ਨਿਰੋਗੀ ਜੀਵਨ ਤੇ ਲੰਬੀ ਉਮਰ ( ਸਤਵਾਂ ਅੰਕ)

ਡਾ. ਲਵਪ੍ਰੀਤ ਕੌਰ "ਜਵੰਦਾ"
ਡਾ. ਲਵਪ੍ਰੀਤ ਕੌਰ “ਜਵੰਦਾ”
(ਸਮਾਜ ਵੀਕਲੀ) ਸੱਤਵੇਂ ਅੰਕ ਵਿਚ ਗੱਲ ਕਰ ਰਹੇ ਹਾਂ ਫੇਰ ਪੇਟ ਸੰਬੰਧੀ ਤਕਲੀਫਾਂ ਤੇ ਦਿੱਕਤਾਂ ਬਾਰੇ ਜਿਗਰ ਬਾਰੇ ਜਿਗਰ ਸਾਡੇ ਪੇਟ ਵਿੱਚ ਸ਼ਰੀਰ ਦਾ ਮੁੱਖ ਅੰਗ ਹੈ।
ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ
ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ। ਜਿਗਰ ਮਨੁੱਖੀ ਸਰੀਰ ਵਿਚ ਪ੍ਰੋਟੀਨ ਦਾ ਸਭ ਤੋਂ ਜ਼ਰੂਰੀ ਭਾਗ ਐਲਬਿਊਮਿਨ (lbumin) ਤਿਆਰ ਕਰਦਾ ਹੈ ਅਤੇ ਮਨੁੱਖ ਦੇ ਸਰੀਰ ਵਿਚ ਬਿਮਾਰੀ ਰੋਧਕ ਸਿਸਟਮ ਤਿਆਰ ਕਰਨ ਵਾਲਾ ਮੁੱਖ ਅੰਗ ਹੈ। ਇਹ ਅੰਗ ਸਰੀਰ ਵਿਚ ਖੂਨ ਜੰਮਣ ਵਿਚ ਮਦਦ ਕਰਨ ਵਾਲੇ ਪਦਾਰਥਾਂ ਨੂੰ ਤਿਆਰ ਕਰਨ ਤੋਂ ਇਲਾਵਾ ਖੂਨ ਵਿਚਲੇ ਅਮੋਨੀਆ ਨੂੰ ਯੂਰੀਆ ਵਿਚ ਤਬਦੀਲ ਕਰਕੇ ਖੂਨ ਸ਼ੁੱਧ ਕਰਦਾ ਹੈ। ਜਿਗਰ ਮਨੁੱਖੀ ਸਰੀਰ ਲਈ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਪਾਚਣ ਪ੍ਰਣਾਲੀ ਦੇ ਸਭ ਤੋਂ ਜ਼ਰੂਰੀ ਪਦਾਰਥ ਬਾਈਲ  ਦਾ ਉਤਪਾਦਨ ਕਰਦਾ ਹੈ ਜੋ ਸਰੀਰ ਵਿਚ ਫੈਟ ਅਤੇ ਪ੍ਰੋਟੀਨ ਪਚਾਉਣ ਵਿਚ ਸਹਾਈ ਹੁੰਦਾ ਹੈ। ਇਸ ਲਈ ਤੰਦਰੁਸਤ ਜੀਵਨ ਸ਼ੈਲੀ ਲਈ ਜਿਗਰ ਦਾ ਤੰਦਰੁਸਤ ਅਤੇ ਬਿਮਾਰੀਆਂ ਤੋਂ ਮੁਕਤ ਹੋਣਾ ਸਰੀਰ ਲਈ ਲਾਜ਼ਮੀ ਹੈ। ਮਨੁੱਖਤਾ ਨੂੰ ਸਿਹਤਯਾਬ ਰੱਖਣ ਲਈ ਸਰੀਰ ਦੇ ਇਸ ਮੁੱਖ ਅੰਗ ਦੀ ਤੰਦਰੁਸਤੀ ਅਤੇ ਇਸ ਨਾਲ ਸਬੰਧਤ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਬਹੁਤ ਜ਼ਰੂਰਤ ਹੈ।
                 ਜਿਗਰ ਨਾਲ ਸਬੰਧਤ ਛੋਟੀਆਂ ਲੱਗਣ ਵਾਲੀਆਂ ਬਿਮਾਰੀਆਂ ਵੱਲ ਧਿਆਨ ਨਾ ਦੇਣ ਕਾਰਨ ਇਹ ਇਨਸਾਨਾਂ ਲਈ ਜਾਨਲੇਵਾ ਸਾਬਤ ਹੁੰਦੀਆਂ ਹਨ। ਜਿਗਰ ਦਾ ਕੈਂਸਰ, ਪੇਟ ਵਿਚ ਪਾਣੀ ਭਰ ਜਾਣਾ, ਬੇਸੁਰਤ/ਬੇਹੋਸ਼ ਹੋ ਜਾਣਾ, ਖੂਨ ਦੀਆਂ ਉਲਟੀਆਂ ਅਤੇ ਪੀਲੀਆ (jaundice) ਆਦਿ ਭਿਆਨਕ ਬਿਮਾਰੀਆਂ ਜਿਗਰ ਦੇ ਛੋਟੇ ਲੱਗਣ ਵਾਲੇ ਰੋਗਾਂ ਤੋਂ ਸ਼ੁਰੂ ਹੁੰਦੀਆਂ ਹਨ, ਜਿਨ੍ਹਾਂ ਵਿਚ ਭੁੱਖ ਤੇ ਭਾਰ ਘਟਣਾ, ਕਮਜ਼ੋਰੀ, ਚਮੜੀ ਸੁੱਕਣਾ ਅਤੇ ਕੰਮ ਵਿਚ ਧਿਆਨ ਦਾ ਕੇਂਦਰਿਤ ਨਾ ਹੋਣਾ ਆਦਿ ਤੋਂ ਸ਼ੁਰੂ ਹੁੰਦੀਆਂ ਹਨ।
