ਵਿਰਸੇ ਦੀ ਝਾਤ

ਖੁਸ਼ੀ ਮੁਹੰਮਦ 'ਚੱਠਾ'
 (ਸਮਾਜ ਵੀਕਲੀ)
ਫੱਟੀ, ਗਾਚੀ, ਕਲਮ, ਦਵਾਤਾਂ ਨਹੀਂ ਰਹੀਆਂ
ਚੁੱਲੇ – ਚੌਂਕੇ  ਅਤੇ  … ਸਵਾਤਾਂ  ਨਹੀਂ ਰਹੀਆਂ
ਬੱਚਿਆਂ ਦੇ ਲਈ ਖੇਡ ਬੜੀ ਮਨਮੋਹਣੀ ਸੀ
ਤਾਕੀ ਵਿੱਚੋਂ ਕਰਨੀਆਂ ਝਾਤਾਂ ਨਹੀਂ ਰਹੀਆਂ
ਲੁਕਣ ਮੀਟੀਆਂ, ਊਚ ਨੀਚ ਤੇ ਠਾਹ ਥੱਪਾ
ਇੱਕ ਦੂਜੇ ਨੂੰ ਸ਼ਹਿ ਤੇ ਮਾਤਾਂ ਨਹੀਂ ਰਹੀਆਂ
ਟਿੰਡਾਂ ਵਾਲੇ ਖੂਹ  ਤਾਂ  ਕਿਧਰੇ  ਦਿਸਦੇ ਨਹੀਂ
ਸੱਥਾਂ ਵਾਲੀਆਂ ਗੱਲਾਂ – ਬਾਤਾਂ ਨਹੀਂ ਰਹੀਆਂ
ਚਾਟੀ ਵਿੱਚ ਮਧਾਣੀ ਹੁਣ ਕੋਈ ਪਾਉਂਦੀ ਨਹੀਂ
ਕੈਂਹੇ  ਵਾਲੇ  ਥਾਲ – ਪਰਾਤਾਂ   ਨਹੀਂ ਰਹੀਆਂ
ਮੈਰਿਜ ਪੈਲਸਾਂ  ਨੇ  ਵੀ  ਬਹੁਤਾ  ਖੋਹਿਆ  ਏ
ਵਿਆਹਾਂ  ਵਾਲੇ  ਟੈਂਟ-ਕਨਾਤਾਂ  ਨਹੀਂ ਰਹੀਆਂ
ਹੁਣ ਚਹੁੰ  ਛੱਲਿਆਂ  ਵਾਲੀ  ਗੱਡੀ ਲਾੜੇ ਦੀ
ਗੱਡਿਆਂ ਉੱਤੇ ਜਾਣ ਬਰਾਤਾਂ ਨਹੀਂ ਰਹੀਆਂ
ਪਹਿਲਾਂ ਜਿਹੀਆਂ ਤਾਂ ਤਿਰਕਾਲਾਂ ਲੱਭਦੀਆਂ ਨਹੀਂ
ਪਹਿਲਾਂ ਵਰਗੀਆਂ ਵੀ ਪ੍ਰਭਾਤਾਂ ਨਹੀਂ ਰਹੀਆਂ
ਮੌਸਮ  ਨੇ ਵੀ  ਬਹੁਤੀ  ਕਰਵਟ ਬਦਲ ਲਈ
ਪਹਿਲਾਂ ਵਰਗੇ ਦਿਨ ਤੇ ਰਾਤਾਂ ਨਹੀਂ ਰਹੀਆਂ
ਸਾਉਣ ਮਹੀਨਾ ਵੀ ਹੁਣ ਸੁੱਕਾ ਹੀ ਲੰਘ ਜਾਂਦਾ
ਝੜੀਆਂ ਵਾਲੀਆਂ ਹੁਣ ਬਰਸਾਤਾਂ ਨਹੀਂ ਰਹੀਆਂ
“ਖੁਸ਼ੀ ਮੁਹੰਮਦਾ” ਮਿਲਣਾ ਹੁਣ ਰਸਮੀਤੀ ਹੈ
ਪਹਿਲਾਂ ਵਰਗੀਆਂ ਮੁਲਾ..ਕਾਤਾਂ ਨਹੀਂ ਰਹੀਆਂ
ਖੁਸ਼ੀ ਮੁਹੰਮਦ ‘ਚੱਠਾ’
Previous articleਹੋਣੀ ਦਾ ਗੇੜ….
Next articleਧੀ ਪੰਜਾਬ ਦੀ