਦੀ ਮਾਂ ਦੇ ਦਿਮਾਗ ਵਿੱਚੋਂ ਵੀ ਗੱਲ ਨਿਕਲ ਗਈ ਤੇ ਲੜਕੀ ਨੇ ਵੀ ਦੁਬਾਰਾ ਕਦੇ ਜ਼ਿਕਰ ਨਾ ਕੀਤਾ । ਲੜਕੀ ਆਪਣੇ ਮਨ ਦੀ ਇੱਛਾ ਨੂੰ ਅੰਦਰ ਹੀ ਅੰਦਰ ਦਬਾਉਂਦੀ ਰਹੀ ਅਤੇ ਉਦਾਸੀ ਰੋਗ ਦਾ ਸ਼ਿਕਾਰ ਹੋ ਗਈ ।
                               ਹਾਲੇ ਵੀ ਉਹਦੇ ਅਚੇਤ ਮਨ ਵਿੱਚ ਸੋਨੇ ਦੀਆਂ ਚੂੜੀਆਂ ਦੀ ਇੱਛਾ ਉੱਸਲਵੱਟੇ ਲੈ ਰਹੀ ਸੀ । ਪਹਿਲਾਂ ਉਹਦੇ ਖਿਆਲਾਂ ਨੇ ਕਾਲੇ ਕਪੜਿਆਂ ਵਾਲੇ ਨੂੰ ਚਿਤਰਿਆ , ਪਰ ਫਿਰ ਵੀ ਖੁੱਲ੍ਹ ਕੇ ਸੋਨੇ ਦੀਆਂ ਚੂੜੀਆਂ ਕਹਿਣ ਦੀ ਥਾਂ ‘ ਪੀਲੀਆਂ ਚੂੜੀਆਂ ‘ ਕਹਿ ਦਿੱਤੀਆਂ । ਸੋਨੇ ਦੀ ਥਾਂ ਕੱਚ ਦੀਆਂ ਚੂੜੀਆਂ ਮਿਲਦੀਆਂ ਤਾਂ ਉਹ ਟੁੱਟਣ ਤੋਂ ਕਿਵੇਂ ਬਚਦੀਆਂ ! ਫਿਰ ਉਹਨੇ ਮਾਂ ਨੂੰ ਵੀ ਇਸ਼ਾਰਾ ਦਿੱਤਾ, ਪਰ ਗਰੀਬੀ ਦੀ ਮਾਰੀ ਭੋਲੀ ਮਾਂ, ਧੀ ਅੰਦਰ ਆਏ ਬਾਬੇ ਦਾ ਇਸ਼ਾਰਾ ਨਾ ਸਮਝ ਸਕੀ ।
                                ਜਦੋਂ ਉਹ ਲੜਕੀ ਨੂੰ ਲੈਕੇ ਬਜ਼ਾਰ ‘ਚ ਚੂੜੀਆਂ ਖਰੀਦਣ ਗਏ ਤਾਂ ਉਹਨੂੰ ਚੂੜੀਆਂ ਤਾਂ ਪਸੰਦ ਨਾ ਆਈਆਂ, ਪਰ ਬਜ਼ਾਰ ਵਿੱਚ ਸੁਣੀਆਂ ਗੁੱਤਾਂ ਕੱਟਣ ਵਾਲੀਆਂ ਘਟਨਾਵਾਂ ਪਸੰਦ ਆਉਣ ਦੇ ਬਾਵਜੂਦ ਉਹਨੇ ਗੁੱਤ ਨਹੀਂ ਕੱਟੀ ਸਗੋਂ ਸਿਰਫ ਡਰਾਵਾ ਹੀ ਦਿੱਤਾ ਕਿਓਂਕਿ ਉਹਨੂੰ ਆਪਣੀ ਲੰਮੀ ਤੇ ਭਾਰੀ ਗੁੱਤ ਬਹੁਤ ਪਸੰਦ ਹੈ , ਨਹੀਂ ਤਾਂ ਉਹਨੇ ਵੀ ਗੁੱਤ ਦੀ ਬਲੀ ਦਿੰਦਿਆਂ ਪਲ ਨਹੀਂ ਸੀ ਲਗਾਉਣਾ ।