                 ਵਿਗਿਆਨਕ ਨਜ਼ਰੀਏ ਨਾਲ ਦੇਖਣ ਤੋਂ ਪਤਾ ਚੱਲਦਾ ਹੈ ਕਿ ਸ਼ਰਾਬਨੋਸ਼ੀ, ਸ਼ੂਗਰ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਅੱਜ ਦੇ ਸਮੇਂ ਵਿਚ ਜਿਗਰ ਦੇ ਰੋਗਾਂ ਦੀ ਮੁੱਖ ਵਜ੍ਹਾ ਹਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 10 ਸਾਲ ਜਾਂ ਜ਼ਿਆਦਾ ਸਮੇਂ ਲਈ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਵਿਚ ਜਿਗਰ ਦੇ ਖਰਾਬ ਹੋਣ ਦੇ ਆਸਾਰ ਜ਼ਿਆਦਾ ਸਾਹਮਣੇ ਆਏ ਹਨ। ਸਰੀਰ ਵਿਚ ਤਾਂਬੇ ਅਤੇ ਲੋਹੇ ਦੀ ਬਹੁਤਾਤ ਤੋਂ ਇਲਾਵਾ ਹੈਪੇਟਾਈਟਸ ਬੀ ਅਤੇ ਸੀ (ਕਾਲਾ ਪੀਲੀਆ) ਜਿਗਰ ਦੇ ਰੋਗਾਂ ਦਾ ਵੱਡਾ ਕਾਰਨ ਬਣਦੇ ਹਨ। ਪੰਜਾਬ ਦੇ ਹਾਲਾਤ ‘ਤੇ ਨਜ਼ਰ ਮਾਰਿਆਂ ਸਾਹਮਣੇ ਆਇਆ ਹੈ ਕਿ ਹਰ ਦੂਸਰਾ ਬੰਦਾ ਜਿਗਰ ਦੇ ਰੋਗ ਨਾਲ ਪੀੜਤ ਹੈ ਜੋ ਯੋਗ ਸਮੇਂ ‘ਤੇ ਇਲਾਜ ਨਾ ਕਰਵਾਉਣ ਦੀ ਸੂਰਤ ਵਿਚ ਜਿਗਰ ਪੂਰੀ ਤਰ੍ਹਾਂ ਖਰਾਬ ਹੋਣ ਦਾ ਕਾਰਨ ਬਣਦੇ ਹਨ।
                 ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੁਆਰਾ ਸੂਈਆਂ ਦਾ ਲੈਣ-ਦੇਣ ਕਰਨ ਕਾਰਨ ਕਾਲਾ ਪੀਲੀਆ ਅਤੇ ਏਡਜ਼ ਫੈਲਣ ਦੀ ਦਰ ਵਿਚ ਵਾਧਾ ਹੋ ਰਿਹਾ ਹੈ। ਕਾਲਾ ਪੀਲੀਆ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਰੋਗ ਹੈਪੇਟਾਈਟਸ ਬੀ ਅਤੇ ਸੀ, ਜਿਗਰ ਦੇ ਪੂਰਨ ਰੂਪ ਵਿਚ ਖਰਾਬ ਹੋਣ ਦਾ ਕਾਰਨ ਮੰਨਿਆ ਜਾਂਦਾ ਹੈ। ਪੰਜਾਬ ਵਿਚ ਫੈਲ ਰਹੀ ਇਸ ਆਮ ਬਿਮਾਰੀ ਤੋਂ ਬਚਣ ਲਈ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਭਾਰਤ ਵਿਚ ਹੈਪੇਟਾਈਟਸ ਏ ਅਤੇ ਬੀ ਜ਼ਿਆਦਾ ਆਬਾਦੀ ਵਿਚ ਪਾਏ ਜਾਂਦੇ ਹਨ ਜੋ ਪੀਲੀਏ ਦਾ ਮੁੱਖ ਕਾਰਨ ਬਣਦੇ ਹਨ ਜਿਹੜੇ ਜਿਗਰ ਦੇ ਪੂਰੀ ਤਰ੍ਹਾਂ ਫੇਲ ਹੋਣ ਦਾ ਕਾਰਨ ਬਣਦੇ ਹਨ ਜਿਸ ਨੂੰ ‘ਪੀਲੀਆ ਦਿਮਾਗ ਨੂੰ ਚੜ੍ਹਨਾ’ ਕਹਿੰਦੇ ਹਨ। ਹੈਪੇਟਾਈਟਸ ਏ ਅਤੇ ਬੀ ਦੇ ਪੈਦਾ ਹੋਣ ਦਾ ਕਾਰਨ ਗੈਰ-ਤੰਦਰੁਸਤ ਖਾਣ ਵਾਲੇ ਪਦਾਰਥਾਂ ਦਾ ਸੇਵਨ ਕਰਨਾ ਹੈ। ਇਸ ਲਈ ਤੰਦਰੁਸਤ ਖਾਧ ਪਦਾਰਥਾਂ ਦੇ ਸੇਵਨ ਦੀ ਆਦਤ ਇਸ ਬਿਮਾਰੀ ਤੋਂ ਬਚਾਉਣ ਵਿਚ ਮੋਹਰੀ ਭੂਮਿਕਾ ਅਦਾ ਕਰਦੀ ਹੈ। ਇਹ ਬਿਮਾਰੀ, ਬਿਮਾਰੀ-ਗ੍ਰਸਤ ਖੂਨ ਚੜ੍ਹਾਉਣ ਨਾਲ ਜਾਂ ਸੂਈਆਂ ਦੀ ਵਰਤੋਂ ਤੋਂ ਇਲਾਵਾ ਬਿਮਾਰੀ ਨਾਲ ਪੀੜਤ ਮਰਦ ਜਾਂ ਔਰਤ ਨਾਲ ਸਰੀਰਕ ਸਬੰਧ ਬਣਾਉਣ ਨਾਲ ਵੀ ਫੈਲਦੀ ਹੈ।
                 ਜਿਗਰ ਨੂੰ ਬਿਮਾਰੀ ਤੋਂ ਬਚਾਅ ਲਈ ਜਿਗਰ ਦੀ ਤੰਦਰੁਸਤੀ ਨੂੰ ਬਰਕਰਾਰ ਰੱਖਣਾ ਅਤੇ ਜਿਗਰ ਦੇ ਵਿਕਾਰ ਪੈਦਾ ਕਰਨ ਵਾਲੇ ਕਾਰਨਾਂ ਤੋਂ ਬਚਾਅ ਕਰਨਾ ਜ਼ਰੂਰੀ ਹੈ। ਮੋਟਾਪੇ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਦੇ ਨਾਲ ਨਾਲ ਸ਼ਰਾਬ ਤੋਂ ਪ੍ਰਹੇਜ ਕਰਨਾ ਜ਼ਰੂਰੀ ਹੁੰਦਾ ਹੈ। ਮੋਟਾਪਾ ਕਾਬੂ ਕਰਨਾ ਜਿਗਰ ਦੇ ਰੋਗਾਂ ਤੋਂ ਬਚਾਅ ਦਾ ਮੁੱਖ ਤਰੀਕਾ ਮੰਨਿਆ ਜਾਂਦਾ ਹੈ, ਇਸ ਲਈ ਲਗਾਤਾਰ ਕਸਰਤ ਕਰਨ ਅਤੇ ਸੈਰ ਆਪਣੀ ਜ਼ਿੰਦਗੀ ਦਾ ਭਾਗ ਬਣਾਉ। ਜਿਗਰ ਦੇ ਜ਼ਿਆਦਾਤਰ ਰੋਗੀ ਪਹਿਲਾਂ ਦੇਸੀ ਦਵਾਈਆਂ ਜਾਂ ਨੀਮ-ਹਕੀਮਾਂ ਤੋਂ ਇਲਾਜ ਸ਼ੁਰੂ ਕਰ ਦਿੰਦੇ ਹਨ ਜੋ ਰੋਗ ਵਧਣ ਅਤੇ ਗੁਰਦੇ ਖਤਮ ਕਰਨ ਦਾ ਮੁੱਖ ਕਾਰਨ ਬਣਦਾ ਹੈ। ਇਸ ਲਈ ਜਿਗਰ ਦੇ ਰੋਗਾਂ ਦੇ ਬਚਾਅ ਲਈ ਅਜਿਹੇ ਲੋਕਾਂ ਕੋਲੋਂ ਦਵਾਈਆਂ ਉਕਾ ਨਹੀਂ ਲੈਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਜਿਗਰ ਦੇ ਰੋਗਾਂ ਦੇ ਮਾਹਰ ਡਾਕਟਰ ਕੋਲੋਂ ਮੁਆਇਨਾ ਕਰਵਾ ਕੇ ਸਮੇਂ ਸਿਰ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ।
ਜਿਗਰ ਦਾ ਵੱਧ ਜਾਣਾ(ਫੈਟੀ ਲੀਵਰ)
