ਸੁੰਨੜਵਾਲ ਵਿਖੇ ਗੋਸ਼ੀ ਸਰਪੰਚ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਚੌਥੀ ਵਾਰ ਸਰਬ ਸੰਮਤੀ ਨਾਲ ਸੌਂਪੀ ਸਰਪੰਚੀ

ਪਿੰਡ ਵਾਸੀਆਂ ਵੱਲੋਂ ਦਿੱਤੇ ਮਾਣ ਦਾ ਹਮੇਸ਼ਾਂ ਕਰਜ਼ਦਾਰ ਰਹੇਗਾ ਸਾਡਾ ਪਰਿਵਾਰ –  ਗੋਸ਼ੀ ਸੁੰਨੜ
ਕਪੂਰਥਲਾ,  (ਸਮਾਜ ਵੀਕਲੀ) (ਕੌੜਾ)– ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਸੁੰਨੜਵਾਲ , ਜ਼ਿਲ੍ਹਾ ਕਪੂਰਥਲਾ ਵਿਖੇ ਪਿੰਡ ਦੇ ਸੂਝਵਾਨ ਵੋਟਰਾਂ ਵੱਲੋਂ ਆਪਸੀ ਮਤਭੇਦਾਂ ਨੂੰ ਲਾਂਭੇ ਕਰਦਿਆਂ ਬੀਤੇ ਦਿਨ ਪੰਚਾਇਤੀ ਚੋਣਾਂ ਦੌਰਾਨ ਪਿੰਡ ਦੀ ਪੰਚਾਇਤ ਨੂੰ ਸਰਬ ਸੰਮਤੀ ਨਾਲ ਚੁਣ ਕੇ ਜਿੱਥੇ ਬੇਹੱਦ ਉਸਾਰੂ ਕਾਰਜ ਕੀਤਾ ਗਿਆ ਹੈ, ਉੱਥੇ ਹੀ ਪਿੰਡ ਦੇ ਮੌਜੂਦਾ ਚੱਲੇ ਆ ਰਹੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਸੁੰਨੜ ਦੇ ਪਰਿਵਾਰ ਵਿੱਚ ਚੌਥੀ ਵਾਰ ਸਰਪੰਚੀ ਦੇਣ ਦਾ ਵੀ ਪਿੰਡ ਵਾਸੀਆਂ ਵੱਲੋਂ ਨਵਾਂ ਰਿਕਾਰਡ ਬਣਾਇਆ ਗਿਆ ਹੈ।
ਇਸ ਬਾਬਤ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਿੰਡ ਸੁੰਨੜਵਾਲ, ਜ਼ਿਲਾ ਕਪੂਰਥਲਾ ਦੇ ਬਤੌਰ ਸਰਪੰਚ ਪਿਛਲੀਆਂ ਤਿੰਨ ਟਰਮਾਂ ਭਾਵ  15-16 ਸਾਲ ਤੋਂ ਤਰਲੋਚਨ ਸਿੰਘ ਗੋਸ਼ੀ ਪਿੰਡ ਦੀ ਯੋਗ ਅਗਵਾਈ ਹੇਠ ਸੇਵਾ ਕਰਦੇ ਚਲੇ ਆ ਰਹੇ ਸਨ ਤੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਇਸਤਰੀ (ਜਨਰਲ) ਰਾਖਵਾਂ ਸੀਟ ਸਰਪੰਚੀ ਦੀ ਹੋ ਜਾਣ ਕਾਰਨ ਜਿੱਥੇ ਪਿੰਡ ਸੁੰਨੜਵਾਲ  ਵਿੱਚ ਬਿਨਾਂ ਚੋਣਾਂ ਦੇ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ,ਉਥੇ ਹੀ ਤਰਲੋਚਨ ਸਿੰਘ ਗੋਸ਼ੀ ਦੀ ਧਰਮ ਪਤਨੀ ਸ਼੍ਰੀਮਤੀ ਤਲਜਿੰਦਰ ਕੌਰ ਸੁੰਨੜ ਨੂੰ ਪਿੰਡ ਵਾਸੀਆਂ ਵੱਲੋਂ ਸਰਪੰਚ ਚੁਣਦਿਆਂ ਹੋਇਆਂ ਚੌਥੀ ਵਾਰ ਗੋਸ਼ੀ ਪਰਿਵਾਰ ਵਿੱਚ ਸਰਪੰਚੀ ਸੌਂਪ ਕੇ ਉਨ੍ਹਾਂ ਦੀ ਅਗਵਾਈ ਵਿੱਚ ਪੂਰਾ ਭਰੋਸਾ ਪ੍ਰਗਟ ਕੀਤਾ ਗਿਆ ਹੈ।  ਜਦਕਿ ਤਲਜਿੰਦਰ ਕੌਰ ਦੇ ਨਾਲ ਉਨ੍ਹਾਂ ਦੀ ਟੀਮ ਦੇ ਵਿੱਚ ਦਲਜੀਤ ਕੌਰ, ਗਿਆਨ ਕੌਰ, ਗੁਰਮੇਲ ਸਿੰਘ ,ਦਲਵੀਰ ਸਿੰਘ ਤੇ ਲਖਵੀਰ ਸਿੰਘ ਨੂੰ ਵੀ ਸਰਬਸੰਮਤੀ ਨਾਲ ਪੰਚ ਚੁਣਿਆ ਗਿਆ ਹੈ।