                                 ਪਹਿਲਾਂ ਮੈਂ ਲੜਕੀ ਨੂੰ ਸੰਮੋਹਿਤ ਕਰਕੇ ਉਦਾਸੀ ‘ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਕਈ ਹੋਰ  ਸੁਝਾਅ ਦੇ ਕੇ ਉਹਨੂੰ ਕੁਝ ਸਧਾਰਣ ਅਵਸਥਾ ਵਿੱਚ ਲਿਆ ਕੇ ਢੰਗ ਨਾਲ ਗੱਲਬਾਤ ਕਰਣ ਲਈ ਤਿਆਰ ਕੀਤਾ । ਸੰਮੋਹਨ ਨੀਂਦ  ਤੋਂ ਜਾਗਣ ਤੋਂ ਬਾਅਦ ਉਹ ਕਾਫੀ ਸਹਿਜ ਮਹਿਸੂਸ ਕਰ ਰਹੀ ਸੀ । #KamaldiKalam
                                   ਮਾਮਲਾ ਆਰਥਿਕਤਾ ਨਾਲ ਜੁੜਿਆ ਹੋਣ ਕਰ ਕੇ ਗਰੀਬ ਪਰਿਵਾਰ ਨੂੰ ਮੈਂ ਉਹਨਾਂ ਦੀ ਲੜਕੀ ਵਾਸਤੇ ਚੂੜੀਆਂ ਬਣਾ ਕੇ ਦੇਣ ਦੀ ਸਲਾਹ ਤਾਂ ਨਹੀਂ ਸੀ ਦੇ ਸਕਦਾ  , ਪਰ ਲੜਕੀ ਨੂੰ ਇਹ ਸਲਾਹ ਜਰੂਰ ਦਿੱਤੀ ਕਿ ਉਹ ਕਿਤੇ ਛੋਟੀ ਮੋਟੀ ਨੌਕਰੀ ਕਰੇ ਜਾਂ ਘਰ ਵਿੱਚ ਹੀ ਛੋਟੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਕੇ ਆਪਣੀਆਂ ਚੂੜੀਆਂ ਜੋਗੇ ਪੈਸੇ ਕਮਾ ਲਵੇ । ਉਹਨੇ ਦੱਸਿਆ ਕਿ ਘਰ ਦੇ ਨੇੜੇ ਹੀ ਇੱਕ ਨਿੱਜੀ ਸਕੂਲ ‘ਚ ਉਹਨੂੰ ਨੌਕਰੀ ਮਿਲਦੀ ਸੀ , ਪਰ ਘਰ ਦੇ ਨਹੀਂ ਮੰਨੇ । ਨੌਕਰੀ  ਲਈ ਮੈਂ ਉਹਦੀ ਮਾਂ ਕੋਲੋਂ ਹਾਮੀ ਭਰਵਾ ਦਿੱਤੀ ਤੇ ਉਹਦੇ ਪਿਓ ਨੂੰ ਵੀ ਅੰਦਰ ਬੁਲਾਕੇ ਸਾਰੀ ਗੱਲ ਸਾਫ਼ ਸਾਫ਼ ਦੱਸ ਦਿੱਤੀ ਤੇ ਨਾਲ ਇਹ ਵੀ ਕਿਹਾ ਕਿ ਇਸ ਲੜਕੀ ਨੇ ਇਹ ਸਭ ਜਾਣਬੁਝ ਕੇ ਨਹੀਂ ਬਲਕਿ ਇੱਕ ਮਾਨਸਿਕ ਰੋਗ ਕਾਰਣ ਕੀਤਾ ਹੈ , ਜਿਸ ਦਾ ਹੁਣ ਇਲਾਜ ਹੋ ਚੁੱਕਾ ਹੈ । ਉਹਦੇ ਪਿਓ ਨੇ ਵੀ ਨੌਕਰੀ ਵਾਸਤੇ ਹਾਮੀ ਭਰੀ ਤਾਂ ਲੜਕੀ ਦਾ ਚਿਹਰਾ ਖਿੜ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਕਾਲ ਦਾ ਤਖ਼ਤ
Next articleਮਿੰਨੀ ਕਹਾਣੀ ਧੀ