ਅੱਜਕੱਲ੍ਹ ਫੈਟੀ ਲੀਵਰ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ, ਕਿਉਂਕਿ ਗਲਤ ਖਾਣ ਪੀਣ ਅਤੇ ਘੱਟ ਐਕਸਰਸਾਈਜ਼ ਕਰਨ ਦੇ ਨਾਲ ਇਹ ਸਮੱਸਿਆ ਜ਼ਿਆਦਾ ਵੱਧਦੀ ਹੈ। ਲੀਵਰ ਸਾਡੇ ਸਰੀਰ ਦਾ ਮੁੱਖ ਅੰਗ ਹੈ। ਇਹ ਸਾਡੇ ਸਰੀਰ ਵਿੱਚ ਭੋਜਨ ਪਚਾਉਣ, ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਅਤੇ ਸਰੀਰ ਦੇ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਜ਼ਿਆਦਾਤਰ ਇਹ ਸਮੱਸਿਆ ਫੈਟ ਵਾਲਾ ਖਾਣਾ ਖਾਣ ਕਾਰਨ ਹੁੰਦੀ ਹੈ। ਫੈਟੀ ਲਿਵਰ ਅਜਿਹੀ ਸਮੱਸਿਆ ਹੈ, ਜਿਸ ’ਚ ਲੀਵਰ ਦੀਆਂ ਕੋਸ਼ਿਕਾਵਾਂ ਵਿੱਚ ਫੈਟ ਦੀ ਮਾਤਰਾ ਵਧ ਜਾਂਦੀ ਹੈ, ਜੋ ਲਿਵਰ ਲਈ ਠੀਕ ਨਹੀਂ ਹੁੰਦੀ। ਲੀਵਰ ਵਿਚ ਲਗਾਤਾਰ ਫੈਟ ਜਮ੍ਹਾਂ ਹੋ ਕਾਰਨ ਲੀਵਰ ਦੇ ਟਿਸ਼ੂ ਸਖ਼ਤ ਹੋ ਜਾਂਦੇ ਹਨ, ਜਿਸ ਕਾਰਨ ਇਹ ਸਮੱਸਿਆ ਹੋ ਜਾਂਦੀ ਹੈ।
ਅੱਜਕਲ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਆਪਣੇ ਕੰਮਾਂ ‘ਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੀ ਸਿਹਤ ਤੇ ਸਹੀ ਖਾਣ-ਪੀਣ (ਖੁਰਾਕ) ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਇਸ ਦੇ ਨਾਲ ਹੀ ਫਾਸਟ ਫੂਡ, ਜ਼ਿਆਦਾ ਤਲੀਆਂ ਚੀਜ਼ਾਂ ਖਾਣਾ ਤੇ ਸਿਹਤਮੰਦ ਭੋਜਨ ਨਾ ਲੈਣਾ ਆਦਿ ਨਾਲ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ ਜਿਨ੍ਹਾਂ ‘ਚੋਂ ਫੈਟੀ ਲਿਵਰ ਇੱਕ ਹੈ। ਇਹ ਇਕ ਬਹੁਤ ਹੀ ਆਮ ਸਮੱਸਿਆ ਹੈ, ਪਰ ਜੇਕਰ ਸਮੇਂ ਸਿਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਗੰਭੀਰ ਰੂਪ ਲੈ ਸਕਦੀ ਹੈ।
ਫੈਟੀ ਲਿਵਰ ਦੀ ਸਮੱਸਿਆ ਦੋ ਤਰ੍ਹਾਂ ਦੀ ਹੁੰਦੀ ਹੈ – ਅਲਕੋਹਲ ਫੈਟੀ ਜਿਗਰ ਅਤੇ ਗੈਰ-ਅਲਕੋਹਲ ਫੈਟੀ ਲਿਵਰ। ਇਨ੍ਹਾਂ ਦੋਨਾਂ ‘ਚੋਂ ਗੈਰ-ਅਲਕੋਹਲ ਫੈਟੀ ਲਿਵਰ ਦੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਜਿਸ ਦਾ ਮੁੱਖ ਕਾਰਨ ਸਾਡਾ ਗਲਤ ਖਾਣ-ਪੀਣ (ਖੁਰਾਕ) ਹੈ। ਇਸ ਬਿਮਾਰੀ ਦੇ ਲੱਛਣ ਤੇ ਅਜਿਹੀ ਸਥਿਤੀ ‘ਚ ਸਾਨੂੰ ਕੀ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ:
ਫੈਟੀ ਲਿਵਰ ਹੋਣ ਦੇ ਮੁੱਖ ਕਾਰਨ
. ਮੋਟਾਪਾ