ਇਸੇ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਤੇ ਨਵ ਨਿਯੁਕਤ ਸਰਪੰਚ ਤਲਜਿੰਦਰ ਕੌਰ ਨੇ ਸਮੂਹ ਨਗਰ ਨਿਵਾਸੀਆਂ ਦਾ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਹੈ ,ਜਿਨਾਂ ਨੇ ਉਹਨਾਂ ਨੂੰ ਸਰਬ ਸੰਮਤੀ ਨਾਲ ਫੈਸਲਾ ਲੈ ਕੇ ਪਿੰਡ ਦੀ ਅਗਵਾਈ ਕਰਨ ਵਿਚ ਭਰੋਸਾ ਪ੍ਰਗਟ ਕੀਤਾ ਹੈ ।
ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਦਾ ਇਹ ਕਰਜ਼  ਕਦਾਚਿਤ ਚੁਕਾ ਨਹੀਂ ਸਕਾਂਗੇ , ਕਿਉਂਕਿ ਪਿਛਲੇ 15 ਸਾਲਾਂ ਤੋਂ ਉਨ੍ਹਾਂ ਨੇ ਬਤੌਰ ਸਰਪੰਚ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਵਿਕਾਸ ਕਾਰਜਾਂ ਪੱਖੋਂ ਜਿੱਥੇ ਇਲਾਕੇ ਦਾ ਅਗਾਂਹਵਧੂ ਪਿੰਡ ਬਣਾਇਆ ਹੈ ,ਉੱਥੇ ਹੀ ਪਿੰਡ ਵਿੱਚ ਆਪਸੀ ਭਾਈਚਾਰਾ ਕਾਇਮ ਰੱਖਣ ਨੂੰ ਵੀ ਹਮੇਸ਼ਾ ਤਰਜ਼ੀਹ ਦਿੱਤੀ ਹੈ ,ਜਿਸ ਦੇ ਕਾਰਨ ਪਿੰਡ ਵਾਸੀਆਂ ਵੱਲੋਂ ਇਹ ਸ਼ਲਾਘਾਯੋਗ ਫੈਸਲਾ ਕੀਤਾ ਗਿਆ ਹੈ।
 ਇਸੇ ਦੌਰਾਨ ਸਮੁੱਚੀ ਪੰਚਾਇਤ ਨੂੰ ਰਿਟਰਨਿੰਗ ਅਫਸਰ ਹਰਵਿੰਦਰ ਸਿੰਘ ਭੰਡਾਲ ਵੱਲੋਂ ਡਾਇਟ ਸ਼ੇਖਪੁਰ ਕਪੂਰਥਲਾ ਤੋਂ ਸਰਟੀਫਿਕੇਟ ਜਾਰੀ ਕੀਤੇ ਗਏ।
 ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ  ਤਰਲੋਚਨ ਸਿੰਘ ਗੋਸ਼ੀ, ਮਾਸਟਰ ਸੁਖਦਿਆਲ ਸਿੰਘ ਝੰਡ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ ਕਪੂਰਥਲਾ ,ਜਰਨੈਲ ਸਿੰਘ ਮੇਜਰ ਤੇ ਬਲਦੇਵ ਸਿੰਘ ਦੇਬੀ ਆਦਿ ਮੌਕੇ ਉੱਤੇ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਿਡਜ ਬਲੋਸਮ ਪਲੇਅ-ਵੇ ਸਕੂਲ ਦੇ ਵਿਦਿਆਰਥੀ ਐਸ਼ਲੀਨ ਕੌਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
Next articleਨਵੀਆਂ ਪੰਚਾਇਤਾਂ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਨਮਾਨਿਤ ਕੀਤਾ