. ਜ਼ਿਆਦਾ ਤਲੀਆਂ ਚੀਜ਼ਾਂ ਖਾਣੀਆਂ
. ਜ਼ਿਆਦਾ ਮਸਾਲੇਦਾਰ ਖਾਣੇ ਦਾ ਸੇਵਨ ਕਰਨਾ
. ਖੂਨ ਵਿਚ ਵਸਾ ਜ਼ਿਆਦਾ ਹੋਣੀ
. ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ
. ਪੀਣ ਦੇ ਪਾਣੀ ਵਿੱਚ ਕਲੋਰੀਨ ਦੀ ਜ਼ਿਆਦਾ ਮਾਤਰਾ ਹੋਣੀ
. ਵਾਇਰਲ ਹੈਪੇਟਾਈਟਿਸ
ਫੈਟੀ ਲਿਵਰ ਦੇ ਮੁੱਖ ਲੱਛਣ
. ਢਿੱਡ ਦੇ ਸੱਜੇ ਪਾਸੇ ਦੇ ਉੱਪਰੀ ਹਿੱਸੇ ਵਿਚ ਦਰਦ ਹੋਣਾ
. ਭਾਰ ਘੱਟ ਹੋਣ ਲੱਗਣਾ
. ਕਮਜ਼ੋਰੀ ਮਹਿਸੂਸ ਹੋਣੀ
. ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਪੈ ਜਾਣਾ
. ਖਾਣਾ ਸਹੀ ਤਰ੍ਹਾਂ ਹਜ਼ਮ ਨਾ ਹੋਣਾ
. ਐਸੀਡਿਟੀ ਦੀ ਸਮੱਸਿਆ ਰਹਿਣਾ
. ਢਿੱਡ ਵਿੱਚ ਸੋਜ
. ਥਕਾਵਟ,
.ਭੁੱਖ ਘੱਟ ਲੱਗਣਾ,
.ਉਲਟੀ ਆਉਣਾ,
.ਕਿਸੇ ਵੀ ਕੰਮ ‘ਚ ਧਿਆਨ ਨਾ ਲੱਗਣਾ,
.ਲਿਵਰ (ਜਿਗਰ) ਦਾ ਆਕਾਰ ਵਧਣਾ
.ਪੇਟ ‘ਚ ਦਰਦ ਆਦਿ ਫੈਟੀ ਲਿਵਰ ਦੇ ਮੁੱਢਲੇ ਲੱਛਣ ਹਨ।
ਅਜਿਹੇ ਲੋਕਾਂ ਨੂੰ ਹੁੰਦੀ ਹੈ ਫੈਟੀ ਲਿਵਰ ਹੋਣ ਦੀ ਜ਼ਿਆਦਾ ਸੰਭਾਵਨਾ
ਜ਼ਿਆਦਾ ਅਲਕੋਹਲ ਦਾ ਸੇਵਨ ਕਰਨ ਵਾਲੇ
ਅਲਕੋਹਲ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਖ਼ਰਾਬ ਕਰਦੀ ਹੈ। ਇਹ ਲੀਵਰ ਨੂੰ ਸਭ ਤੋਂ ਜ਼ਿਆਦਾ ਖ਼ਰਾਬ ਕਰਦੀ ਹੈ। ਇਸ ਲਈ ਜਿਹੜੇ ਲੋਕ ਜ਼ਿਆਦਾ ਅਲਕੋਹਲ ਪੀਂਦੇ ਹਨ, ਉਨ੍ਹਾਂ ਵਿਚ ਫੈਟੀ ਲਿਵਰ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਹੈ। ਇਸ ਤੋਂ ਇਲਾਵਾ ਜੋ ਲੋਕ ਫਾਸਟ ਫੂਡ, ਜੰਕ ਫੂਡ ਅਤੇ ਵਸਾ ਵਾਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ, ਉਨ੍ਹਾਂ ਵਿੱਚ ਵੀ ਫੈਟੀ ਲਿਵਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਸ਼ੂਗਰ ਦੇ ਮਰੀਜ਼
ਟਾਈਪ ਟੂ ਸ਼ੂਗਰ ਦੇ ਮਰੀਜ਼ਾਂ ਵਿਚ ਫੈਟੀ ਲਿਵਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਕਿਉਂਕਿ ਇਸ ਨਾਲ ਸਰੀਰ ’ਚ ਇੰਸੁਲਿਨ ਬਣਨਾ ਬੰਦ ਹੋ ਜਾਂਦਾ ਹੈ। ਖ਼ੂਨ ਵਿੱਚ ਸ਼ੂਗਰ ਘੁਲਣ ਲੱਗਦਾ ਹੈ। ਇਨਸੁਲੀਨ ਖ਼ੂਨ ਵਿੱਚ ਗੁਲੂਕੋਜ਼ ਦੀ ਮਾਤਰਾ ਨੂੰ ਕੰਟਰੋਲ ਕਰਨ ਤੋਂ ਇਲਾਵਾ ਲਿਵਰ ਵਿਚ ਫੈਟ ਜਮ੍ਹਾਂ ਨਹੀਂ ਹੋਣ ਦਿੰਦਾ। ਟਾਈਪ ਟੂ ਸ਼ੂਗਰ ਵਿਚ ਸਰੀਰ ’ਚ ਇੰਸੁਲਿਨ ਬਣਨਾ ਬੰਦ ਹੋ ਜਾਂਦਾ ਹੈ। ਇਸ ਲਈ ਫੈਟੀ ਲਿਵਰ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ ।
ਮੋਟੇ ਲੋਕ
ਮੋਟਾਪਾ ਫੈਟੀ ਲਿਵਰ ਦਾ ਮੁੱਖ ਕਾਰਨ ਹੈ। ਫੈਟੀ ਲਿਵਰ ਰੋਗ ਲੀਵਰ ਦੀ ਉਹ ਸਥਿਤੀ ਹੈ, ਜਦੋਂ ਲਿਵਰ ਵਿਚ ਬਹੁਤ ਜ਼ਿਆਦਾ ਫੈਟ ਇਕੱਠੀ ਹੋ ਜਾਂਦੀ ਹੈ। ਮੋਟਾਪੇ ਵਿੱਚ ਵੀ ਸਰੀਰ ਵਿੱਚ ਐਕਸਟ੍ਰਾ ਫੈਟ ਜੰਮਣ ਲੱਗਦੀ ਹੈ, ਜਿਸ ਨਾਲ ਸਰੀਰ ਮੋਟਾ ਹੁੰਦਾ ਹੈ। ਇਸ ਲਈ ਮੋਟਾਪੇ ਕਾਰਨ ਸਾਡੀ ਅੰਦਰੂਨੀ ਅੰਗਾਂ ਵਿੱਚ ਫੈਟ ਜੰਮਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਫੈਟੀ ਲਿਵਰ ਵਿੱਚ ਜੰਮਣ ਲੱਗਦਾ ਹੈ, ਤਾਂ ਫੈਟੀ ਲਿਵਰ ਦੀ ਸਮੱਸਿਆ ਹੋ ਜਾਂਦੀ ਹੈ ।
ਹਾਈ ਕੋਲੈਸਟ੍ਰੋਲ ਦੇ ਕਾਰਨ
ਵਸਾਯੁਕਤ ਚੀਜ਼ਾਂ ਜ਼ਿਆਦਾ ਖਾਣ ਨਾਲ ਸਰੀਰ ਵਿੱਚ ਕੋਲੈਸਟਰੌਲ ਦਾ ਲੇਵਲ ਬਹੁਤ ਜ਼ਿਆਦਾ ਵਧ ਜਾਂਦਾ ਹੈ। ਫੈਟੀ ਲਿਵਰ ਦੀ ਸਮੱਸਿਆ ਹੋਣ ’ਤੇ ਲੀਵਰ ਸਰੀਰ ਵਿਚ ਕੋਲੈਸਟਰੋਲ ਜ਼ਿਆਦਾ ਬਣਾਉਣ ਲੱਗਦਾ ਹੈ। ਇਸ ਵਜ੍ਹਾ ਨਾਲ ਲੀਵਰ ਵਿਚ ਫੈਟ ਹੋਰ ਜ਼ਿਆਦਾ ਜਮ੍ਹਾਂ ਹੋਣ ਲੱਗਦਾ ਹੈ। ਕੋਲੈਸਟਰੋਲ ਕਾਰਨ ਫੈਟੀ ਲਿਵਰ ਦੀ ਸਮੱਸਿਆ ਵਧ ਜਾਂਦੀ ਹੈ।
ਫੈਟੀ ਲਿਵਰ ਦੀ ਸਮੱਸਿਆ ਆਉਣ ‘ਤੇ ਆਪਣੀ ਖੁਰਾਕ ‘ਚ ਇਹ ਚੀਜ਼ਾਂ ਸ਼ਾਮਲ ਕਰੋ।
ਮੱਛੀ ਤੇ ਮੱਛੀ ਦਾ ਤੇਲ
ਮੱਛੀ ਦੇ ਤੇਲ ‘ਚ ਪਾਇਆ ਜਾਣ ਵਾਲਾ ਐਨ -3 ਪੋਲੀਅਨਸੈਚੂਰੇਟਿਡ ਫੈਟੀ ਐਸਿਡ ਫੈਟੀ ਲਿਵਰ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਹ ਐਸਿਡ ਸੋਜ ਤੇ ਜਲਣ ਦੀ ਸਮੱਸਿਆ ਨੂੰ ਘਟ ਕਰਕੇ ਲਿਵਰ ਫੈਟ ਦੇ ਪੱਧਰ ਨੂੰ ਨਿਯਮਿਤ ਕਰਨ ‘ਚ ਮਦਦ ਕਰਦਾ ਹੈ।
ਕੌਫੀ
ਫੈਟੀ ਲਿਵਰ ਦੀ ਸਮੱਸਿਆ ‘ਚ ਅਸੀਂ ਕੌਫੀ ਪੀ ਸਕਦੇ ਹਾਂ। ਕੌਫੀ ਵਿਚ ਕਲੋਰੋਜੈਨਿਕ ਐਸਿਡ, ਪੌਲੀਫੇਨੋਲ, ਕੈਫੀਨ, ਕਾਰਬੋਹਾਈਡਰੇਟ, ਲਿਪਿਡ, ਨਾਈਟ੍ਰੋਜਨ ਮਿਸ਼ਰਣ, ਨਿਕੋਟਿਨਿਕ ਐਸਿਡ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਕੌਫੀ ‘ਚ ਮੌਜੂਦ ਕੈਫੀਨ ਅਸਧਾਰਨ ਲਿਵਰ ਪਾਚਕਾਂ ਦੀ ਗਿਣਤੀ ਨੂੰ ਘਟਾਉਣ ‘ਚ ਮਦਦ ਕਰਦਾ ਹੈ।
 ਬਰੌਕਲੀ
ਹਰੇ ਰੰਗ ਦੀ ਗੋਭੀ (ਬਰੌਕਲੀ) ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਰੀਰ ‘ਚ ਟ੍ਰਾਈਗਲਿਸਰਾਈਡਸ ਦੀ ਮਾਤਰਾ ਨੂੰ ਘਟਾਉਣ ਅਤੇ ਲਿਵਰ ‘ਚ ਬਣਨ ਵਾਲੀ ਵਾਧੂ ਚਰਬੀ ਨੂੰ ਘਟਾਉਣ ‘ਚ ਵੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਪਾਲਕ  ਅਤੇ ਹਰੀਆਂ ਸਬਜ਼ੀਆਂ ਨੂੰ ਵੀ ਖੁਰਾਕ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
ਅਖਰੋਟ
ਫੈਟੀ ਲਿਵਰ ਦੀ ਸਮੱਸਿਆ ਆਉਣ ‘ਤੇ ਖੁਰਾਕ ‘ਚ ਅਖਰੋਟ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਅਖਰੋਟ ‘ਚ ਓਮੇਗਾ-3 ਫੈਟੀ ਐਸਿਡ, ਓਮੇਗਾ-6 ਫੈਟੀ ਐਸਿਡ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ  ਜੋ ਕਿ ਫੈਟੀ ਲਿਵਰ ਵਾਲੇ ਲੋਕਾਂ ਲਈ ਫਾਇਦੇਮੰਦ ਹੁੰਦੇ ਹਨ। ਅਖਰੋਟ ਖਾਣ ਨਾਲ ਲਿਵਰ ਸਿਹਤਮੰਦ ਬਣਦਾ ਹੈ। ਇਸ ਤੋਂ ਇਲਾਵਾ ਦੁੱਧ ਤੇ ਡੇਅਰੀ ਉਤਪਾਦਾਂ (ਘੱਟ ਫੈਟ ਵਾਲੇ) ਵਿੱਚ ਵੇ-ਪ੍ਰੋਟੀਨ ਪਾਇਆ ਜਾਂਦਾ ਹੈ ਜੋ ਲਿਵਰ ਦੀ ਰੱਖਿਆ ਕਰਨ ‘ਚ ਮਦਦ ਕਰਦਾ ਹੈ।
ਫੈਟੀ ਲਿਵਰ ‘ਚ ਇਨ੍ਹਾਂ ਚੀਜ਼ਾਂ ਤੋਂ ਕਰੋ ਪ੍ਰਹੇਜ਼
ਅਲਕੋਹਲ, ਤਲੀਆਂ ਚੀਜ਼ਾਂ (ਫਾਸਟ ਫੂਡਜ਼)
ਫ਼ੈਟ ਲਿਵਰ ਦੀ ਬਿਮਾਰੀ ਤੇ ਲਿਵਰ ਨਾਲ ਜੁੜੀਆਂ ਹੋਰ ਬਿਮਾਰੀਆਂ ‘ਚ ਅਲਕੋਹਲ ਦਾ ਸੇਵਨ ਨਾ ਕਰੋ। ਇਸ ਤੋਂ ਇਲਾਵਾ ਫਾਸਟ ਫੂਡ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਫਾਸਟ ਫੂਡ ‘ਚ ਫੈਟ ਤੇ ਕੈਲੋਰੀ ਦੀ ਮਾਤਰਾ ਬਹੁਤ ਅਧਿਕ ਹੁੰਦੀ ਹੈ। ਇਸ ਲਈ ਫੈਟੀ ਲਿਵਰ ਵਾਲੇ ਲੋਕ ਫਾਸਟ ਫੂਡਜ਼ ਤੋਂ ਪਰਹੇਜ਼ ਕਰੋ।
ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ
ਫੈਟੀ ਲਿਵਰ ਵਾਲੇ ਲੋਕਾਂ ਨੂੰ ਕੈਂਡੀ, ਕੂਕੀਜ਼, ਸੋਡਾ ਅਤੇ ਜੂਸ ਵਰਗੇ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਦੇ ਉਤਪਾਦਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਬਲੱਡ ਸ਼ੂਗਰ ਦਾ ਪੱਧਰ ਵਧਣ ਨਾਲ ਲਿਵਰ ਵਿੱਚ ਚਰਬੀ (ਫੈਟ) ਦੀ ਮਾਤਰਾ ਵੱਧਦੀ ਹੈ।
ਨਮਕ, ਚਿੱਟੇ ਚੌਲ, ਪਾਸਤਾ
ਜ਼ਿਆਦਾ ਨਮਕ ਖਾਣਾ ਵੀ ਫੈਟੀ ਲਿਵਰ ਦੇ ਲੋਕਾਂ ਲਈ ਹਾਨੀਕਾਰਕ ਹੈ। ਜ਼ਿਆਦਾ ਨਮਕ ਖਾਣ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਦਾ ਲਿਵਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਚਿੱਟੇ ਚੌਲ  ਤੇ ਪਾਸਤਾ ਖਾਣ ਨਾਲ ਬਲੱਡ ਸ਼ੂਗਰ  ਦਾ ਪੱਧਰ ਵਧਦਾ ਹੈ ਤੇ ਇਸ ‘ਚ ਫਾਈਬਰ ਦੀ ਮਾਤਰਾ ਵੀ ਘੱਟ ਹੁੰਦੀ ਹੈ।
              ਜਿਗਰ ਸਰੀਰ ਦਾ ਇਕੋ ਇਕ ਅੰਗ ਹੈ ਜੋ ਮੁੜ ਪੈਦਾ ਕਰਨ ਦੇ ਯੋਗ ਹੈ, ਜਾਂ ਵਾਪਸ ਵਧ ਸਕਦਾ ਹੈ, ਇਸ ਲਈ ਜਿਗਰ ਦਾ ਇਕ ਟ੍ਰਾਂਸਪਲਾਂਟਡ ਹਿੱਸਾ ਕੁਝ ਮਹੀਨਿਆਂ ਵਿਚ ਆਮ ਸਾਈਜ਼ ਵਿਚ ਵਧ ਸਕਦਾ ਹੈ. ਅਕਸਰ, ਟ੍ਰਾਂਸਪਲਾਂਟਡ ਜੀਵਤ ਉਹਨਾਂ ਲੋਕਾਂ ਦੁਆਰਾ ਹੁੰਦੇ ਹਨ ਜੋ ਰਜਿਸਟਰਡ ਦਾਨੀ ਸਨ ਜੋ ਚਲਾਣਾ ਕਰ ਗਏ. ਕਿਉਂਕਿ ਜਿਗਰ ਵਿਚ ਇਸ ਤਰ੍ਹਾਂ ਦੀ ਮੁੜ ਪੈਦਾਵਾਰ ਯੋਗਤਾ ਹੁੰਦੀ ਹੈ।
              ਫਾਈਬਰ ਵਾਲੀਆਂ ਚੀਜਾਂ ਜਿਆਦਾ ਖਾਓ ਪਾਣੀ ਜਿਆਦਾ ਪੀਓ, ਚਿੰਤਾ ,ਤਣਾਓ ਤੇ ਕਲੇਸ਼ਾਂ ਤੋ ਦੂਰ ਰਹੋ ਖੁੱਦ ਖੁਸ਼ ਰਹੋ ਤੇ ਦੂਜਿਆਂ ਨੂੰ ਵੀ ਖੁਸ਼ ਰੱਖੋ।
              ਅੱਠਵੇਂ ਅੰਕ ਵਿਚ ਗੱਲ ਕਰਾਗੇ ਫੇਰ ਜਿਗਰ ਸੰਬੰਧੀ ਤਕਲੀਫਾਂ  ਹੈਪੇਟਾਈਟਸ ਬੀ ਅਤੇ ਸੀ (ਕਾਲਾ ਪੀਲੀਆ) ਦੀਆਂ ਦਿੱਕਤਾਂ ਬਾਰੇ
  ਵਾਹਿਗੁਰੂ ਤੁਹਾਨੂੰ ਸਾਰੇ ਰੋਗਾਂ ਤੋਂ ਬਚਾਵੇ,
   ਇਹੀ ਕਾਮਨਾ ਕਰਦੀ ਹੈ ਤੁਹਾਡੀ ਅਪਣੀ ਡਾਕਟਰ
ਡਾ. ਲਵਪ੍ਰੀਤ ਕੌਰ “ਜਵੰਦਾ”
 +447466823357   9814203357
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੇਰੀ ਮਾਂ
Next articleਸ਼ੁਭ ਸਵੇਰ ਦੋਸਤੋ